ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮਨਾਇਆ ਗਿਆ

ਆਂਗਣਵਾੜੀ ਕੇਂਦਰਾਂ ਵਿਖੇ ਬੱਚਿਆਂ ਦੀ ਮੁੱਢਲੀ ਸਿੱਖਿਆ ਅਤੇ ਦੇਖਭਾਲ ਦਿਵਸ ਮਨਾਇਆ ਗਿਆ

ਮਾਲੇਰਕੋਟਲਾ, 13 ਦਸੰਬਰ - 
ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੱਚਿਆਂ ਵਿੱਚ ਸ਼ੁਰੂਆਤੀ ਸਿੱਖਿਆ ਅਤੇ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਾਜ ਭਰ ਦੇ ਸਾਰੇ ਆਂਗਣਵਾੜੀ ਕੇਂਦਰਾਂ ਵਿੱਚ ਹਰ ਮਹੀਨੇ ਦੇ ਦੂਜੇ ਸ਼ੁਕਰਵਾਰ ਨੂੰ ਅਰਲੀ ਚਾਈਲਡ ਕੇਅਰ ਐਂਡ ਐਜੂਕੇਸ਼ਨ (ECCE) ਦਿਵਸ ਮਨਾਇਆ ਜਾਂਦਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਮਲੇਰਕੋਟਲਾ ਦੇ ਸਮੂਹ 545 ਆਂਗਣਵਾੜੀ ਕੇਂਦਰਾਂ ਵਿੱਚ ਮੁੱਢਲੀ ਬਾਲ ਸਿੱਖਿਆ ਅਤੇ ਦੇਖਭਾਲ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਸ ਮਹੀਨੇ ਦੇ ECCE ਦਿਵਸ ਦਾ ਮੁੱਖ ਉਦੇਸ਼ ਮਾਪਿਆਂ ਨੂੰ ਬੱਚਿਆਂ ਦੇ ਬੌਧਿਕ ਵਿਕਾਸ ਅਤੇ ਸਿੱਖਣ-ਸਮਰੱਥਾ ਵਧਾਉਣ ਵਾਲੀਆਂ ਗਤੀਵਿਧੀਆਂ ਬਾਰੇ ਜਾਗਰੂਕ ਕਰਨਾ ਸੀ, ਤਾਂ ਜੋ ਬੱਚਿਆਂ ਦੀ ਯਾਦਸ਼ਕਤੀ, ਸਮਝ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਵਿੱਚ ਵਾਧਾ ਹੋ ਸਕੇ।
ਇਸ ਪ੍ਰੋਗਰਾਮ ਦੌਰਾਨ ਬੱਚਿਆਂ ਦੇ ਮਾਪਿਆਂ ਨੂੰ ਬੱਚਿਆ ਦੀ ਮੁੱਢਲੀ ਸਿੱਖਿਆ ਅਤੇ ਸੁਰੱਖਿਆ ਲਈ ਇਸ ਦਿਵਸ ਦਾ ਉਦੇਸ਼ ਦੱਸਿਆ ਗਿਆ। ਇਸ ਉਪਰੰਤ ਮਾਪਿਆਂ ਦੁਆਰਾ ਆਪਣੇ ਬੱਚਿਆਂ ਦੀਆਂ ਆਦਤਾਂ, ਖਾਣ- ਪੀਣ ਅਤੇ ਸਾਫ ਸਫਾਈ ਸਬੰਧੀ ਸੰਖੇਪ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਦੌਰਾਨ ਮਾਪਿਆਂ ਨੂੰ 0 ਤੋਂ 6 ਸਾਲ ਦੇ ਬੱਚਿਆਂ ਦੀ ਉਮਰ ਅਨੁਸਾਰ ਦੇਖਭਾਲ, ਖੇਡ-ਆਧਾਰਿਤ ਸਿੱਖਿਆ ਅਤੇ ਸੰਪੂਰਨ ਵਿਕਾਸ ਬਾਰੇ ਜਾਗਰੂਕ ਕੀਤਾ ਗਿਆ। ਆਂਗਨਵਾੜੀ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਾਫ਼-ਸੁਥਰਾ ਰਹਿਣ, ਹੱਥ ਧੋਣ ਦੀ ਮਹੱਤਤਾ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਆਂਗਨਵਾੜੀ ਵਰਕਰਾਂ ਵੱਲੋਂ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ । 
ਇਸ ਮੌਕੇ ਸੂਪਰਵਾਈਜ਼ਰ ਅਮਨਦੀਪ ਕੌਰ, ਆਂਗਣਵਾੜੀ ਵਰਕਰ ਅਨੂ ਰਾਧਾ, ਮਹਿਨਾਜ਼, ਮਨਦੀਪ ਕੌਰ, ਹਰਪ੍ਰੀਤ ਕੌਰ, ਲਖਵਿੰਦਰ ਕੌਰ, ਨੀਲਮ ਰਾਣੀ, ਸਿਮਰਨ, ਸੁਨੀਤਾ, ਮਨਜੀਤ ਕੌਰ, ਜਸਵੀਰ ਕੌਰ, ਸ਼ਿੰਦਰਪਾਲ ਕੌਰ ਅਤੇ ਹੋਰ ਆਂਗਣਵਾੜੀ ਸਟਾਫ ਵੱਲੋਂ ਪ੍ਰੋਗਰਾਮ ਦਾ ਸੁਚੱਜਾ ਸੰਚਾਲਨ ਕੀਤਾ ਗਿਆ।