ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਗਰਮੀ ਨਾਲ ਵਧਦੇ ਸਿਹਤ ਸੰਕਟ ਦੇ ਵਿਚਕਾਰ ਪੰਜਾਬੀ ਪਰਿਵਾਰਾਂ ਨੂੰ ਦਿੱਤੀ ਰਾਹਤ, 3,279 ਮਰੀਜ਼ਾਂ ਨੂੰ ਗੈਸਟਰੋ ਅਤੇ ਡਿਹਾਈਡ੍ਰੇਸ਼ਨ ਨਾਲ ਸੰਬੰਧਿਤ ਬੀਮਾਰੀਆਂ ਦਾ ਕੈਸ਼ਲੈੱਸ ਇਲਾਜ ਮਿਲਿਆ
ਚੰਡੀਗੜ੍ਹ; 14 ਮਈ 2026:ਪੰਜਾਬ ਭਿਆਨਕ ਗਰਮੀ ਅਤੇ ਗੈਸਟ੍ਰੋਐਂਟਰਾਈਟਿਸ ਤੇ ਡਿਹਾਈਡ੍ਰੇਸ਼ਨ ਦੇ ਵਧਦੇ ਮਾਮਲਿਆਂ ਦੀ ਮਾਰ ਝੱਲ ਰਿਹਾ ਹੈ। ਇਸ ਸਥਿਤੀ ਵਿੱਚ ਭਗਵੰਤ ਮਾਨ ਸਰਕਾਰ ਦੀ ‘ਮੁੱਖ ਮੰਤਰੀ ਸਿਹਤ ਯੋਜਨਾ’ ਹਜ਼ਾਰਾਂ ਪਰਿਵਾਰਾਂ ਲਈ ਮਜ਼ਬੂਤ ਸਹਾਰਾ ਬਣ ਕੇ ਉੱਭਰੀ ਹੈ।
ਤਿੱਖੀ ਗਰਮੀ ਦਾ ਅਸਰ ਹੁਣ ਸਿਰਫ਼ ਖੇਤਾਂ ਅਤੇ ਸੜਕਾਂ ਤੱਕ ਸੀਮਿਤ ਨਹੀਂ ਰਹਿ ਗਿਆ, ਬਲਕਿ ਹਸਪਤਾਲਾਂ ਦੇ ਵਾਰਡਾਂ ਤੱਕ ਪਹੁੰਚ ਗਿਆ ਹੈ, ਜਿੱਥੇ ਡਿਹਾਈਡ੍ਰੇਸ਼ਨ ਅਤੇ ਪੇਟ ਸੰਕਰਮਣ ਕਾਰਨ ਵੱਡੀ ਗਿਣਤੀ ਵਿੱਚ ਮਰੀਜ਼ ਇਲਾਜ ਲਈ ਆ ਰਹੇ ਹਨ। ਹਾਲਾਂਕਿ, ਵਧ ਰਹੀ ਬੀਮਾਰੀ ਦੇ ਵਿਚਕਾਰ ਕਈ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਰਾਹੀਂ ਕੈਸ਼ਲੈੱਸ ਇਲਾਜ ਨਾਲ ਰਾਹਤ ਮਿਲ ਰਹੀ ਹੈ।
ਜਨਵਰੀ ਤੋਂ ਅਪ੍ਰੈਲ ਤੱਕ ਮੁੱਖ ਮੰਤਰੀ ਸਿਹਤ ਯੋਜਨਾ ਦੇ ਤਹਿਤ 3,279 ਗੰਭੀਰ ਮਾਮਲਿਆਂ ਵਿੱਚ ਕੈਸ਼ਲੈੱਸ ਇਲਾਜ ਪ੍ਰਦਾਨ ਕੀਤਾ ਗਿਆ, ਜਿਸ ਵਿੱਚ ਸਿਰਫ਼ ਗੈਸਟਰੋ ਅਤੇ ਪੇਟ ਸੰਬੰਧੀ ਬੀਮਾਰੀਆਂ ‘ਤੇ ₹73.42 ਲੱਖ ਖ਼ਰਚ ਕੀਤੇ ਗਏ।
ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਪੇਟ ਸੰਕਰਮਣ, ਉਲਟੀ, ਕਮਜ਼ੋਰੀ ਅਤੇ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਯੋਜਨਾ ਦੇ ਇਲਾਜ ਰਿਕਾਰਡ ਅਨੁਸਾਰ ਅਪ੍ਰੈਲ ਮਹੀਨੇ ਵਿੱਚ ਹੀ 1,400 ਤੋਂ ਵੱਧ ਮਰੀਜ਼ਾਂ ਨੇ ਡਿਹਾਈਡ੍ਰੇਸ਼ਨ ਨਾਲ ਸੰਬੰਧਿਤ ਗੈਸਟਰੋਇੰਟੈਸਟਾਈਨਲ ਸਮੱਸਿਆਵਾਂ ਦਾ ਇਲਾਜ ਕਰਵਾਇਆ।
ਇਨ੍ਹਾਂ ਮਾਮਲਿਆਂ ਵਿੱਚ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਗੈਸਟ੍ਰੋਐਂਟਰਾਈਟਿਸ ਵਾਲੇ ਮਰੀਜ਼ ਸਭ ਤੋਂ ਵੱਧ ਰਹੇ, ਜਿੰਨ੍ਹਾਂ ਦੀ ਗਿਣਤੀ 1,050 ਤੋਂ ਵੱਧ ਰਹੀ। ਲਗਭਗ 115 ਮਰੀਜ਼ ਗੰਭੀਰ ਡਿਹਾਈਡ੍ਰੇਸ਼ਨ ਨਾਲ ਪੀੜਤ ਸਨ, ਜਦਕਿ 250 ਤੋਂ ਵੱਧ ਮਰੀਜ਼ਾਂ ਨੂੰ ਵਾਰ-ਵਾਰ ਉਲਟੀ ਕਾਰਨ ਸਰੀਰ ਵਿੱਚ ਦ੍ਰਵ ਦੀ ਕਮੀ ਅਤੇ ਬਹੁਤ ਜ਼ਿਆਦਾ ਥਕਾਵਟ ਦੇ ਕਾਰਨ ਹਸਪਤਾਲ ਵਿੱਚ ਦਾਖ਼ਲ ਕਰਨਾ ਪਿਆ।
ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ, ਫ਼ਰੀਦਕੋਟ ਦੇ ਬਾਲ ਰੋਗ ਵਿਭਾਗ ਦੇ ਪ੍ਰੋਫ਼ੈਸਰ ਅਤੇ ਮੁਖੀ ਡਾ. ਸ਼ਸ਼ੀ ਕਾਂਤ ਧੀਰ ਅਨੁਸਾਰ ਅਤਿ ਗਰਮੀ ਪੇਟ ਸੰਕਰਮਣ ਦੇ ਮਾਮਲਿਆਂ ਵਿੱਚ ਵਾਧਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ “ਤਿੱਖੀ ਗਰਮੀ ਵਿੱਚ ਭੋਜਨ ਜਲਦੀ ਖ਼ਰਾਬ ਹੋ ਜਾਂਦਾ ਹੈ ਅਤੇ ਦੂਸ਼ਿਤ ਪਾਣੀ ਤੇ ਅਸਵੱਛ ਖੁਰਾਕ ਬੀਮਾਰੀਆਂ ਦੇ ਖ਼ਤਰੇ ਨੂੰ ਵਧਾਉਂਦੇ ਹਨ।” ਉਨ੍ਹਾਂ ਨੇ ਅੱਗੇ ਕਿਹਾ,"ਮਰੀਜ਼ ਅਕਸਰ ਦਸਤ, ਪੇਟ ਦਰਦ, ਉਲਟੀ, ਚੱਕਰ ਅਤੇ ਬੁਖਾਰ ਵਰਗੀਆਂ ਸ਼ਿਕਾਇਤਾਂ ਨਾਲ ਹਸਪਤਾਲ ਪਹੁੰਚਦੇ ਹਨ। ਗੰਭੀਰ ਹਾਲਤ ਵਿੱਚ ਦੇਰੀ ਨਾਲ ਇਲਾਜ ਮਿਲਣ ‘ਤੇ ਬਲੱਡ ਪ੍ਰੈਸ਼ਰ ਘਟਣਾ, ਕਿਡਨੀ ਸੰਬੰਧੀ ਜਟਿਲਤਾਵਾਂ ਅਤੇ ਇਲੈਕਟ੍ਰੋਲਾਈਟ ਅਸੰਤੁਲਨ ਨਾਲ ਮਾਨਸਿਕ ਭਰਮ ਵਰਗੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ।"
