ਸਿੱਖਿਆ ਖ਼ੇਤਰ ਨੂੰ ਹੁਲਾਰਾ ਦੇਣ ਲਈ ਲੀਕ ਤੋਂ ਹਟਵੀਆਂ ਪਹਿਲਕਦਮੀਆਂ ਕਰ ਰਹੇ ਹਾਂ: ਮੁੱਖ ਮੰਤਰੀ
ਮਾਪਿਆਂ ਤੇ ਅਧਿਆਪਕਾਂ ਵਿਚਾਲੇ ਵਿਦਿਆਰਥੀਆਂ ਦੀ ਪੜ੍ਹਾਈ ਲਈ ਬਿਹਤਰ ਤਾਲਮੇਲ ਪੈਦਾ ਹੁੰਦਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਦੇ ਯੁੱਗ ਦੀ ਸ਼ੁਰੂਆਤ ਕੀਤੀ ਹੈ ਅਤੇ ਇਸ ਨੂੰ ਹੋਰ ਹੁਲਾਰਾ ਦੇਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਇਕ ਹੋਰ ਅਹਿਮ ਪਹਿਲਕਦਮੀ ਤਹਿਤ ਜਨਤਕ ਲਾਇਬ੍ਰੇਰੀਆਂ ਬਣਾਉਣ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਵਿਦਿਆਰਥੀਆਂ ਵਿਚਾਲੇ ਪੜ੍ਹਨ ਦੀ ਰੁਚੀ ਬਣੇ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਨੂੰ ਵਾਈ-ਫਾਈ, ਸੋਲਰ ਪਾਵਰ ਡਿਜੀਟਲ ਐਨਾਲਾਗ ਅਤੇ ਹੋਰ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਮਕਾਲੀ ਸਾਹਿਤ ਦੀਆਂ ਵਿਸ਼ਵ ਪੱਧਰੀ ਪੁਸਤਕਾਂ ਦੇ ਨਾਲ-ਨਾਲ ਪਾਠਕ੍ਰਮ ਦੀਆਂ ਪੁਸਤਕਾਂ ਵੀ ਉਪਲਬਧ ਹਨ, ਜੋ ਵਿਦਿਆਰਥੀਆਂ ਦੇ ਸਿੱਖਣ ਤਜਰਬਿਆਂ ਨੂੰ ਹੋਰ ਵਧੀਆ ਬਣਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਲਈ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਅਤਿ-ਆਧੁਨਿਕ ਲਾਇਬ੍ਰੇਰੀਆਂ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੇਸ਼ਕੀਮਤੀ ਕਿਤਾਬਾਂ ਦਾ ਖ਼ਜ਼ਾਨਾ ਪਿਆ ਹੈ, ਜੋ ਪੁਸਤਕ ਪ੍ਰੇਮੀਆਂ ਨੂੰ ਆਪਣੇ ਵੱਲ ਖਿੱਚਦਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਸਿੱਖਿਆ ਨੂੰ ਤਰਜੀਹੀ ਖ਼ੇਤਰ ਬਣਾਇਆ ਹੈ ਅਤੇ ਲੋਕਾਂ ਦੀਆਂ ਜ਼ਿੰਦਗੀਆਂ ਬਦਲਣ ਲਈ ਸਿੱਖਿਆ ਖ਼ੇਤਰ ਵਿੱਚ ਮਿਸਾਲੀ ਪਹਿਲਕਦਮੀਆਂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਗਰੀਬੀ ਜਾਂ ਹੋਰ ਕਿਸੇ ਵੀ ਸਮਾਜਿਕ ਬੁਰਾਈ ਦਾ ਖ਼ਾਤਮਾ ਰਿਆਇਤਾਂ ਜਾਂ ਮੁਫ਼ਤ ਚੀਜ਼ਾਂ ਨਾਲ ਨਹੀਂ, ਸਗੋਂ ਸਿੱਖਿਆ ਰਾਹੀਂ ਹੋ ਸਕਦਾ ਹੈ। ਸਿੱਖਿਆ ਹੀ ਲੋਕਾਂ ਦੇ ਜੀਵਨ ਪੱਧਰ ਨੂੰ ਸੁਧਾਰ ਕੇ ਉਨ੍ਹਾਂ ਨੂੰ ਦਲਦਲ ਵਿੱਚੋਂ ਕੱਢ ਸਕਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਲਈ ਸੂਬਾ ਸਰਕਾਰ ਆਮ ਆਦਮੀ ਨੂੰ ਸਸ਼ਕਤ ਬਣਾਉਣ ਲਈ ਸਿੱਖਿਆ ਦੇ ਪੱਧਰ ਵਿੱਚ ਸੁਧਾਰ ਲਈ ਅਣਥੱਕ ਕੋਸ਼ਿਸ਼ਾਂ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਲੜਕੀਆਂ ਅੱਜ ਹਰੇਕ ਖ਼ੇਤਰ ਵਿੱਚ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਹੀਆਂ ਹਨ ਅਤੇ ਉਨ੍ਹਾਂ ਲੜਕਿਆਂ ਨੂੰ ਜ਼ਿਆਦਾਤਰ ਖ਼ੇਤਰਾਂ ਵਿੱਚ ਪਛਾੜਿਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਪੰਜਾਬ ਵਿੱਚ ਔਰਤਾਂ ਨੂੰ ਵੱਧ ਅਖ਼ਤਿਆਰ ਦੇਣ ਉੱਤੇ ਧਿਆਨ ਕੇਂਦਰਤ ਕੀਤਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਨੇ ਸੱਤ ਮਹਿਲਾ ਅਫ਼ਸਰਾਂ ਨੂੰ ਡਿਪਟੀ ਕਮਿਸ਼ਨਰ ਅਤੇ ਅੱਠ ਮਹਿਲਾ ਅਫ਼ਸਰਾਂ ਨੂੰ ਐਸ.ਐਸ.ਪੀ. ਨਿਯੁਕਤ ਕੀਤਾ ਹੈ।
ਇਸ ਪ੍ਰੋਗਰਾਮ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਤੇ ਹੋਰ ਵੀ ਹਾਜ਼ਰ ਸਨ।