ਕੈਬਨਿਟ ਮੰਤਰੀ ਸਲਾਲਜੀਤ ਸਿੰਘ ਭੁੱਲਰ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚੇ
ਪੱਟੀ, (ਤਰਨ ਤਾਰਨ), 11 ਸਤੰਬਰ :
ਕੈਬਨਿਟ ਮੰਤਰੀ ਪੰਜਾਬ ਸ. ਲਾਲਜੀਤ ਸਿੰਘ ਭੁੱਲਰ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪਹੁੰਚੇ ਅਤੇ ਦਰਿਆਈ ਪਾਣੀ ਦੀ ਮਾਰ ਹੇਠ ਆਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੋੜੀਂਦੀ ਰਾਹਤ ਸਮੱਗਰੀ, ਜ਼ਰੂਰੀ ਵਸਤੂਆਂ ਅਤੇ ਪਸ਼ੂਆਂ ਲਈ ਚਾਰਾ, ਫੀਡ ਅਤੇ ਚੋਕਰ ਆਦਿ ਦੀ ਵੰਡ ਕੀਤੀ।
ਇਸ ਦੌਰਾਨ ਕੈਬਨਿਟ ਮੰਤਰੀ ਪਿੰਡ ਭਾਊਵਾਲ ਵਿਖੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਖੋਲ੍ਹੇ ਗਏ ਆਰਜ਼ੀ ਰਾਹਤ ਕੈਂਪ ਵਿੱਚ ਪਹੁੰਚੇ। ਇਸ ਮੌਕੇ ਸੰਗਰੂਰ ਤੋਂ ਆਏ ਵੈਟਨਰੀ ਡਾਕਟਰ ਕੈਮਿਸਟ ਐਸੋਸੀਏਸ਼ਨ ਦੇ ਨੁਮਾਇੰਦੇ, ਜੋ ਕਿ ਰਾਹਤ ਕੈਂਪ ਵਿੱਚ ਪਸ਼ੂਆਂ ਲਈ ਦਵਾਈਆਂ ਆਦਿ ਲੈਕੇ ਪੁੱਜੇ ਸਨ, ਉਹਨਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਸ੍ਰ. ਲਾਲਜੀਤ ਸਿੰਘ ਭੁੱਲਰ ਨੇ ਲੁਧਿਆਣਾ ਅਤੇ ਯੂ. ਪੀ. ਤੋਂ ਆਏ ਮੁਸਲਿਮ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਜੋ ਕਿ ਹਲਕੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਲਈ ਤਰਪਾਲਾਂ, ਰਾਸ਼ਨ ਅਤੇ ਖਾਣ-ਪੀਣ ਦੀਆਂ ਵਸਤੂਆਂ ਆਦਿ ਲੈਕੇ ਰਾਹਤ ਕੈਂਪ ਵਿੱਚ ਪਹੁੰਚੇ ਸਨ।
ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਸ. ਲਾਲਜੀਤ ਸਿੰਘ ਭੁੱਲਰ ਵੱਲੋਂ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਭਾਓਵਾਲ ਵਿਖੇ ਹੜ੍ਹ ਪੀੜ੍ਹਤ ਲੋਕਾਂ ਦੀ ਸਹਾਇਤਾ ਲਈ ਆਰਜ਼ੀ ਰਾਹਤ ਕੈਂਪ ਖੋਲ੍ਹਿਆ ਗਿਆ ਹੈ, ਜਿੱਥੇ ਲੋਕਾਂ ਵੱਲੋਂ ਸੇਵਾ ਦੇ ਰੂਪ ਵਿੱਚ ਆਈ ਰਾਹਤ ਸਮੱਗਰੀ ਨੂੰ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋੜਵੰਦਾਂ ਲੋਕਾਂ ਵਿੱਚ ਵੰਡਿਆ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ. ਭੁੱਲਰ ਨੇ ਦੱਸਿਆ ਕਿ ਧੁੱਸੀ ਬੰਨ ਨੂੰ ਮਜ਼ਬੂਤ ਕਰਨ ਲਈ ਬੰਨ੍ਹ ‘ਤੇ ਮਿੱਟੀ ਪਾਉਣ ਦੀ ਸੇਵਾ ਕਰਨ ਵਾਲੇ ਸੇਵਾਦਾਰਾਂ ਨੂੰ ਰਾਹਤ ਕੈਂਪ ਵਿੱਚੋਂ ਟਰੈਕਟਰ ਵਿੱਚ ਡੀਜ਼ਲ ਵੀ ਪਾਇਆ ਜਾ ਰਿਹਾ ਹੈ।ਰਾਹਤ ਕੈਂਪ ਵਿੱਚ ਲੋੜਵੰਦਾਂ ਲਈ ਦਵਾਈਆਂ ਦਾ ਪ੍ਰਬੰਧ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਰਾਹਤ ਕੈਂਪ ਹੜ੍ਹ ਪ੍ਰਭਾਵਿਤ ਲੋਕਾਂ, ਇਲਾਕਾ ਵਾਸੀਆਂ ਅਤੇ ਕਿਸਾਨਾਂ ਦੀ ਸਹੂਲਤ ਲਈ 24 ਘੰਟੇ ਚੱਲ ਰਿਹਾ ਹੈ।