ਬਜ਼ੁਰਗਾਂ ਵਿੱਚ ਇਸ ਮੌਸਮ ਵਿੱਚ ਰਿਕਵਰੀ ਹੌਲੀ ਹੁੰਦੀ ਹੈ ਅਤੇ ਸਰੀਰ ਵਿੱਚ ਪਾਣੀ ਨੂੰ ਰੋਕ ਕੇ ਰੱਖਣ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ। ਡਾ. ਸ਼ਸ਼ੀ ਕਾਂਤ ਧੀਰ ਨੇ ਚੇਤਾਵਨੀ ਦਿੰਦਿਆਂ ਕਿਹਾ,"ਬੱਚੇ ਵੀ ਤੇਜ਼ੀ ਨਾਲ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਜਾਂਦੇ ਹਨ। ਬੱਚਿਆਂ ਵਿੱਚ ਉਲਟੀ ਅਤੇ ਦਸਤ ਕਾਰਨ ਸਰੀਰ ਵਿੱਚ ਤਰਲ ਪਦਾਰਥ ਤੇਜ਼ੀ ਨਾਲ ਘਟ ਜਾਂਦਾ ਹੈ।"
ਅੰਕੜਿਆਂ ਅਨੁਸਾਰ ਇਸ ਗਰਮੀ ਦੇ ਸਿਹਤ ਸੰਕਟ ਦਾ ਸਭ ਤੋਂ ਵੱਧ ਪ੍ਰਭਾਵ ਸੀਨੀਅਰ ਨਾਗਰਿਕਾਂ ‘ਤੇ ਪਿਆ ਹੈ। ਅਪ੍ਰੈਲ ਵਿੱਚ 1,290 ਤੋਂ ਵੱਧ ਬਜ਼ੁਰਗਾਂ ਨੇ ਇਸ ਯੋਜਨਾ ਤਹਿਤ ਇਲਾਜ ਕਰਵਾਇਆ, ਜਦਕਿ ਲਗਭਗ 120 ਬੱਚਿਆਂ ਨੇ ਇਲਾਜ ਪ੍ਰਾਪਤ ਕੀਤਾ।
ਹੁਸ਼ਿਆਰਪੁਰ ਜ਼ਿਲ੍ਹਾ ਸਭ ਤੋਂ ਵੱਧ ਪ੍ਰਭਾਵਿਤ ਰਿਹਾ, ਜਿੱਥੇ ਸਿਰਫ਼ ਮੋਡਰੇਟ ਡਿਹਾਈਡ੍ਰੇਸ਼ਨ ਦੇ ਨਾਲ ਤੀਬਰ ਗੈਸਟ੍ਰੋਐਂਟਰਾਈਟਿਸ ਵਾਲੇ 250 ਤੋਂ ਵੱਧ ਬਜ਼ੁਰਗ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜਲੰਧਰ ਵਿੱਚ ਵੀ 100 ਤੋਂ ਵੱਧ ਮਾਮਲੇ ਦਰਜ ਹੋਏ। ਪਟਿਆਲਾ, ਲੁਧਿਆਣਾ, ਰੂਪਨਗਰ, ਬਰਨਾਲਾ, ਸੰਗਰੂਰ, ਬਠਿੰਡਾ ਅਤੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਵੀ ਇਸੇ ਤਰ੍ਹਾਂ ਦੇ ਰੁਝਾਨ ਵੇਖੇ ਗਏ।
ਉੱਥੇ ਹੀ ਸ਼੍ਰੀ ਮੁਕਤਸਰ ਸਾਹਿਬ, ਪਠਾਨਕੋਟ, ਫਤਿਹਗੜ੍ਹ ਸਾਹਿਬ ਅਤੇ ਗੁਰਦਾਸਪੁਰ ਜ਼ਿਲ੍ਹਿਆਂ ਵਿੱਚ ਉਲਟੀ ਅਤੇ ਡਿਹਾਈਡ੍ਰੇਸ਼ਨ ਦੇ ਕਈ ਮਾਮਲੇ ਸਾਹਮਣੇ ਆਏ, ਜਿੰਨ੍ਹਾਂ ਵਿੱਚ ਕਈ ਮਰੀਜ਼ਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਨਾ ਪਿਆ।
