ਨਾਜਾਇਜ਼ ਮਾਈਨਿੰਗ ’ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਕੀਤੀ ਵੱਡੀ ਕਾਰਵਾਈ
ਹੁਸ਼ਿਆਰਪੁਰ, 27 ਸਤੰਬਰ :
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੇ ਨਿਰਦੇਸ਼ਾਂ ’ਤੇ ਐਸ.ਡੀ.ਐਮ ਮੁਕੇਰੀਆਂ ਅੰਕੁਰ ਮਹਿੰਦਰੂ ਦੀ ਅਗਵਾਈ ਵਿਚ ਬੀਤੀ ਰਾਤ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿਰੁੱਧ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ। ਇਸ ਦੌਰਾਨ ਤਿੰਨ ਕਰੈਸ਼ਰਾਂ ਦੀ ਜਾਂਚ ਕੀਤੀ ਗਈ।
ਐਸ.ਡੀ.ਐਮ ਮੁਕੇਰੀਆਂ ਅੰਕੁਰ ਮਹਿੰਦਰੂ ਨੇ ਜਾਣਕਾਰੀ ਦਿੰਦੇ ਹੋਇਆ ਦੱਸਿਆ ਕਿ ਜਾਂਚ ਦੌਰਾਨ ਇਕ ਕਰੈਸ਼ਰ ਜੋ ਮਹੀਨਿਆਂ ਪਹਿਲਾਂ ਸਸਪੈਂਡ ਕੀਤਾ ਜਾ ਚੁੱਕਾ ਸੀ, ਚਾਲੂ ਪਾਇਆ ਗਿਆ। ਮੌਕੇ ’ਤੇ 500 ਕੇ.ਵੀ.ਏ ਦਾ ਜੈਨਸੈਟ ਮਿਲਿਆ, ਜਿਸ ਨੂੰ ਕੁਝ ਸਮੇਂ ਪਹਿਲਾਂ ਹੀ ਬੰਦ ਕੀਤਾ ਗਿਆ ਸੀ। ਤਾਜ਼ਾ ਟਾਇਰਾਂ ਦੇ ਨਿਸ਼ਾਨ, ਜੈਨਸੈਟ ਦਾ ਵੱਧ ਤਾਪਮਾਨ, ਗਿੱਲੀ ਬੱਜਰੀ ਅਤੇ ਜੈਨਸੈਟ ਦੀ 1414 ਘੰਟੇ ਦੀ ਰਨਿੰਗ ਰੀਡਿੰਗ ਇਸ ਗੱਲ ਦਾ ਪ੍ਰਮਾਣ ਸੀ। ਇਸ ਮਾਮਲੇ ਵਿਚ ਥਾਣਾ ਤਲਵਾੜਾ ਵਿਚ ਐਫ.ਆਈ.ਆਰ. ਦਰਜ ਕਰਵਾਉਣ ਲਈ ਰਿਪੋਰਟ ਸੌਂਪ ਦਿੱਤੀ ਗਈ ਹੈ।
ਮਾਈਨਿੰਗ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੈਨਸੈਟ ਦੀ ਸਮਰੱਥਾ ਅਤੇ ਚੱਲਣ ਦੇ ਘੰਟਿਆਂ ਦੇ ਆਧਾਰ ’ਤੇ ਉਤਪਾਦਿਤ ਮਾਤਰਾ ਦਾ ਮੁਲਾਂਕਣ ਕਰਕੇ ਆਰ-ਨੋਟਿਸ ਜਾਰੀ ਕੀਤਾ ਜਾਵੇ। ਨਾਲ ਹੀ, ਉਕਤ ਜੈਨਸੈਟ ਨੂੰ ਅੱਜ ਸੀਲ ਕੀਤਾ ਜਾਵੇਗਾ ਤਾਂ ਜੋ ਕਰੈਸ਼ਰ ਦੁਬਾਰਾ ਚਾਲੂ ਨਾ ਹੋ ਸਕੇ। ਇਸ ਤੋਂ ਇਲਾਵਾ ਪੰਜ ਚਾਲਾਨ ਜਾਰੀ ਕੀਤੇ ਗਏ ਅਤੇ ਨਾਜਾਇਜ਼ ਮਾਈਨਿੰਗ ਗਤੀਵਿਧੀਆਂ ਵਿਚ ਸ਼ਾਮਲ ਵਾਹਨਾਂ ਨੂੰ ਜ਼ਬਤ ਕੀਤਾ ਗਿਆ।
ਐਸ.ਡੀ.ਐਮ ਨੇ ਦੱਸਿਆ ਕਿ ਇਕ ਹੋਰ ਮਾਈਨਿੰਗ ਸਾਈਟ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧ ਵਿਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਸਪੱਸ਼ਟ ਕੀਤਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਾਜਾਇਜ਼ ਮਾਈਨਿੰਗ ’ਤੇ ਜ਼ੀਰੋ ਟਾਲਰੈਂਸ ਨੀਤੀ ਅਪਣਾਈ ਗਈ ਹੈ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਜਾਰੀ ਰਹੇਗੀ।