ਘੱਗਰ ਦਰਿਆ ਵਿੱਚ ਪਾਣੀ ਘੱਟਣ ਲੱਗਿਆ ਪਰ ਸਰਕਾਰ ਸੁਚੇਤ: ਬਰਿੰਦਰ ਕੁਮਾਰ ਗੋਇਲ

ਘੱਗਰ ਦਰਿਆ ਵਿੱਚ ਪਾਣੀ ਘੱਟਣ ਲੱਗਿਆ ਪਰ ਸਰਕਾਰ ਸੁਚੇਤ: ਬਰਿੰਦਰ ਕੁਮਾਰ ਗੋਇਲ


ਮੂਨਕ, 11 ਸਤੰਬਰ

ਘੱਗਰ ਦਰਿਆ ਵਿੱਚ ਪਾਣੀ ਦਾ ਪੱਧਰ ਘੱਟ ਰਿਹਾ ਪਰ ਹਾਲੇ ਵੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੈ। ਇਸ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਮਕਰੌੜ ਸਾਹਿਬ ਤੇ ਮੂਨਕ ਵਿਖੇ ਟੋਹਾਣਾ ਪੁਲ ਵਿਖੇ ਘੱਗਰ ਦਰਿਆ ਦਾ ਜਾਇਜ਼ਾ ਲੈਣ ਮੌਕੇ ਆਖੀ।

ਸ਼੍ਰੀ ਗੋਇਲ ਨੇ ਕਿਹਾ ਕਿ ਕਈ ਦਿਨਾਂ ਦੀ ਉਡੀਕ ਤੋਂ ਬਾਅਦ ਹੁਣ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ ਹੈ, ਜੋ ਕਿ ਸਾਰਿਆਂ ਲਈ ਰਾਹਤ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘੱਗਰ ਦਰਿਆ ਦੇ ਮਜ਼ਬੂਤ ਕੀਤੇ ਬੰਨ੍ਹਾਂ ਸਦਕਾ ਕਈ ਦਿਨ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਰਹਿਣ ਦੇ ਬਾਵਜੂਦ ਨੁਕਸਾਨ ਨਹੀਂ ਕਰ ਸਕਿਆ।

ਇਸ ਮੌਕੇ ਕੈਬਨਿਟ ਮੰਤਰੀ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ, ਜਿਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਦਰਿਆ ਦੀ ਮਾਰ ਤੋਂ ਬਚਾਉਣ ਲਈ ਅਤੇ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਕੀਤੀ ਬਚਾਅ ਕਾਰਜਾਂ ਤੇ ਰਾਹਤ ਕਾਰਜਾਂ ਦੀ ਤਿਆਰੀ ਦੀ ਸ਼ਲਾਘਾ ਕੀਤੀ।

ਸ਼੍ਰੀ ਗੋਇਲ ਨੇ ਕਿਹਾ ਕਿ ਸੰਭਾਵੀ ਤੌਰ ਉੱਤੇ ਪ੍ਰਭਾਵਿਤ ਹੋ ਸਕਣ ਵਾਲੇ ਪਿੰਡਾਂ ਦੇ ਲੋਕਾਂ ਲਈ ਰਾਸ਼ਨ ਅਤੇ ਮੈਡੀਕਲ ਸਹੂਲਤਾਂ ਦਾ ਢੁੱਕਵਾਂ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ-ਨਾਲ ਪਸ਼ੂਆਂ ਲਈ ਹਰੇ ਚਾਰੇ ਅਤੇ ਦਵਾਈਆਂ ਦਾ ਵੀ ਢੁਕਵਾਂ ਪ੍ਰਬੰਧ ਹੈ। ਲੋੜੀਂਦੀਆਂ ਕਿਸ਼ਤੀਆਂ ਅਤੇ ਗੋਤਾਖੋਰ ਵੀ ਤਿਆਰ ਬਰ ਤਿਆਰ ਹਨ। ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ 24 ਘੰਟੇ ਮੂਨਕ ਖੇਤਰ ਵਿੱਚ ਮੌਜੂਦ ਹਨ ਤੇ ਸਾਰੀਆਂ ਸਬੰਧਤ ਧਿਰਾਂ ਵੱਲੋਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਇਸ ਕੁਦਰਤੀ ਸੰਕਟ ਦੀ ਘੜੀ ਨੂੰ ਇੱਕ ਦੂਜੇ ਦੇ ਸਹਿਯੋਗ ਸਦਕਾ ਹੀ ਮਜ਼ਬੂਤੀ ਨਾਲ ਲੰਘਾਇਆ ਜਾ ਰਿਹਾ ਹੈ। ਇਸ ਲਈ ਹਰ ਇਨਸਾਨ ਨੂੰ ਇਸ ਔਖੀ ਘੜੀ ਵਿੱਚ ਇੱਕ ਦੂਜੇ ਦੀ ਬਾਂਹ ਫੜਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਹਾਲਾਤ ਦੇ ਟਾਰਕੇ ਹਿਤ ਪੂਰੇ ਪ੍ਰਬੰਧ ਕੀਤੇ ਗਏ ਹਨ ਅਤੇ ਕਿਸੇ ਵੀ ਹਾਲਾਤ ਵਿੱਚ ਲੋਕਾਂ ਨੂੰ ਹਰ ਸੰਭਵ ਸਹਾਇਤ ਮੁਹੱਈਆ ਕਰਵਾਉਣ ਅਤੇ ਕਿਸੇ ਵੀ ਕਿਸਮ ਦੀ ਦਿੱਕਤ ਨਾ ਆਉਣ ਦੇਣ ਲਈ ਕੰਮ ਜੰਗੀ ਪੱਧਰ ਉੱਤੇ ਜਾਰੀ ਹੈ।

ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਵੱਖੋ-ਵੱਖ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਹਾਜ਼ਰ ਸਨ।