ਹਾਲਾਂਕਿ, ਅਣਗਿਣਤ ਪਰਿਵਾਰਾਂ ਲਈ ਸਭ ਤੋਂ ਵੱਡੀ ਰਾਹਤ ਸਿਰਫ਼ ਇਲਾਜ ਨਹੀਂ ਸਗੋਂ ਆਰਥਿਕ ਬੋਝ ਤੋਂ ਮੁਕਤੀ ਵੀ ਰਹੀ ਹੈ। ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਯੋਗ ਨਾਗਰਿਕਾਂ ਨੂੰ ਬਿਨਾਂ ਕਿਸੇ ਖ਼ਰਚ ਦੇ ਜਾਂਚ, ਦਵਾਈਆਂ, ਆਈਵੀ ਫਲੂਇਡ, ਹਾਈਡ੍ਰੇਸ਼ਨ ਥੈਰੇਪੀ ਅਤੇ ਹਸਪਤਾਲ ਇਲਾਜ ਉਪਲੱਬਧ ਕਰਵਾਇਆ ਜਾ ਰਿਹਾ ਹੈ।
ਅਧਿਕਾਰੀਆਂ ਅਨੁਸਾਰ, ਸਿਹਤ ਕਾਰਡ ਨੇ ਲੋਕਾਂ ਨੂੰ ਵੱਧ ਖ਼ਰਚ ਦੇ ਡਰ ਕਾਰਨ ਇਲਾਜ ਵਿੱਚ ਦੇਰੀ ਕਰਨ ਦੀ ਬਜਾਏ ਸਮੇਂ ਸਿਰ ਡਾਕਟਰੀ ਸਹਾਇਤਾ ਲੈਣ ਲਈ ਪ੍ਰੇਰਿਤ ਕੀਤਾ ਹੈ। ਇਹ ਖ਼ਾਸ ਤੌਰ ‘ਤੇ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਲਈ ਬਹੁਤ ਮਹੱਤਵਪੂਰਨ ਸਾਬਤ ਹੋਇਆ ਹੈ, ਜਿੰਨ੍ਹਾਂ ਵਿੱਚੋਂ ਕਈ ਪਰਿਵਾਰ ਪਹਿਲਾਂ ਹਾਲਤ ਗੰਭੀਰ ਹੋਣ ਤੱਕ ਹਸਪਤਾਲ ਜਾਣ ਵਿੱਚ ਦੇਰੀ ਕਰਦੇ ਸਨ।
ਡਾ. ਸ਼ਸ਼ੀ ਕਾਂਤ ਧੀਰ ਨੇ ਸਲਾਹ ਦਿੱਤੀ,"ਬੱਚਿਆਂ ਦੇ ਮਾਪਿਆਂ ਨੂੰ ਗਰਮੀ ਵਿੱਚ ਵਧੇਰੇ ਸਾਵਧਾਨੀ ਵਰਤਣੀ ਚਾਹੀਦੀ ਹੈ, ਜਿਵੇਂ ਕਿ ਬੱਚਿਆਂ ਨੂੰ ਪੂਰਾ ਪਾਣੀ ਦੇਣਾ, ਹਲਕੇ ਸੂਤੀ ਕੱਪੜੇ ਪਵਾਉਣਾ, ਦੁਪਹਿਰ ਦੀ ਤੇਜ਼ ਧੁੱਪ ਤੋਂ ਬਚਾਉਣਾ ਅਤੇ ਘਰ ਦਾ ਤਾਜ਼ਾ ਭੋਜਨ ਦੇਣਾ।" ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਜੇਕਰ ਬੱਚਿਆਂ ਵਿੱਚ ਬੁਖਾਰ, ਉਲਟੀ, ਸੁਸਤੀ ਜਾਂ ਡਿਹਾਈਡ੍ਰੇਸ਼ਨ ਦੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਜਾਵੇ।
ਇਸ ਸਮੇਂ ਜਦੋਂ ਰਾਜ ਵਿੱਚ ਮੌਸਮੀ ਬੀਮਾਰੀਆਂ ਦਾ ਪ੍ਰਕੋਪ ਵਧ ਰਿਹਾ ਹੈ, ‘ਮੁੱਖ ਮੰਤਰੀ ਸਿਹਤ ਯੋਜਨਾ’ ਹੁਣ ਸਿਰਫ਼ ਇੱਕ ਕਲਿਆਣਕਾਰੀ ਯੋਜਨਾ ਨਹੀਂ ਰਹੀ। ਸਗੋਂ ਭਿਆਨਕ ਗਰਮੀ ਨਾਲ ਜੂਝ ਰਹੇ ਕਈ ਪੰਜਾਬੀ ਪਰਿਵਾਰਾਂ ਲਈ ਸਮੇਂ ਸਿਰ ਇਲਾਜ ਅਤੇ ਸਿਹਤ ਸੇਵਾ ਦੀ ਇੱਕ ਮਹੱਤਵਪੂਰਨ ਗਾਰੰਟੀ ਬਣ ਗਈ ਹੈ, ਜਿਸ ਨਾਲ ਇਲਾਜ ਦੌਰਾਨ ਆਰਥਿਕ ਬੋਝ ਦਾ ਡਰ ਨਹੀਂ ਰਹਿੰਦਾ।

