8 ਕਰੋੜ ਦੀਆਂ ਪੁਲੀਆਂ ਬਣਨ ਨਾਲ ਚੰਗਰ ਇਲਾਕੇ ਦੀ 70 ਸਾਲ ਪੁਰਾਣੀ ਸਮੱਸਿਆ ਹੋਵੇਗੀ ਹੱਲ –ਹਰਜੋਤ ਬੈਂਸ

8 ਕਰੋੜ ਦੀਆਂ ਪੁਲੀਆਂ ਬਣਨ ਨਾਲ ਚੰਗਰ ਇਲਾਕੇ ਦੀ 70 ਸਾਲ ਪੁਰਾਣੀ ਸਮੱਸਿਆ ਹੋਵੇਗੀ ਹੱਲ –ਹਰਜੋਤ ਬੈਂਸ

ਚੰਡੀਗੜ੍ਹ / ਕੀਰਤਪੁਰ ਸਾਹਿਬ 18 ਸਤੰਬਰ ()
ਸ. ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਨੇ ਕਿਹਾ ਕਿ ਅੱਜ 18 ਸਤੰਬਰ ਨੂੰ ਤੜਕਸਾਰ, ਹਿਮਾਚਲ ਪ੍ਰਦੇਸ਼ ਵਿੱਚ ਹੋਈ ਭਾਰੀ ਬਰਸਾਤ ਨੇ ਇਸ ਇਲਾਕੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ।
     ਕੈਬਨਿਟ ਮੰਤਰੀ ਨੇ ਕਿਹਾ ਕਿ ਅੱਜ ਇਲਾਕੇ ਦੇ ਪਿੰਡਾਂ ਦਾ ਮੌਕਾ ਦੇਖਿਆ, ਜਿੱਥੇ ਸੜਕਾਂ ਦਾ ਨੈੱਟਵਰਕ ਪੂਰੀ ਤਰ੍ਹਾਂ ਟੁੱਟ ਗਿਆ ਹੈ। ਖੱਡਾਂ ਵਿੱਚ ਵੱਧ ਪਾਣੀ ਆਉਣ ਕਾਰਨ ਲੋਕ ਬਹੁਤ ਪ੍ਰਭਾਵਿਤ ਹੋਏ ਹਨ। ਬੱਚਿਆਂ ਦਾ ਸਕੂਲ ਜਾਣਾ ਮੁਸ਼ਕਿਲ ਹੋ ਗਿਆ ਹੈ ਅਤੇ ਮਰੀਜ਼ਾਂ ਨੂੰ ਇਲਾਜ ਲਈ ਵੀ ਮੁਸੀਬਤਾਂ ਆ ਰਹੀਆਂ ਹਨ।
       ਸ.ਬੈਂਸ ਨੇ ਕਿਹਾ ਕਿ ਬੀਤੀ ਕੱਲ੍ਹ ਹੀ ਦਬੂੜ ਵਿੱਚ 1.01 ਕਰੋੜ ਰੁਪਏ ਦੀ ਲਾਗਤ ਨਾਲ ਪੁਲ ਅਤੇ ਦਬੂੜ ਅੱਪਰ ਵਿੱਚ 70 ਲੱਖ ਰੁਪਏ ਦੀ ਲਾਗਤ ਨਾਲ ਪੁਲ ਬਣਾਉਣ ਦੀ ਮਨਜ਼ੂਰੀ ਪ੍ਰਾਪਤ ਹੋਈ ਹੈ, ਇਹਨਾਂ ਦੋਵੇਂ ਪੁਲਾਂ ਦਾ ਟੈਂਡਰ ਅਗਲੇ ਹਫ਼ਤੇ ਲੱਗ ਜਾਵੇਗਾ। ਇਹ ਪ੍ਰੋਜੈਕਟ ਚੰਗਰ ਇਲਾਕੇ ਦੇ ਇਨ੍ਹਾਂ ਪਿੰਡਾਂ ਦੀ ਆਵਾਜਾਈ ਦੀ 70 ਸਾਲ ਪੁਰਾਣੀ ਸਮੱਸਿਆ ਨੂੰ ਜੜ੍ਹ ਤੋਂ ਖਤਮ ਕਰ ਦੇਣਗੇ।
      ਸ. ਬੈਂਸ ਨੇ ਹੋਰ ਦੱਸਿਆ ਕਿ 8 ਕਰੋੜ ਰੁਪਏ ਦੀ ਲਾਗਤ ਨਾਲ ਪੁਲੀਆਂ ਪਾਉਣ ਦੀ ਵੀ ਮਨਜ਼ੂਰੀ ਹੋ ਚੁੱਕੀ ਹੈ ਅਤੇ ਇਸ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਇਲਾਕੇ ਵਿੱਚ ਅਕਸਰ ਭਾਰੀ ਬਰਸਾਤ ਦੌਰਾਨ ਖੱਡਾਂ ਵਿੱਚ ਪਾਣੀ ਆ ਜਾਂਦਾ ਹੈ। ਅੱਜ ਤੜਕਸਾਰ ਹੋਈ ਭਾਰੀ ਬਰਸਾਤ ਕਾਰਨ ਮਾਂਗੇਵਾਲ, ਦਬੂੜ, ਲੋਹੱਡ ਖੱਡ ਵਿੱਚ ਪਾਣੀ ਦੇ ਵਧੇਰੇ ਵਹਾਅ ਕਰਕੇ ਫਸਲਾਂ ਅਤੇ ਪਸ਼ੂਧਨ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।
     ਸ. ਬੈਂਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ ਆਸਪੁਰ, ਆਲੋਵਾਲ ਅਤੇ ਹੋਰ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ ਜਿੱਥੇ ਰਾਹਤ ਕੰਮ ਸ਼ੁਰੂ ਕਰਵਾਏ ਗਏ ਹਨ। ਉਨ੍ਹਾਂ ਨੇ ਕਿਹਾ ਕਿ ਦਬੂੜ ਅਤੇ ਹੋਰ ਪ੍ਰਭਾਵਿਤ ਇਲਾਕਿਆਂ ਦੇ ਨੁਕਸਾਨ ਦਾ ਜਾਇਜ਼ਾ ਲੈ ਕੇ ਸਪੈਸ਼ਲ ਗਿਰਦਾਵਰੀ ਕਰਵਾਈ ਜਾਵੇਗੀ ਅਤੇ ਜਲਦੀ ਮੁਆਵਜ਼ਾ ਦਿੱਤਾ ਜਾਵੇਗਾ।
      ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਹਿਲਾਂ ਹੀ ਇਹ ਵਾਅਦਾ ਕਰ ਚੁੱਕੀ ਹੈ ਕਿ ਨੁਕਸਾਨੀਆਂ ਫਸਲਾਂ ਦਾ ਮੁਆਵਜ਼ਾ ਪ੍ਰਤੀ ਏਕੜ 20 ਹਜ਼ਾਰ ਰੁਪਏ ਦਿੱਤਾ ਜਾਵੇਗਾ, ਜਦੋਂ ਕਿ ਕੇਂਦਰ ਵੱਲੋਂ ਅਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਨਹੀਂ ਮਿਲੀ ਹੈ।
      ਸ. ਬੈਂਸ ਨੇ ਕਿਹਾ ਕਿ ਮਕਾਨਾਂ ਅਤੇ ਪਸ਼ੂ ਧੰਨ ਦੇ ਨੁਕਸਾਨ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਦੇ ਮੁਆਵਜ਼ੇ ਤੋਂ ਇਲਾਵਾ ਫੌਰੀ ਤੌਰ ‘ਤੇ ਮੱਦਦ ਲਈ ਸਥਾਨਕ ਦੋਸਤਾਂ, ਮਿੱਤਰਾਂ, ਟੀਮ ਮੈਂਬਰਾਂ, ਵਲੰਟੀਅਰ, ਗਰੁੱਪਾਂ ਅਤੇ ਹੋਰ ਇਲਾਕੇ ਦੇ ਲੋਕਾਂ ਦਾ ਸਹਿਯੋਗ ਲਿਆ ਜਾ ਰਿਹਾ ਹੈ ਤਾਂ ਜੋ ਜ਼ਰੂਰਤਮੰਦ ਲੋਕਾਂ ਨੂੰ ਤੁਰੰਤ ਮੱਦਦ ਪਹੁੰਚਾਈ ਜਾ ਸਕੇ।
ਇਸ ਮੌਕੇ ਤਰਲੋਚਨ ਸਿੰਘ ਲੋਚੀ ਬਲਾਕ ਪ੍ਰਧਾਨ, ਪ੍ਰਧਾਨ ਟਰੱਕ ਯੂਨੀਅਨ,  ਡਾਕਟਰ ਜਰਨੈਲ ਸਿੰਘ ਆਪ ਆਗੂ ,ਵਰਿੰਦਰ ਸਿੰਘ ਯੂਥ ਆਪ ਆਗੂ ,ਬਿੰਦੂ ਮਝੇੜ, ਵੀਰ ਚੰਦ, ਗੁਰਿੰਦਰ ਸਿੰਘ, ਰਜਿੰਦਰ ਸਿੰਘ, ਜੁਝਾਰ ਸਿੰਘ ਦਬੂੜ, ਜਰਨੈਲ ਸਿੰਘ ਦਬੂੜ ਤੇ ਪਤਵੰਤੇ ਵੱਡੀ ਗਿਣਤੀ ਵਿਚ ਹਾਜ਼ਰ ਸਨ ਜ਼ਿਨ੍ਹਾਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਕਿ ਉਹ ਕੁਦਰਤੀ ਆਫਤ ਮੌਕੇ ਹਰ ਸਮੇਂ ਸਾਡੇ ਨਾਲੇ ਖੜੇ ਹਨ ਤੇ ਇਲਾਕੇ ਦੇ ਲੋਕਾਂ ਦੇ ਦੁੱਖ ਦਰਦ ਨੂੰ ਸਮਝਦੇ ਹਨ।