ਡਾ. ਬੀ.ਆਰ. ਅੰਬੇਡਕਰ ਦੇ ਬੁੱਤ ਦੀ ਬੇਅਦਬੀ ਵਿਰੁੱਧ ਰੋਸ: ਲੁਧਿਆਣਾ 'ਚ 5.5 ਘੰਟੇ ਦਿੱਲੀ-ਅੰਮ੍ਰਿਤਸਰ ਹਾਈਵੇਅ ਜਾਮ, ਭਲਕੇ ਜਲੰਧਰ ਬੰਦ ਦਾ ਐਲਾਨ
ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਦੇ ਰੋਸ ਵਜੋਂ ਦਲਿਤ ਭਾਈਚਾਰੇ ਨੇ ਬੁੱਧਵਾਰ ਨੂੰ ਜ਼ੋਰਦਾਰ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਦੇ ਜਲੰਧਰ ਬਾਈਪਾਸ ਚੌਕ ਨੇੜੇ ਦਿੱਲੀ-ਅੰਮ੍ਰਿਤਸਰ ਨੈਸ਼ਨਲ ਹਾਈਵੇਅ ਨੂੰ ਕਰੀਬ ਸਾਢੇ 5 ਘੰਟੇ ਮੁਕੰਮਲ ਤੌਰ 'ਤੇ ਜਾਮ ਰੱਖਿਆ। ਇਸ ਕਾਰਨ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਹਰਿਆਣਾ ਵੱਲ ਜਾਣ ਵਾਲੇ ਮੁਸਾਫ਼ਰਾਂ ਨੂੰ ਭਾਰੀ ਮੁਸ਼ਕਲਾਂ ਝੱਲਣੀਆਂ ਪਈਆਂ।
ਸਕੂਲੀ ਬੱਸਾਂ ਜਾਮ 'ਚ ਫਸੀਆਂ, ਆਵਾਜਾਈ ਠੱਪ
ਸਵੇਰੇ 10 ਵਜੇ ਸ਼ੁਰੂ ਹੋਏ ਇਸ ਧਰਨੇ ਕਾਰਨ ਹਾਈਵੇਅ 'ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਦੁਪਹਿਰ ਵੇਲੇ ਸਕੂਲਾਂ ਦੀ ਛੁੱਟੀ ਹੋਣ 'ਤੇ ਸਕੂਲੀ ਬੱਸਾਂ ਵੀ ਘੰਟਿਆਂ ਬੱਧੀ ਜਾਮ ਵਿੱਚ ਫਸੀਆਂ ਰਹੀਆਂ। ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ ਸ਼ਹਿਰ ਦੇ ਬਾਜ਼ਾਰ ਬੰਦ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਾਮ ਨੂੰ ਦੇਖਦਿਆਂ ਕਈ ਥਾਵਾਂ ਤੋਂ ਟਰੈਫਿਕ ਡਾਇਵਰਟ ਕੀਤਾ।
ਦੁੱਧ ਨਾਲ ਕੀਤਾ ਇਸ਼ਨਾਨ, ਭਰੋਸੇ ਮਗਰੋਂ ਖੁੱਲ੍ਹਿਆ ਹਾਈਵੇਅ
ਮੰਗਲਵਾਰ ਸ਼ਾਮ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਡਾ. ਅੰਬੇਡਕਰ ਦੇ ਬੁੱਤ 'ਤੇ ਜੁੱਤੀਆਂ ਦਾ ਹਾਰ ਪਾ ਕੇ ਬੇਅਦਬੀ ਕੀਤੀ ਗਈ ਸੀ, ਜਿਸ ਮਗਰੋਂ ਮਾਹੌਲ ਤਣਾਅਪੂਰਨ ਹੋ ਗਿਆ ਸੀ। ਬੁੱਧਵਾਰ ਸਵੇਰੇ ਭਾਈਚਾਰੇ ਦੇ ਲੋਕਾਂ ਨੇ ਬੁੱਤ ਦਾ ਦੁੱਧ ਨਾਲ ਇਸ਼ਨਾਨ ਕਰਵਾਇਆ। ਧਰਨੇ ਵਾਲੀ ਥਾਂ 'ਤੇ ਪਹੁੰਚੇ ਏਡੀਸੀਪੀ ਸਮੀਰ ਵਰਮਾ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦਾ ਲਿਖਤੀ ਭਰੋਸਾ ਦੇਣ ਤੋਂ ਬਾਅਦ ਦੁਪਹਿਰ 3:30 ਵਜੇ ਹਾਈਵੇਅ ਤੋਂ ਧਰਨਾ ਚੁੱਕਿਆ ਗਿਆ। ਸੁਰੱਖਿਆ ਲਈ ਬੁੱਤ ਨੇੜੇ ਸੀਸੀਟੀਵੀ ਕੈਮਰੇ ਲਗਾ ਦਿੱਤੇ ਗਏ ਹਨ।

ਭਲਕੇ ਜਲੰਧਰ ਸ਼ਹਿਰ ਬੰਦ ਰੱਖਣ ਦਾ ਸੱਦਾ
ਦੂਜੇ ਪਾਸੇ, ਵਾਲਮੀਕਿ ਅਤੇ ਦਲਿਤ ਜਥੇਬੰਦੀਆਂ ਨੇ ਇਸ ਘਟਨਾ ਦੇ ਵਿਰੋਧ ਵਿੱਚ ਵੀਰਵਾਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਜਲੰਧਰ ਮੁਕੰਮਲ ਬੰਦ ਰੱਖਣ ਦਾ ਸੱਦਾ ਦਿੱਤਾ ਹੈ। ਹਾਲਾਂਕਿ ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਸਕੂਲ, ਕਾਲਜ, ਹਸਪਤਾਲ ਅਤੇ ਮੈਡੀਕਲ ਸਟੋਰਾਂ ਵਰਗੀਆਂ ਜ਼ਰੂਰੀ ਸੇਵਾਵਾਂ ਨੂੰ ਬੰਦ ਤੋਂ ਛੋਟ ਰਹੇਗੀ।

