ਹਲਕਾ ਫਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ, ਖੇਡ ਮੈਦਾਨਾ ਵਿਚ ਨਜਰ ਆਉਣਗੇ ਨੌਜਵਾਨ
ਫਾਜ਼ਿਲਕਾ 19 ਜੁਲਾਈ
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕਾਂ ਦੇ ਸਹਿਯੋਗ ਨਾਲ ਸੂਬੇ ਅੰਦਰ ਬਲ ਮਿਲਿਆ ਹੈ ਤੇ ਨੌਜਵਾਨ ਪੀਡ਼ੀ ਨਸ਼ਿਆਂ ਤੋਂ ਕਿਨਾਰਾ ਕਰ ਰਹੇ ਹਨ| ਦੂਜੇ ਪਾਸੇ ਸਰਕਾਰ ਵੱਲੋਂ ਸੂਬੇ ਦੀ ਨੌਜਵਾਨ ਪੀੜੀ ਨੂੰ ਖੇਡਾਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ| ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਦੇ 26 ਪਿੰਡਾਂ ਵਿਚ ਖੇਡ ਮੈਦਾਨ ਬਣਾਉਣ ਲਈ 9 ਕਰੋੜ ਰੁਪਏ ਜਾਰੀ ਕੀਤੇ ਗਏ ਹਨ ਤੇ ਜਲਦ ਹੀ ਫਾਜ਼ਿਲਕਾ ਦੇ ਹਰ ਪਿੰਡ ਵਿੱਚ ਮਾਡਲ ਖੇਡ ਮੈਦਾਨ ਬਣਾਏ ਜਾਣਗੇ ਜਿਸ ਉਪਰੰਤ ਨੌਜਵਾਨ ਖੇਡ ਮੈਦਾਨਾ ਵਿਚ ਨਜਰ ਆਉਣਗੇ|
ਸ਼੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਨੌਜਵਾਨ ਪੀੜੀ ਸਾਡਾ ਭਵਿੱਖ ਹਨ ਤੇ ਸਾਡਾ ਭਵਿੱਖ ਹੱਸਦਾ ਖੇਡਦਾ ਤੇ ਰੋਸ਼ਨਾਉਂਦਾ ਹੀ ਹੋਵੇ ਇਸ ਲਈ ਪੰਜਾਬ ਸਰਕਾਰ ਨੌਜਵਾਨੀ ਨੂੰ ਬਚਾਉਣ ਲਈ ਸਾਰਥਕ ਉਪਰਾਲੇ ਕਰ ਰਹੀ ਹੈ| ਉਹਨਾਂ ਕਿਹਾ ਕਿ ਖੇਡ ਮੈਦਾਨਾਂ ਦੀ ਉਸਾਰੀ ਨਾਲ ਜਿੱਥੇ ਨੌਜਵਾਨ ਮਾੜੀ ਸੰਗਤ ਵਿੱਚ ਜਾਣ ਤੋਂ ਬਚੇਗਾ ਉੱਥੇ ਖੇਡਾਂ ਖੇਡਣ ਨਾਲ ਨੌਜਵਾਨ ਸਿਹਤਮੰਦ ਦੇ ਤੰਦਰੁਸਤ ਹੋਵੇਗਾ | ਪਿੰਡਾਂ ਵਿੱਚ ਖੇਡ ਮੈਦਾਨ ਹੋਣ ਨਾਲ ਖਿਡਾਰੀ ਆਪਣੀ ਖੇਡ ਨੂੰ ਹੋਰ ਨਿਖਾਰ ਸਕੇਗਾ ਤੇ ਕਿਸੇ ਹੋਰ ਥਾਂ ਤੇ ਖੇਡ ਲਈ ਆਉਣ ਜਾਣ ਦੀ ਖੱਜਲ ਖਵਾਰੀ ਤੋਂ ਵੀ ਬਚੇਗਾ|ਨੌਜਵਾਨ ਖੇਡਾਂ ਖੇਡ ਕੇ ਸੂਬੇ ਦਾ ਨਾਮ ਰੋਸ਼ਨ ਕਰੇਗਾ ਤੇ ਚੰਗੀ ਮੁਹਾਰਤ ਹਾਸਲ ਕਰੇਗਾ|
ਵਿਧਾਇਕ ਫਾਜ਼ਿਲਕਾ ਨੇ ਨਵੇਂ ਉਸਾਰੇ ਜਾਣੇ ਵਾਲੇ ਖੇਡ ਮੈਦਾਨਾਂ ਦੇ ਵੇਰਵਿਆ ਬਾਰੇ ਦੱਸਿਆ ਕਿ ਪਿੰਡ ਵੱਲੇ ਸ਼ਾਹ ਉਤਾੜ, ਮਿਆਣੀ ਬਸਤੀ, ਅਭੁਨ, ਚਵਾੜਿਆਂ ਵਾਲੀ, ਚੂਹੜੀ ਵਾਲਾ ਚਿਸ਼ਤੀ, ਹੀਰਾਵਾਲੀ, ਜੰਡ ਵਾਲਾ ਖਰਤਾ, ਝੋਕ ਡਿਪੂ ਲਾਣਾ, ਕਰਨੀ ਖੇੜਾ, ਕੋੜਿਆਂਵਾਲੀ, ਮੌਜਮ, ਪੱਕਾ ਚਿਸ਼ਤੀ, ਲਾਧੂਕਾ, ਫਤਿਹਗੜ੍ਹ, ਲੱਖੇ ਕੇ ਉਤਾੜ, ਤਰੋਬੜੀ, ਬਕੈਨ ਵਾਲਾ, ਖੂਈ ਖੇੜਾ, ਸਾਬੂਆਣਾ, ਬੋਦੀ ਵਾਲਾ ਪਿੱਥਾ, ਜੰਡ ਵਾਲਾ ਮੀਰਾ ਸਾਗਲਾਂ, ਕਬੂਲ ਸ਼ਾਹ ਖੂਬਣ, ਖਿਉ ਵਾਲੀ ਢਾਬ, ਲੱਖੇ ਵਾਲੀ ਢਾਬ, ਰੂਪਨਗਰ ਅਤੇ ਸ਼ਤੀਰ ਵਾਲਾ ਵਿਖ਼ੇ ਨੌਜਵਾਨਾਂ ਦਾ ਭਵਿੱਖ ਸਿਰਜਿਆ ਜਾਵੇਗਾ |
ਉਨਾ 26 ਪਿੰਡਾਂ ਦੇ ਨੌਜਵਾਨਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਆਪਣੀ ਐਨਰਜੀ ਨੂੰ ਮੈਦਾਨਾਂ ਵਿੱਚ ਲਾਉਣ ਲਈ ਤਿਆਰ ਰਹਿਣ ਕਿਉਂ ਜੋ ਜਲਦੀ ਖੇਡ ਮੈਦਾਨ ਤਿਆਰ ਕਰਕੇ ਉਹਨਾਂ ਨੂੰ ਸਮਰਪਿਤ ਕੀਤੇ ਜਾਣਗੇ ਤਾਂ ਜੋ ਉਹ ਖੇਡਾਂ ਨਾਲ ਜੁੜ ਸਕਣਗੇ ਤੇ ਨਸ਼ਿਆਂ ਜਿਹੀ ਮਾੜੀ ਅਲਾਮਤ ਤੋਂ ਦੂਰ ਰਹਿ ਸਕਣਗੇ |