ਪਿੰਡ ਮਾਨੂੰਪੁਰ ਦੇ ਸ਼ਹੀਦ ਪ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾ ਨਾਲ ਕੀਤਾ ਸੰਸਕਾਰ
ਸਮਰਾਲਾ, ਖੰਨਾ, (ਲੁਧਿਆਣਾ) 10 ਅਗਸਤ : ਜੰਮੂ ਕਸ਼ਮੀਰ ਦੇ ਕੁਲਗਾਮ ਦੇ ਅਖਲ ਜੰਗਲ ਵਿੱਚ ਭਾਰਤ ਦੀ ਫੌਜ ਦਾ ਆਪਰੇਸ਼ਨ ਅਖਲ ਪਿਛਲੇ ਹਫਤੇ ਇੱਕ ਅਗਸਤ ਤੋਂ ਚੱਲ ਰਿਹਾ ਸੀ ਜਿਸ ਵਿੱਚ ਸਮਰਾਲਾ ਦੇ ਨੇੜਲੇ ਪਿੰਡ ਮਾਨੂੰਪੁਰ ਦਾ ਫੌਜੀ ਪ੍ਰਿਤਪਾਲ ਸਿੰਘ ਸ਼ਹੀਦ ਹੋ ਗਿਆ ਸੀ ਜਿਸ ਦਾ ਅੰਤਿਮ ਸੰਸਕਾਰ ਅੱਜ ਉਹਨਾਂ ਦੇ ਜੱਦੀ ਪਿੰਡ ਮਾਨੂੰਪੁਰ ਵਿਖੇ ਫੌਜ ਦੀਆਂ ਟੁੱਕੜੀਆਂ ਵੱਲੋਂ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ।
ਇਸ ਮੌਕੇ ਪੰਜਾਬ ਸਰਕਾਰ ਵਲੋਂ ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ, ਜਿਲ੍ਹਾ ਪ੍ਰਸ਼ਾਸ਼ਨ ਵਲੋਂ ਉਪ ਮੰਡਲ ਮੈਜਿਸਟਰੇਟ ਸਮਰਾਲਾ ਰਜਨੀਸ਼ ਅਰੋੜਾ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਐਸ.ਪੀ (ਹੈਡਕੁਆਰਟਰ) ਖੰਨਾ ਸ੍ਰੀ ਤੇਜਵੀਰ ਸਿੰਘ ਹੁੰਦਲ ਨੇ ਸ਼ਹੀਦ ਪ੍ਰਿਤਪਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ l ਇਸ ਤੋਂ ਇਲਾਵਾ ਬੀ.ਡੀ.ਪੀ.ਓ ਸਮਰਾਲਾ ਲਖਵਿੰਦਰ ਕੌਰ, ਨਾਇਬ ਤਹਿਸੀਲਦਾਰ ਰਾਜੇਸ਼ ਅਹੂਜਾ ਤੋਂ ਇਲਾਵਾ ਭਾਰਤੀ ਫੌਜ ਦੇ ਉਚ ਅਧਿਕਾਰੀਆਂ ਨੇ ਸ਼ਹੀਦ ਪ੍ਰਿਤਪਾਲ ਸਿੰਘ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕੀਤਾ।
