ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ

ਮਾਲੇਰਕੋਟਲਾ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ ਵਿੱਚ ਦਿਖਾਇਆ ਕਮਾਲ

ਮਾਲੇਰਕੋਟਲਾ 07 ਦਸੰਬਰ :

                    ਗਿਆਰਵਾਂ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟੀਵਲ (IISF–2025), ਜੋ ਕਿ 6 ਦਸੰਬਰ ਤੋਂ 9 ਦਸੰਬਰ ਤੱਕ ਮਨਿਸਟਰੀ ਆਫ਼ ਟੈਕਨਾਲੋਜੀ ਅਤੇ ਮਨਿਸਟਰੀ ਆਫ਼ ਅਰਥ ਸਾਇੰਸਜ਼ (ਭਾਰਤ ਸਰਕਾਰ) ਵੱਲੋਂ ਵਿਜ਼ਨਾਨਾ ਭਾਰਤੀ ਦੇ ਸਹਿਯੋਗ ਨਾਲ ਪੰਚਕੂਲਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ, ਵਿੱਚ ਮਾਲੇਰਕੋਟਲਾ ਜ਼ਿਲ੍ਹੇ ਵੱਲੋਂ ਮਹੱਤਵਪੂਰਣ ਭਾਗੀਦਾਰੀ ਦਰਜ ਕੀਤੀ ਗਈ।

                    ਪੀ.ਐੱਮ. ਸ਼੍ਰੀ ਸਰਕਾਰੀ ਸੀਨੀਅਰ ਸੈਕਡੰਰੀ ਸਕੂਲ ਭੋਗੀਵਾਲ (ਮਾਲੇਰਕੋਟਲਾ) ਦੇ ਲੈਕਚਰਾਰ ਫਿਜ਼ਿਕਸ (ਸਟੇਟ ਅਤੇ ਨੈਸ਼ਨਲ ਐਵਾਰਡੀ)ਪ੍ਰੇਮ ਸਿੰਘ ਨੇ ਰਿਸੋਰਸ ਪਰਸਨ ਵਜੋਂ ਆਪਣੀ ਭੂਮਿਕਾ ਨਿਭਾਈ। ਇਸੇ ਸਕੂਲ ਦੇ ਬਾਰਹਵੀਂ ਜਮਾਤ ਦੇ ਸਾਇੰਸ ਵਿਦਿਆਰਥੀ ਪਰਮਿੰਦਰ ਸਿੰਘ ਨੇ ਸਟੂਡੈਂਟ ਸਾਇੰਸ ਐਂਡ ਟੈਕਨੋਲੋਜੀ ਵਿਲੇਜ ਦੇ ਪ੍ਰਤਿਨਿੱਧੀ ਵਜੋਂ ਫੈਸਟੀਵਲ ਵਿੱਚ ਭਾਗ ਲਿਆ।

               ਚਾਰ ਦਿਨ ਚੱਲਣ ਵਾਲੇ ਇਸ ਵਿਸ਼ਾਲ ਸਾਇੰਸ ਫੈਸਟ ਦਾ ਉਦਘਾਟਨ ਕੇਂਦਰੀ ਰਾਜ ਮੰਤਰੀ ਡਾ. ਜਿਤਿੰਦਰ ਸਿੰਘ ਨੇ ਕੀਤਾ। ਇਸ ਮੌਕੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਹਾਲ ਹੀ ਪਰਤੇ ਆਸਟ੍ਰੋਨਾਟ ਸੁਭਾਂਸ਼ੂ ਸੁਕਲਾ ਨੇ ਵੀ ਵਿਸ਼ੇਸ਼ ਤੌਰ ‘ਤੇ ਭਾਗ ਲਿਆ, ਜਿਸ ਨਾਲ ਵਿਦਿਆਰਥੀਆਂ ਵਿੱਚ ਅਪਾਰ ਉਤਸ਼ਾਹ ਦੇਖਣ ਨੂੰ ਮਿਲਿਆ।

