ਹਾਈਕਮਾਨ ਦੇ ਐਲਾਨ ਨੇ ਬਾਲੀ ਅੱਗ! ਸਾਬਕਾ CM ਚੰਨੀ ਮੈਦਾਨ 'ਚ ਨਿੱਤਰੇ, ਵੱਡੀ ਬਗਾਵਤ ਦੇ ਸੰਕੇਤ?

ਹਾਈਕਮਾਨ ਦੇ ਐਲਾਨ ਨੇ ਬਾਲੀ ਅੱਗ! ਸਾਬਕਾ CM ਚੰਨੀ ਮੈਦਾਨ 'ਚ ਨਿੱਤਰੇ, ਵੱਡੀ ਬਗਾਵਤ ਦੇ ਸੰਕੇਤ?

ਕੀ ਪੰਜਾਬ ਕਾਂਗਰਸ 'ਚ ਹੋਵੇਗਾ ਵੱਡਾ ਉਲਟਫੇਰ? ਚੰਨੀ ਦੀ ਇਸ ਗੁਪਤ ਮੀਟਿੰਗ ਪਿੱਛੇ ਕੀ ਹੈ ਖੇਡ? ਇਹ ਚਰਚਾਵਾਂ ਛਿੜ ਗਈਆਂ ਕਾਂਗਰਸ ਹਾਈਕਮਾਨ ਦੇ ਫੈਸਲੇ ਤੋਂ ਬਾਅਦ, ਦਰਅਸਲ ਪੰਜਾਬ ਕਾਂਗਰਸ ਚ ਖਿਚੋਤਾਣ ਖਤਮ ਹੋਣ ਦਾ ਨਾਂਅ ਨਹੀਂ ਲੈ ਰਹੀ ..ਪੰਜਾਬ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਹਾਈਕਮਾਨ ਵੱਲੋਂ ਕੀਤੇ ਗਏ ਵੱਡੇ ਬਦਲਾਅ ਨੂੰ ਲੈ ਕੇ ਕਾਂਗਰਸ 'ਚ ਬਗਾਵਤ ਛਿੜ ਗਈ ਹੈ। ਪੰਜਾਬ ਕਾਂਗਰਸ ਦੀ ਨਵੀਂ ਟੀਮ ਦੇ ਐਲਾਨ 'ਤੇ ਸਿਆਸੀ ਹਲਚਲ ਤੇਜ਼ ਹੋ ਗਈ ਹੈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਸੁਖਜਿੰਦਰ ਸਿੰਘ ਰੰਧਾਵਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਧਾਨ ਅਹੁਦੇ 'ਚ ਬਦਲਾਅ ਨਾ ਹੋਣ ਤੋਂ ਨਾਰਾਜ਼ ਚੱਲ ਰਹੇ ਹਨ।

images

ਇਹੀ ਕਾਰਨ ਹੈ ਕਿ ਦੋਵੇਂ ਆਗੂਆਂ ਨੇ ਅਜੇ ਤੱਕ ਹਾਈਕਮਾਨ ਤੋਂ ਅਹੁਦੇ ਮਿਲਣ ਤੋਂ ਬਾਅਦ ਧੰਨਵਾਦ ਤੱਕ ਨਹੀਂ ਕੀਤਾ। ਇਥੋਂ ਤੱਕ ਕਿ ਸੋਸ਼ਲ ਮੀਡੀਆ ਪੋਸਟ ਤੱਕ ਨਹੀਂ ਪਾਈ। ਕੰਪੇਨ ਕਮੇਟੀ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਚੰਨੀ ਨੇ ਚੁੱਪੀ ਸਾਧੀ ਹੈ ਅਤੇ ਮੋਰਿੰਡਾ ਵਿਖੇ ਆਪਣੇ ਘਰ ਵਿਚ ਭਲਕੇ
11 ਵਜੇ ਇਕ ਮੀਟਿੰਗ ਸੱਦੀ ਹੈ। ਇਸ ਮੀਟਿੰਗ 'ਚ ਕਈ ਵੱਡੇ ਲੀਡਰ ਸ਼ਾਮਲ ਹੋ ਸਕਦੇ ਹਨ।  ਹੁਣ ਚੰਨੀ ਵੱਲੋਂ ਬੁਲਾਈ ਗਈ ਮੀਟਿੰਗ ਵਿਚ ਇਹ ਵੇਖਣਾ ਹੋਵੇਗਾ ਕਿ ਚੰਨੀ ਧੜ੍ਹੇ ਵਿਚ ਕਿਹੜੇ-ਕਿਹੜੇ ਆਗੂ ਸ਼ਾਮਲ ਹੁੰਦੇ ਹਨ ਅਤੇ ਮੀਟਿੰਗ ਵਿਚ ਕੀ ਫ਼ੈਸਲੇ ਹੋ ਸਕਦੇ ਹਨ। 

ਤਾਜ਼ਾ ਬਦਲਾਅ 'ਚ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਪਰਸਨ ਨਿਯੁਕਤ ਕੀਤਾ ਹੈ। ਉਥੇ ਹੀ ਸੁਖਜਿੰਦਰ ਰੰਧਾਵਾ ਨੂੰ ਟਿਕਟ-ਵੰਡ ਕੋਰ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜੋਕਿ ਉਨ੍ਹਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਹੈ। ਕਾਂਗਰਸ ਸੂਤਰਾਂ ਮੁਤਾਬਕ ਲਗਭਗ 10-15 ਸੀਨੀਅਰ ਪਾਰਟੀ ਆਗੂ ਨਵੀਂ ਟੀਮ ਦੇ ਗਠਨ ਤੋਂ ਖ਼ਾਸ ਤੌਰ 'ਤੇ ਨਾਰਾਜ਼ ਹਨ। ਉਹ ਵੜਿੰਗ ਵਿਰੁੱਧ ਮੁਹਿੰਮ ਸ਼ੁਰੂ ਕਰ ਸਕਦੇ ਹਨ, ਜਿਵੇਂ ਕਿ ਨਵਜੋਤ ਸਿੱਧੂ ਨੇ 2021 'ਚ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਲਈ ਸ਼ੁਰੂ ਕੀਤੀ ਸੀ। ਇਸ ਨਾਰਾਜ਼ਗੀ ਦਾ ਇਕ ਵੱਡਾ ਕਾਰਨ ਕਾਂਗਰਸ ਦਾ ਟਰੈਂਡ ਹੈ, ਜਿਸ 'ਚ ਪੰਜਾਬ 'ਚ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੀ ਅਣਹੋਂਦ 'ਚ ਅਕਸਰ ਬਹੁਮਤ ਵਾਲੇ ਆਗੂ ਨੂੰ ਮੁੱਖ ਮੰਤਰੀ ਬਣਾਇਆ ਜਾਂਦਾ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨ ਕਾਂਗਰਸ ਹਾਈਕਮਾਂਡ ਨੇ ਪੰਜਾਬ ਕਾਂਗਰਸ ਲਈ ਵੱਖ-ਵੱਖ ਕਮੇਟੀਆਂ ਅਤੇ ਕਾਰਜਕਾਰੀ ਪ੍ਰਧਾਨਾਂ ਦਾ ਐਲਾਨ ਕੀਤਾ। ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪ੍ਰਚਾਰ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ। ਵਿਜੈਇੰਦਰ ਸਿੰਗਲਾ ਨੂੰ ਚੋਣ ਪ੍ਰਬੰਧਣ ਅਤੇ ਤਾਲਮੇਲ ਕਮੇਟੀ ਦੀ ਕਮਾਨ ਸੌਂਪੀ ਗਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੂੰ ਕੋਰ ਕਮੇਟੀ ਦਾ ਚੇਅਰਮੈਨ ਅਤੇ ਡਾ. ਅਮਰ ਸਿੰਘ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਕਾਂਗਰਸ ਹਾਈਕਮਾਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਪ੍ਰਤਾਪ ਸਿੰਘ ਬਾਜਵਾ ਪੰਜਾਬ ਵਿਧਾਨ ਸਭਾ ’ਚ ਕਾਂਗਰਸ ਵਿਧਾਇਕ ਦਲ ਦੇ ਨੇਤਾ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਰਹਿਣਗੇ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਤਿੰਨ ਕਾਰਜਕਾਰੀ ਪ੍ਰਧਾਨ ਵੀ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ’ਚ ਸੁਖਵਿੰਦਰ ਸਿੰਘ ਡੈਨੀ, ਰਾਜ ਕੁਮਾਰ ਵੇਰਕਾ, ਸੰਗਤ ਸਿੰਘ ਗਿਲਜੀਆਂ ਸ਼ਾਮਲ ਹਨ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਕੈਂਪੇਨ ਕਮੇਟੀ ਦਾ ਚੇਅਰਮੈਨ ਬਣਾਉਣਾ ਸਭ ਤੋਂ ਵੱਡਾ ਸਿਆਸੀ ਸੰਦੇਸ਼ ਮੰਨਿਆ ਜਾ ਰਿਹਾ ਹੈ। ਚੰਨੀ ਅਜੇ ਵੀ ਕਾਂਗਰਸ ਦੇ ਸਭ ਤੋਂ ਹਰਮਨਪਿਆਰੇ ਆਗੂਆਂ ’ਚੋਂ ਇਕ ਮੰਨੇ ਜਾਂਦੇ ਹਨ। ਦਲਿਤ ਚਿਹਰੇ ਵਜੋਂ ਉਨ੍ਹਾਂ ਦੀ ਪਛਾਣ ਪਾਰਟੀ ਲਈ ਮਹੱਤਵਪੂਰਨ ਹੈ ਅਤੇ ਉਹ ਰੈਲੀਆਂ ’ਚ ਲੋਕਾਂ ਨਾਲ ਸਿੱਧਾ ਸੰਪਰਕ ਬਣਾਉਣ ਦੀ ਸਮਰੱਥਾ ਰੱਖਦੇ ਹਨ।