ਹਲਕਾ ਸਮਰਾਲਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਸ਼ਹੀਦ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਔਖੀ ਘੜੀ ਵਿੱਚ ਪਰਿਵਾਰ ਦੇ ਨਾਲ ਹੈ। ਉਨ੍ਹਾਂ ਕਿਹਾ ਕਿ ਇਸ ਸ਼ਹੀਦ ਨੇ ਆਪਣੀ ਡਿਊਟੀ ਪੂਰੀ ਬਹਾਦਰੀ ਤੇ ਲਗਨ ਨਾਲ ਨਿਭਾਈ ਅਤੇ ਸ਼ਹੀਦ ਦੀ ਕੁਰਬਾਨੀ ਨੌਜਵਾਨਾਂ ਨੂੰ ਹਮੇਸ਼ਾ ਪ੍ਰੇਰਨਾ ਦਿੰਦੀ ਰਹੇਗੀ। ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਦੀ ਨੀਤੀ ਅਨੁਸਾਰ ਪਰਿਵਾਰ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਜਾਵੇਗੀ।
ਹਲਕਾ ਸਮਰਾਲਾ ਦੇ ਵਿਧਾਇਕ ਦਿਆਲਪੁਰਾ ਨੇ ਇਸ ਮੌਕੇ ਤੇ ਪਹੁੰਚ ਕੇ ਪਰਿਵਾਰ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਅੱਜ ਜੇਕਰ ਅਸੀਂ ਆਜ਼ਾਦੀ ਦਾ ਸਾਹ ਲੈ ਰਹੇ ਹਾਂ ਤਾਂ ਇਹਨਾਂ ਫ਼ੌਜੀ ਜਵਾਨ ਸ਼ਹੀਦਾਂ ਦੀ ਬਦੌਲਤ ਹਾਂ। ਉਹਨਾਂ ਕਿਹਾ ਕਿ ਅਸੀਂ ਸ਼ਹੀਦ ਪ੍ਰਿਤਪਾਲ ਸਿੰਘ ਦੀ ਸ਼ਹੀਦੀ ਨੂੰ ਕਰੋੜਾਂ ਵਾਰ ਨਮਨ ਕਰਦੇ ਹਾਂ। ਉਹਨਾਂ ਕਿਹਾ ਕਿ ਇਹਨਾਂ ਸ਼ਹੀਦ ਜਵਾਨਾਂ ਦੀ ਸ਼ਹੀਦੀ ਅੱਗੇ ਕੁਝ ਵੀ ਕਹਿ ਨਹੀਂ ਸਕਦੇ ਕਿਉਂਕਿ ਇਹਨਾਂ ਦੀ ਬਦੌਲਤ ਹੀ ਅੱਜ ਅਸੀਂ ਸਿਰ ਉੱਚਾ ਕਰਕੇ ਜਿਉਂਦੇ ਹਾਂ। ਉਹਨਾਂ ਕਿਹਾ ਕਿ ਇਸ ਪਰਿਵਾਰ ਦੇ ਅੱਗੇ ਮੇਰਾ ਸਿਰ ਨਮਨ ਹੁੰਦਾ ਹੈ। ਇਸ ਪਰਿਵਾਰ ਦੇ ਨਾਲ਼ ਅਸੀਂ ਚਟਾਨ ਵਾਂਗ ਖੜੇ ਹਾਂ ਕੋਈ ਵੀ ਦੁੱਖ ਤਕਲੀਫ਼ ਪਰਿਵਾਰ ਨੂੰ ਨਹੀਂ ਆਉਣ ਦੇਵਾਂਗੇ।
ਉਪ ਮੰਡਲ ਮੈਜਿਸਟਰੇਟ ਸਮਰਾਲਾ ਰਜਨੀਸ਼ ਅਰੋੜਾ ਨੇ ਸ਼ਹੀਦ ਪ੍ਰਿਤਪਾਲ ਸਿੰਘ ਦੀ ਧਰਮ ਪਤਨੀ ਮਨਪ੍ਰੀਤ ਕੌਰ, ਪਿਤਾ ਹਰਬੰਸ ਸਿੰਘ, ਮਾਤਾ ਅਤੇ ਭਰਾਵਾਂ ਨਾਲ਼ ਦੁੱਖ ਸਾਂਝਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਹਮੇਸ਼ਾਂ ਪਰਿਵਾਰ ਦੀ ਮੱਦਦ ਲਈ ਤੱਤਪਰ ਰਹੇਗਾ। ਉਹਨਾਂ ਕਿਹਾ ਕਿ ਸ਼ਹੀਦ ਕਿਸੇ ਧਰਮ, ਫਿਰਕੇ ਜਾਂ ਖੇਤਰ ਤੱਕ ਸੀਮਿਤ ਨਹੀਂ ਹੁੰਦੇ ਸਗੋਂ ਪੂਰੀ ਕੌਮ ਦਾ ਮਾਣ, ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਅਤੇ ਦੇਸ਼ ਦਾ ਸਰਮਾਇਆ ਹੁੰਦੇ ਹਨ l
ਜ਼ਿਕਰਯੋਗ ਹੈ ਕਿ ਸ਼ਹੀਦ ਪ੍ਰਿਤਪਾਲ ਸਿੰਘ 2015 ਦੇ ਵਿੱਚ ਫੌਜ ਦੇ ਵਿੱਚ ਭਰਤੀ ਹੋਇਆ ਸੀ ਅਤੇ ਪ੍ਰਿਤਪਾਲ ਸਿੰਘ ਦੇ ਚਾਚਾ ਅਤੇ ਤਾਇਆ ਵੀ ਫੌਜ ਤੋਂ ਸੇਵਾ ਮੁਕਤ ਹਨ ਅਤੇ ਸ਼ਹੀਦ ਪ੍ਰਿਤਪਾਲ ਸਿੰਘ ਦਾ ਛੇ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਸ਼ਹੀਦ ਪ੍ਰਿਤਪਾਲ ਸਿੰਘ ਵਿਆਹ ਦੇ ਸਮੇਂ ਛੁੱਟੀ ਲਈ ਘਰ ਵਾਪਸ ਆਇਆ ਸੀ ਸ਼ਹੀਦ ਪ੍ਰਿਤਪਾਲ ਸਿੰਘ ਪਿੱਛੇ ਆਪਣੇ ਬਜ਼ੁਰਗ ਮਾਤਾ-ਪਿਤਾ ਅਤੇ ਪਤਨੀ ਮਨਪ੍ਰੀਤ ਕੌਰ ਨੂੰ ਛੱਡ ਕੇ ਦੇਸ਼ ਲਈ ਸ਼ਹੀਦ ਹੋ ਗਿਆ ਹੈ ਅਤੇ ਇਸ ਸ਼ਹਾਦਤ ਲਈ ਪੂਰੇ ਇਲਾਕੇ ਵਿੱਚ ਜਿੱਥੇ ਮੌਤ ਲਈ ਦੁੱਖ ਸੀ ਉਥੇ ਇਲਾਕੇ ਦੇ ਨੌਜੁਆਨ ਦੀ ਵੀਰਮਈ ਸ਼ਹਾਦਤ 'ਤੇ ਫ਼ਖਰ ਵੀ ਸੀ।
ਸ਼ਹੀਦ ਪ੍ਰਿਤਪਾਲ ਸਿੰਘ ਦੀ ਪਤਨੀ, ਮਾਤਾ-ਪਿਤਾ ਅਤੇ ਭਰਾਵਾਂ ਨੇ ਕਿਹਾ ਕਿ ਸਾਨੂੰ ਪ੍ਰਿਤਪਾਲ ਸਿੰਘ ਦੀ ਸ਼ਹੀਦੀ ਉੱਤੇ ਮਾਣ ਹੈ। ਕਿਉਂਕਿ ਉਸਨੇ ਦੇਸ਼ ਲਈ ਕੁਰਬਾਨੀ ਕੀਤੀ ਹੈ। ਇਸ ਮੌਕੇ ਰਾ ਜਨੀਤਿਕ, ਸਮਾਜਿਕ ਅਤੇ ਧਾਰਮਿਕ ਸ਼ਖਸ਼ੀਅਤਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਅਤੇ ਸਾਕ ਸਬੰਧੀ ਵੀ ਹਾਜ਼ਰ ਸਨ l