ਕੀ ਚੰਨੀ ਦੇ ਸਮਰਥਨ 'ਚ ਉਤਰੇ ਰੰਧਾਵਾ ? ਸੋਸ਼ਲ ਮੀਡੀਆ 'ਤੇ ਚੰਨੀ ਨਾਲ ਸਾਂਝੀ ਕੀਤੀ ਤਸਵੀਰ
ਪੰਜਾਬ ਕਾਂਗਰਸ ਵਿੱਚ ਅੰਦਰੂਨੀ ਖਿੱਚਤਾਣ ਹੋਰ ਵੀ ਗਹਿਰੀ ਹੋ ਗਈ ਹੈ। ਗੁਰਦਾਸਪੁਰ ਤੋਂ ਕਾਂਗਰਸ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ,ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਸਮਰਥਨ ਵਿੱਚ ਖੁੱਲ੍ਹ ਕੇ ਸਾਹਮਣੇ ਆ ਗਏ ਹਨ। ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਚੰਨੀ ਅਤੇ ਹੋਰ ਆਗੂਆਂ ਨਾਲ ਇੱਕ ਤਸਵੀਰ ਸਾਂਝੀ ਕੀਤੀ, ਜਿਸ 'ਤੇ "ਏਕਤਾ ਵਿੱਚ ਸ਼ਕਤੀ" ਲਿਖਿਆ ਹੋਇਆ ਹੈ। ਇਸ ਤਸਵੀਰ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਜ਼ਰ ਨਹੀਂ ਆ ਰਹੇ।.png)
ਦੂਜੇ ਪਾਸੇ ਪਟਿਆਲਾ ਤੋਂ ਕਾਂਗਰਸ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਬਿਨਾਂ ਕਿਸੇ ਦਾ ਨਾਮ ਲਏ ਰਾਜਾ ਵੜਿੰਗ ਅਤੇ ਚੰਨੀ ਨੂੰ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਲੋਕਤੰਤਰ, ਸੰਵਿਧਾਨ, ਪੰਜਾਬ ਅਤੇ ਦੇਸ਼ ਦੇ ਹਿੱਤ ਵਿੱਚ ਪੰਜਾਬ ਕਾਂਗਰਸ ਦੇ ਆਗੂਆਂ ਅਤੇ ਵਰਕਰਾਂ ਤੋਂ ਤਿਆਗ ਅਤੇ ਕੁਰਬਾਨੀ ਦੀ ਉਮੀਦ ਹੈ।
ਡਾ. ਗਾਂਧੀ ਦੇ ਬਿਆਨ ਨੂੰ ਰਾਜਾ ਵੜਿੰਗ ਅਤੇ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ, ਕਿਉਂਕਿ ਉਹ ਪਾਰਟੀ ਵਿੱਚ ਜਲਦੀ ਤਬਦੀਲੀ ਦੀ ਮੰਗ ਕਰਨ ਵਾਲਿਆਂ ਵਿੱਚ ਸ਼ਾਮਲ ਰਹੇ ਹਨ। ਹਾਲਾਂਕਿ ਕਾਂਗਰਸ ਹਾਈਕਮਾਨ ਨੇ ਰਾਜਾ ਵੜਿੰਗ ਨੂੰ ਪ੍ਰਧਾਨ ਦੇ ਅਹੁਦੇ ਤੋਂ ਨਹੀਂ ਹਟਾਇਆ। ਇਸ ਫੈਸਲੇ ਨਾਲ ਚੰਨੀ ਸੰਤੁਸ਼ਟ ਨਹੀਂ ਹਨ ਅਤੇ ਉਹ ਰਾਜਾ ਵੜਿੰਗ ਨੂੰ ਪ੍ਰਧਾਨੀ ਤੋਂ ਹਟਾਉਣ ਦੀ ਮੰਗ 'ਤੇ ਅਜੇ ਵੀ ਕਾਇਮ ਹਨ। ਇਸ ਸਬੰਧੀ ਬੀਤੇ ਦਿਨੀਂ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਘਰ 'ਚ ਕਰੀਬ 50 ਕਾਂਗਰਸੀ ਆਗੂਆਂ ਨਾਲ ਮੀਟਿੰਗ ਵੀ ਕੀਤੀ ਸੀ।.png)
ਉੱਥੇ ਹੀ, ਚੰਨੀ ਦਾ ਜਵਾਬ ਦੇਣ ਲਈ ਰਾਜਾ ਵੜਿੰਗ ਵੀ ਘਰ-ਘਰ ਜਾ ਕੇ ਸਥਾਨਕ ਆਗੂਆਂ ਨਾਲ ਮੁਲਾਕਾਤਾਂ ਕਰ ਰਹੇ ਹਨ ਅਤੇ ਆਪਣੇ ਹੱਕ ਵਿੱਚ ਸਮਰਥਨ ਇਕੱਠਾ ਕਰ ਰਹੇ ਹਨ। ਐਤਵਾਰ ਨੂੰ ਨਵਜੋਤ ਸਿੰਘ ਸਿੱਧੂ ਧੜੇ ਨਾਲ ਜੁੜੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਵੀ ਕਾਂਗਰਸ ਹਾਈਕਮਾਨ ਨੂੰ ਇੱਕ ਖੁੱਲ੍ਹਾ ਪੱਤਰ ਲਿਖ ਕੇ ਪੰਜਾਬ ਲਈ ਮਜ਼ਬੂਤ ਪ੍ਰਧਾਨ ਨਿਯੁਕਤ ਕਰਨ ਦੀ ਸਲਾਹ ਦਿੱਤੀ।
ਇਸੇ ਦਰਮਿਆਨ, ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਪਾਰਟੀ ਦੇ ਪੰਜਾਬ ਪ੍ਰਭਾਰੀ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਅੱਜ ਦੁਪਹਿਰ ਕਰੀਬ 3 ਵਜੇ ਚੰਡੀਗੜ੍ਹ ਪਹੁੰਚਣਗੇ। ਉਮੀਦ ਹੈ ਕਿ ਉਹ ਚੰਡੀਗੜ੍ਹ ਵਿੱਚ ਰਾਜਾ ਵੜਿੰਗ, ਚੰਨੀ ਅਤੇ ਹੋਰ ਸੀਨੀਅਰ ਆਗੂਆਂ ਨਾਲ ਮੀਟਿੰਗ ਕਰਕੇ ਹਾਲਾਤ ਦਾ ਜਾਇਜ਼ਾ ਲੈਣਗੇ।
ਪੰਜਾਬ ਕਾਂਗਰਸ ਵਿੱਚ ਇੱਕ ਵਾਰ ਫਿਰ 2021 ਵਰਗੇ ਹਾਲਾਤ ਬਣਦੇ ਨਜ਼ਰ ਆ ਰਹੇ ਹਨ। ਉਸ ਸਮੇਂ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਤਣਾਅ ਸੀ, ਜਦਕਿ ਹੁਣ 2026 ਵਿੱਚ ਇਹ ਟਕਰਾਅ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਕਾਰ ਦੇਖਣ ਨੂੰ ਮਿਲ ਰਿਹਾ ਹੈ।
ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਦਿੱਲੀ ਬੈਠੇ ਕਾਂਗਰਸ ਹਾਈਕਮਾਨ ਦਾ ਇਸ ਸੰਕਟ ਨੂੰ ਸੰਭਾਲਣ ਦਾ ਢੰਗ ਵੀ ਪਹਿਲਾਂ ਵਾਂਗ "ਸਾਇਲੈਂਟ ਮੋਡ" ਵਿੱਚ ਹੀ ਨਜ਼ਰ ਆ ਰਿਹਾ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ ਹਾਈਕਮਾਨ ਨੂੰ ਪੰਜਾਬ ਦੇ ਸਿਆਸੀ ਹਾਲਾਤਾਂ ਅਤੇ ਭਾਵਨਾਵਾਂ ਦੀ ਪੂਰੀ ਸਮਝ ਨਹੀਂ ਹੈ, ਜਿਸ ਕਾਰਨ ਉਹ ਇਸ ਗੰਭੀਰ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸੰਭਾਲਣ ਵਿੱਚ ਅਸਫਲ ਦਿਖਾਈ ਦੇ ਰਹੇ ਹਨ।
ਇੱਕ ਪਾਸੇ ਚੰਨੀ ਨੇ ਆਪਣੇ ਮੋਰਿੰਡਾ ਸਥਿਤ ਘਰ ਵਿੱਚ ਨਾਰਾਜ਼ ਸਾਬਕਾ ਵਿਧਾਇਕਾਂ ਅਤੇ ਆਗੂਆਂ ਨੂੰ ਇਕੱਠਾ ਕਰਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ, ਜਦਕਿ ਦੂਜੇ ਪਾਸੇ ਰਾਜਾ ਵੜਿੰਗ ਹਰ ਹਲਕੇ ਵਿੱਚ ਜਾ ਕੇ ਸਥਾਨਕ ਆਗੂਆਂ ਤੋਂ ਆਪਣੇ ਹੱਕ ਵਿੱਚ ਖੁੱਲ੍ਹਾ ਸਮਰਥਨ ਲੈ ਰਹੇ ਹਨ। ਇਸ ਗੁੱਟਬਾਜ਼ੀ ਵਿੱਚ ਹੁਣ ਨਵਜੋਤ ਸਿੰਘ ਸਿੱਧੂ ਧੜੇ ਦੀ ਐਂਟਰੀ ਨਾਲ ਮਾਮਲਾ ਹੋਰ ਵੀ ਤਿਕੋਣਾ ਬਣ ਗਿਆ ਹੈ। ਇੰਨੀ ਖੁੱਲ੍ਹੀ ਅੰਦਰੂਨੀ ਖਿੱਚਤਾਣ ਦੇ ਬਾਵਜੂਦ ਵੀ ਕਾਂਗਰਸ ਹਾਈਕਮਾਨ ਵੱਲੋਂ ਹਾਲਾਤ ਨੂੰ ਕਾਬੂ ਕਰਨ ਲਈ ਅਜੇ ਤੱਕ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ।