                 ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਵਿਗਿਆਨੀਆਂ ਦੇ ਦਰਮਿਆਨ ਪ੍ਰੇਮ ਸਿੰਘ ਮਾਣਕ ਮਾਜਰਾ ਦਾ ਰਿਸੋਰਸ ਪਰਸਨ ਵਜੋਂ ਚੁਣਿਆ ਜਾਣਾ ਮਾਲੇਰਕੋਟਲਾ ਜ਼ਿਲ੍ਹੇ ਅਤੇ ਸਿੱਖਿਆ ਵਿਭਾਗ ਲਈ ਮਾਣਸੂਚਕ ਪਲ ਹੈ। ਭਾਰਤ ਦੇ ਹਰ ਰਾਜ ਤੋਂ ਪਹੁੰਚੇ ਹਜ਼ਾਰਾਂ ਵਿਦਿਆਰਥੀਆਂ ਲਈ ਉਨ੍ਹਾਂ ਨੇ ਭੌਤਿਕ ਵਿਗਿਆਨ ਦੇ ਮੁੱਢਲੇ ਰਹੱਸ ਅਤੇ “ਵਿਗਿਆਨੀ ਕਿਵੇਂ ਬਣੀਏ” ਵਿਸ਼ੇ ਉੱਤੇ ਜਾਣਕਾਰੀ ਨਾਲ ਭਰਪੂਰ ਸੈਸ਼ਨ ਕਰਵਾਏ।

             ਉਨ੍ਹਾਂ ਦੀ ਇਸ ਪ੍ਰਾਪਤੀ ‘ਤੇ ਐਡੀਸ਼ਨਲ ਡਾਇਰੈਕਟਰ (ਸਿੱਖਿਆ) ਸ਼ਰੂਤੀ ਸ਼ੁਕਲਾ, ਜ਼ਿਲ੍ਹਾ ਸਿੱਖਿਆ ਅਧਿਕਾਰੀ ਤਰਵਿੰਦਰ ਕੌਰ, ਪ੍ਰਿੰਸੀਪਲ ਆਰਤੀ ਗੁਪਤਾ ਅਤੇ ਸਹਾਇਕ ਜ਼ਿਲ੍ਹਾ ਲੋਕ ਸੰਪਰਕ ਅਫਸਰ ਦੀਪਕ ਕਪੂਰ ਨੇ ਮੁਬਾਰਕਬਾਦ ਦਿੰਦੇ ਹੋਏ ਉਨ੍ਹਾਂ ਦੀ ਹੌਸਲਾਅਫ਼ਜ਼ਾਈ ਕੀਤੀ ਅਤੇ ਕਿਹਾ ਕਿ ਉਹ ਅੱਗੇ ਵੀ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕਰਦੇ ਰਹਿਣਗੇ।

              ਵਰਨਣਯੋਗ ਹੈ ਕਿ ਸ. ਪ੍ਰੇਮ ਸਿੰਘ ਮਾਣਕ ਮਾਜਰਾ ਪਹਿਲਾਂ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਰਿਸੋਰਸ ਪਰਸਨ ਵਜੋਂ ਮਹੱਤਵਪੂਰਣ ਸੇਵਾਵਾਂ ਦੇ ਚੁੱਕੇ ਹਨ। ਵਿਦਿਆਰਥੀਆਂ ਦੀ ਖੋਜ-ਪ੍ਰਵਿਰਤੀ ਵਧਾਉਣ ਲਈ ਉਨ੍ਹਾਂ ਨੇ ਆਪਣੇ ਘਰ ਵਿੱਚ ਹੀ "ਕਲਪਨਾ ਚਾਵਲਾ ਅਨਵੇਸ਼ਕਾ ਪ੍ਰਯੋਗਸ਼ਾਲਾ" ਬਣਾਈ ਹੈ, ਜਿਸ ਵਿੱਚ ਸਾਇੰਸ ਦੇ ਸੈਂਕੜਿਆਂ ਪ੍ਰਯੋਗ ਅਤੇ ਐਕਟਿਵਿਟੀਆਂ ਉਪਲਬਧ ਹਨ। ਮਾਡਲ ਤਿਆਰ ਕਰਨ ਵਿੱਚ ਉਨ੍ਹਾਂ ਨੂੰ ਹੈੱਡ ਟੀਚਰ ਸ੍ਰੀਮਤੀ ਮਨਜੀਤ ਕੌਰ ਵੱਲੋਂ ਅਹਿਮ ਸਹਿਯੋਗ ਪ੍ਰਾਪਤ ਹੈ।

             ਪੀ.ਐੱਮ. ਸ਼੍ਰੀ ਸ.ਸ.ਸ.ਸ. ਭੋਗੀਵਾਲ ਦੇ ਵਿਦਿਆਰਥੀ ਅਤੇ ਅਧਿਆਪਕ ਦੀ ਇਸ ਮਾਣਯੋਗ ਪ੍ਰਾਪਤੀ ਦੀ ਹਰ ਪੱਖੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ।