ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਕੀਤੀ ਜਾਰੀ

ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਕੀਤੀ ਜਾਰੀ

ਰੂਪਨਗਰ, 15 ਦਸੰਬਰ: ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਠੰਢ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਿਵਲ ਸਰਜਨ ਰੂਪਨਗਰ ਡਾ. ਸੁਖਵਿੰਦਰਜੀਤ ਸਿੰਘ ਨੇ ਸਰਦੀ ਅਤੇ ਸਰਦੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਣ ਲਈ ਐਡਵਾਈਜਰੀ ਜਾਰੀ ਕੀਤੀ ਹੈ। 
 
ਸਿਵਲ ਸਰਜਨ ਨੇ ਕਿਹਾ ਕਿ ਸਰਦੀ ਨਾਲ ਬਜ਼ੁਰਗ, ਬੱਚੇ ਅਤੇ ਗਰਭਵਤੀ ਮਾਂਵਾਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ। 
 
ਉਨ੍ਹਾਂ ਕਿਹਾ ਕਿ ਬਜ਼ੁਰਗਾਂ ਅਤੇ ਦਿਲ ਦੇ ਮਰੀਜ਼ਾਂ ਨੂੰ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ਕਾਰਨ ਸੈਰ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੂਨੀਆ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਉਲਟੀ, ਦਸਤ ਵੀ ਲੱਗ ਸਕਦੇ ਹਨ, ਇਸ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਹੱਥਾਂ ਪੈਰਾਂ ਚ ਦਸਤਾਨੇ-ਜੁਰਾਬਾਂ ਪਾਈਆਂ ਜਾਣ। ਬੱਚਿਆਂ ਨੂੰ ਨੰਗੇ ਪੈਰੀ ਨਾ ਚੱਲਣ ਦਿੱਤਾ ਜਾਵੇ। ਸਰਦੀ ਦੇ ਮੌਸਮ ਵਿੱਚ ਘਰਾਂ ਵਿਚ ਬੰਦ ਕਮਰੇ ਵਿਚ ਅੰਗੀਠੀ ਨਾ ਬਾਲੀ ਜਾਵੇ ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਿਤ ਹੈ ਸਕਦੀ ਹੈ।
 
ਡਾ. ਸੁਖਵਿੰਦਰਜੀਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਸਰਦੀ ਤੋ ਪੀੜਿਤ ਲੋਕਾਂ ਲਈ ਲੋੜੀਂਦੇ ਪ੍ਰਬੰਧ ਕਰਨ ਲਈ ਕਹਿ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਰਦੀ ਲੱਗਣ ਨਾਲ ਆਮ ਤੌਰ ਤੇ ਜ਼ੁਕਾਮ ਲੱਗ ਸਕਦਾ, ਬੁਖਾਰ ਹੋ ਸਕਦਾ ਜਾਂ ਕੰਬਣੀ ਆਉਣ ਦਾ ਸੰਕੇਤ ਹੋਵੇ ਤਾਂ ਤੁਹਾਡਾ ਸਰੀਰ ਤਾਪਮਾਨ ਗਵਾ ਰਿਹਾ ਹੈ। ਲੰਮਾ ਸਮਾਂ ਜ਼ੁਕਾਮ ਰਹਿਣ ਕਾਰਨ ਜਾਂ ਠੰਢ ਕਾਰਨ ਹੱਥਾਂ/ਪੈਰਾਂ ਦੀਆਂ ਉਂਗਲਾਂ, ਨੱਕ ਜਾਂ ਕੰਨਾਂ ਦੇ ਬਾਹਰਲੇ ਪਾਸੇ ਕਾਲੇ ਛਾਲੇ ਹੋ ਸਕਦੇ ਹਨ। ਅਜਿਹੇ ਹਾਲਤਾਂ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।
 
ਡਾ. ਸੁਖਵਿੰਦਰਜੀਤ ਸਿੰਘ ਨੇ ਖਾਸ ਕਰਕੇ ਸਾਹ ਦਮੇ ਅਤੇ ਟੀ.ਬੀ. ਦੀ ਬਿਮਾਰੀ ਦੇ ਮਰੀਜ਼ ਆਪਣਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਖੁਰਾਕ ਵਿਚ ਗਰਮ ਚੀਜਾਂ ਜਿਵੇਂ ਸੂਪ, ਚਾਹ, ਕਾਫੀ, ਸੰਤੁਲਿਤ ਖੁਰਾਕ ਦਾ ਸੇਵਨ ਕੀਤਾ ਜਾਵੇ। 
 
ਉਨ੍ਹਾਂ ਕਿਹਾ ਕਿ ਸਰਦੀ ਵਿੱਚ ਇੱਕ ਤੋਂ ਜ਼ਿਆਦਾ ਪਰਤਾਂ ਵਾਲੇ ਕੱਪੜੇ ਪਾਏ ਜਾਣ ਤਾਂ ਕਿ ਸਰੀਰ ਦਾ ਤਾਪਮਾਨ ਨਾਰਮਲ ਰਹੇ। ਸਰੀਰ ਦੇ ਤਾਪਮਾਨ ਦਾ ਸਤੁੰਲਨ ਬਣਾਏ ਰੱਖਣ ਲਈ ਸਿਹਤਮੰਦ ਭੋਜਨ ਖਾਣਾ ਜ਼ਰੂਰੀ ਹੈ। ਵਿਟਾਮਿਨ-ਸੀ ਨਾਲ ਭਰਪੂਰ ਫ਼ਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਸਰੀਰ ਵਿੱਚ ਪਾਣੀ ਦੀ ਘਾਟ ਨੂੰ ਪੂਰਾ ਕਰਨ ਲਈ ਥੋੜ੍ਹੇ-ਥੋੜ੍ਹੇ ਸਮੇਂ ਜਾਂ ਲੋੜ ਅਨੁਸਾਰ ਗੁਨਗੁਨਾ ਪਾਣੀ ਪੀਤਾ ਜਾਵੇ। 
 
ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਕਾਰਨ ਯਾਤਰਾ ਦੌਰਾਨ ਦੁਰਘਟਨਾਵਾਂ ਤੋਂ ਬਚਾਅ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕੀਤੀ ਜਾਵੇ ਅਤੇ ਬੇਲੋੜੀ ਯਾਤਰਾ ਨੂੰ ਟਾਲਿਆ ਜਾਵੇ।