ਜ਼ਿਲ੍ਹੇ ‘ਚ ਸ਼ੁਰੂ ਹੋਇਆ ਫ਼ਸਲਾਂ ਦਾ ਡਿਜੀਟਲ ਸਰਵੇਖਣ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 5 ਅਗਸਤ: ਪੰਜਾਬ ਸਰਕਾਰ ਦੇ ਮਾਲ ਅਤੇ ਮੁੜ ਵਸੇਬਾ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ 1 ਅਗਸਤ ਤੋਂ ਫ਼ਸਲਾਂ ਦੇ ਡਿਜੀਟਲ ਸਰਵੇਖਣ ਦੀ ਸ਼ੁਰੂਆਤ ਕਰ ਚੁੱਕਾ ਹੈ ਜੋ ਕਿ ਅਗਲੇ 45 ਦਿਨਾਂ ਦੇ ਵਿੱਚ ਮੁਕੰਮਲ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਵੇਖਣ ਲਈ 834 ਦੇ ਕਰੀਬ ਪ੍ਰਾਈਵੇਟ ਸਰਵੇਅਰ ਰੱਖੇ ਜਾ ਰਹੇ ਹਨ ਜੋ ਰੋਜਾਨਾ ਘੱਟੋ ਘੱਟ 70 ਪਲਾਟਾਂ ਦਾ ਫ਼ਸਲੀ ਸਰਵੇਖਣ ਕਰਨਗੇ। ਉਨ੍ਹਾਂ ਦੱਸਿਆ ਕਿ ਫ਼ਸਲਾਂ ਦੇ ਡਿਜੀਟਲ ਸਰਵੇਖਣ ਦਾ ਮਨੋਰਥ ਮੋਬਾਈਲ ਰਾਹੀਂ ਖੇਤਾਂ ਵਿੱਚ ਬੀਜੀਆਂ ਫ਼ਸਲਾਂ ਦੀ ਮੁਕੰਮਲ ਜਾਣਕਾਰੀ ਇਕੱਤਰ ਕਰਨਾ ਹੈ, ਤਾਂ ਜੋ ਕਿਸਾਨਾਂ ਦੀ ਸਹੁਲਤ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਅਤੇ ਸਕੀਮਾਂ ਦਾ ਲਾਭ ਸੁਚੱਜੇ ਢੰਗ ਨਾਲ ਜ਼ਮੀਨੀ ਪੱਧਰ ਤੱਕ ਪੁੱਜਦਾ ਕੀਤਾ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਰੱਖੇ ਜਾਣ ਵਾਲੇ ਪ੍ਰਾਈਵੇਟ ਸਰਵੇਅਰਾਂ ਸਬੰਧੀ ਇਨ੍ਹਾਂ ਸਰਵੇਅਰਾਂ ਨੂੰ ਨਿਰਧਾਰਿਤ ਮਾਣਭੱਤਾ ਮੁਹੱਈਆ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਬਾਰਵੀਂ ਪਾਸ ਕੋਈ ਵੀ ਇਛੁੱਕ ਵਿਅਕਤੀ ਜਿਸ ਕੋਲ ਐਂਡਰਾਇਡ ਫੋਨ ਅਤੇ ਉਸਦਾ ਬੈਂਕ ਖਾਤਾ ਹੋਵੇ ਉਹ ਆਪਣੇ ਖੇਤਰ ਦੇ ਸਬੰਧਤ ਤਹਿਸੀਲਦਾਰ, ਨਾਇਬ ਤਹਿਸੀਲਦਾਰ ਨਾਲ ਸੰਪਰਕ ਕਰਕੇ ਪ੍ਰਾਈਵੇਟ ਸਰਵੇਅਰ ਵਜੋਂ ਕੰਮ ਕਰ ਸਕਦਾ ਹੈ। ਜ਼ਿਲ੍ਹੇ ਵਿੱਚ ਸਰਵੇਖਣ ਅਧੀਨ ਰਕਬੇ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਕੁੱਲ 10.58 ਲੱਖ ਖੇਤੀਬਾੜੀ ਪਲਾਟਾਂ/ਖਸਰਿਆਂ ਦਾ ਸਰਵੇਖਣ ਕੀਤਾ ਜਾਵੇਗਾ ਜਿਨ੍ਹਾਂ ਵਿੱਚੋਂ 5.52 ਲੱਖ ਪਲਾਟਾਂ ਨੂੰ ਸਿਸਟਮ ’ਤੇ ਅਪਲੋਡ ਕੀਤਾ ਜਾ ਚੁੱਕਾ ਹੈ ਅਤੇ ਰਹਿੰਦੇ ਖਸਰੇ ਵੀ ਆਉਂਦੇ ਦਿਨਾਂ ਵਿੱਚ ਐਪ ’ਤੇ ਅਪਲੋਡ ਹੋ ਜਾਣਗੇ।
ਇਸੇ ਦੌਰਾਨ ਜ਼ਿਲ੍ਹਾ ਮਾਲ ਅਫਸਰ ਅਮਨਦੀਪ ਚਾਵਲਾ ਨੇ ਦੱਸਿਆ ਕਿ ਹਰੇਕ ਪਿੰਡ ਲਈ ਇੱਕ ਸਰਵੇਅਰ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਜਿਲ੍ਹੋ ਵਿੱਚ ਹੁਣ ਤੱਕ ਰੱਖੇ ਗਏ ਪ੍ਰਾਈਵੇਟ ਸਰਵੇਅਰਾਂ ਦੀ ਟਰੇਨਿੰਗ ਹੋ ਚੁਕੀ ਹੈ ਅਤੇ ਅਗਲੇ ਦਿਨਾਂ ਵਿੱਚ ਰੱਖੇ ਜਾਣ ਵਾਲੇ ਸਰਵੇਅਰਾਂ ਨੂੰ ਸਬਡਵੀਜਨ ਪੱਧਰ ’ਤੇ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਬਿਨੈਕਾਰਾਂ ਨੂੰ ਉਚਿਤ ਮਾਣਭੱਤਾ ਮਿਲੇਗਾ ਅਤੇ ਸੀਮਤ ਗਿਣਤੀ ਹੋਣ ਕਾਰਨ ਪਹਿਲਾਂ ਆਉਣ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ ।