ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ

ਚੰਡੀਗੜ੍ਹ/ਅੰਮ੍ਰਿਤਸਰ, 8 ਮਈ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਪੰਜਾਬ ਪੁਲਿਸ ਦੇ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਵਿਦੇਸ਼-ਅਧਾਰਤ ਤਸਕਰ ਜੱਸਾ ਦੁਆਰਾ ਚਲਾਏ ਜਾ ਰਹੇ ਅੰਤਰਰਾਸ਼ਟਰੀ ਨਾਰਕੋ-ਤਸਕਰੀ ਮਾਡਿਊਲ ਦੇ ਭਾਰਤ-ਅਧਾਰਤ ਦੋ ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਕੇ ਇਸ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੇ ਕਬਜ਼ੇ ‘ਚੋਂ 10 ਕਿਲੋ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਮਜੀਠਾ ਰੋਡ ਸਥਿਤ ਇੰਦਰਾ ਕਲੋਨੀ ਦੇ ਰਹਿਣ ਵਾਲੇ ਗੁਰਪਿੰਦਰ ਸਿੰਘ ਅਤੇ ਅੰਮ੍ਰਿਤਸਰ ਦੇ ਚੱਕ ਮਿਸ਼ਰੀ ਖਾਨ ਦੇ ਰਹਿਣ ਵਾਲੇ ਸਾਜਨ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦਾ ਕਾਲਾ ਹੀਰੋ ਸਪਲੈਂਡਰ ਮੋਟਰਸਾਈਕਲ (ਪੀਬੀ-02-ਈਐਮ-2025), ਜਿਸਦੀ ਵਰਤੋਂ ਉਹ ਨਸ਼ਿਆਂ ਦੀ ਤਸਕਰੀ ਲਈ ਕਰ ਰਹੇ ਸਨ, ਵੀ ਜ਼ਬਤ ਕਰ ਲਿਆ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਵਿਦੇਸ਼-ਅਧਾਰਤ ਮੁਲਜ਼ਮ ਜੱਸਾ ਨਸ਼ਿਆਂ ਅਤੇ ਹਥਿਆਰਾਂ ਦਾ ਤਸਕਰ ਹੈ, ਜੋ ਪੁਲਿਸ ਨੂੰ ਥਾਣਾ ਐਸਐਸਓਸੀ ਅੰਮ੍ਰਿਤਸਰ ਵਿਖੇ ਦਰਜ ਐਨਡੀਪੀਐਸ ਐਕਟ ਅਤੇ ਅਸਲਾ ਐਕਟ ਤਹਿਤ ਕਈ ਕੇਸਾਂ ਵਿੱਚ ਲੋੜੀਂਦਾ ਹੈ।

ਜ਼ਿਕਰਯੋਗ ਹੈ ਕਿ ਸੀਆਈ ਅੰਮ੍ਰਿਤਸਰ ਵੱਲੋਂ ਪਿਛਲੇ ਦਸ ਦਿਨਾਂ ਵਿੱਚ ਬੇਨਕਾਬ ਕੀਤਾ ਗਿਆ ਹੈ ਤੀਜਾ ਮਡਿਊਲ ਹੈ, ਜਿਸਨੂੰ ਵਿਦੇਸ਼ ਅਧਾਰਤ ਤਸਕਰ ਜੱਸਾ ਦੁਆਰਾ ਚਲਾਇਆ ਜਾ ਰਿਹਾ ਸੀ। ਇਸ ਤੋਂ ਪਹਿਲਾਂ ਉਕਤ ਤਸਕਰ ਜੱਸਾ ਦੇ ਕਾਰਕੁਨ ਅਭਿਸ਼ੇਕ ਨੂੰ ਸੱਤ ਪਿਸਤੌਲਾਂ ਅਤੇ 1.5 ਲੱਖ ਰੁਪਏ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਤੋਂ ਕੁਝ ਦਿਨਾਂ ਬਾਅਦ ਪੁਲਿਸ ਟੀਮਾਂ ਨੇ ਜੱਸਾ ਦੇ ਫਰਾਰ ਸਾਥੀ ਜੋਧਬੀਰ ਸਿੰਘ ਉਰਫ ਜੋਧਾ ਦੇ ਟਿਕਾਣੇ ਤੋਂ 5 ਕਿਲੋ ਹੈਰੋਇਨ ਬਰਾਮਦ ਕੀਤੀ ਸੀ।

ਡੀਜੀਪੀ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪੁਲਿਸ ਨੂੰ ਪੁਖ਼ਤਾ ਜਾਣਕਾਰੀ ਮਿਲੀ ਸੀ ਕਿ ਮੁਲਜ਼ਮ ਗੁਰਪਿੰਦਰ ਅਤੇ ਸਾਜਨ ਅੰਮ੍ਰਿਤਸਰ ਦੇ ਐਸਕਾਰਟ ਹਸਪਤਾਲ ਨੇੜੇ ਬਾਈਪਾਸ ਵਾਲੇ ਇਲਾਕੇ ਵਿੱਚ ਕਿਸੇ ਹੋਰ ਧਿਰ ਨੂੰ ਹੈਰੋਇਨ ਦੀ ਵੱਡੀ ਖੇਪ ਪਹੁੰਚਾਉਣ ਜਾ ਰਹੇ ਹਨ, ਜਿਸ ‘ਤੇ ਕਾਰਵਾਈ ਕਰਦਿਆਂ  ਸੀਆਈ ਅੰਮ੍ਰਿਤਸਰ ਦੀਆਂ ਪੁਲਿਸ ਟੀਮਾਂ ਨੇ ਪ੍ਰਾਪਤ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਲਾਕੇ ਵਿੱਚ ਆਪ੍ਰਰੇਸ਼ਨ ਚਲਾਇਆ ਅਤੇ ਦੋਵਾਂ ਮੁਲਜ਼ਮਾਂ ਨੂੰ ਉਸ ਵੇਲੇ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਖੇਪ ਦੀ ਡਲਿਵਰੀ ਕਰਨ ਜਾ ਰਹੇ ਸਨ। ਉਨ੍ਹਾਂ ਅੱਗੇ ਕਿਹਾ ਕਿ ਉਕਤ ਮੁਲਜ਼ਮਾਂ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਉਨ੍ਹਾਂ ਤੋਂ 10 ਕਿਲੋ ਹੈਰੋਇਨ ਅਤੇ 1 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ।

ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਆਪਣੇ ਵਿਦੇਸ਼-ਅਧਾਰਤ ਸੰਚਾਲਕ ਜੱਸਾ ਦੇ ਨਿਰਦੇਸ਼ਾਂ 'ਤੇ ਨਸ਼ਿਆਂ ਦੀ ਖੇਪ ਪਹੁੰਚਾਉਣ ਜਾ ਰਹੇ ਸਨ।

ਉਨ੍ਹਾਂ ਕਿਹਾ ਕਿ ਇਸ ਕੇਸ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।

ਇਸ ਸਬੰਧੀ ਥਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ), ਅੰਮ੍ਰਿਤਸਰ ਵਿਖੇ ਐਨਡੀਪੀਐਸ ਕਾਨੂੰਨ ਦੀਆਂ ਧਾਰਾਵਾਂ 21, 25, 27-ਏ  ਅਤੇ 29  ਤਹਿਤ ਐਫਆਈਆਰ ਨੰਬਰ 30 ਮਿਤੀ 08.05.2025 ਦਰਜ ਕੀਤੀ ਗਈ ਹੈ।

Tags: