ਵਧੀਕ ਡਿਪਟੀ ਕਮਿਸ਼ਨਰ (ਜ) ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਲਈ ਵੱਖ-ਵੱਖ ਅਧਿਕਾਰੀਆਂ ਨਾਲ ਕੀਤੀ ਮੀਟਿੰਗ
ਸ੍ਰੀ ਮੁਕਤਸਰ ਸਾਹਿਬ, 12 ਨਵੰਬਰ
ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਬਜ਼ੁਰਗ ਨਾਗਰਿਕਾਂ ਦੀ ਦੇਖਭਾਲ ਅਤੇ ਭਲਾਈ ਲਈ ਵੱਖ-ਵੱਖ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਵੱਲੋਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਸਮੂਹ ਵਿਭਾਗਾਂ ਵੱਲੋਂ ਸੀਨੀਅਰ ਸਿਟੀਜ਼ਨ ਐਕਟ ਤਹਿਤ ਮਿਲਣ ਵਾਲੀਆਂ ਸਹੂਲਤਾਂ ਨੂੰ ਪਹਿਲ ਦੇ ਅਧਾਰ ਤੇ ਦਿੱਤਾ ਜਾਵੇ ਅਤੇ ਸੀਨੀਅਰ ਸਿਟੀਜਨਜ਼ ਨੂੰ ਆਪਣੇ ਦਫਤਰਾਂ ਵਿੱਚ ਬਣਦਾ ਮਾਣ—ਸਤਿਕਾਰ ਦਿੱਤਾ ਜਾਵੇ ।
ਉਨ੍ਹਾਂ ਪੁਲਿਸ ਵਿਭਾਗ ਨੂੰ ਕਿਹਾ ਕਿ ਸਾਂਝ ਅਧਿਕਾਰੀ/ਕਰਮਚਾਰੀਆਂ ਵੱਲੋਂ ਸੀਨੀਅਰ ਸਿਟੀਜ਼ਨਾਂ ਲਈ ਸਾਂਝ ਕੇਂਦਰਾਂ ਵਿੱਚ ਵਿਜ਼ਟਰ ਰਜਿਸਟਰ ਮੇਨਟੇਨ ਕਰਨ ਅਤੇ ਡੋਰ ਟੂ ਡੋਰ ਵਿਜ਼ਿਟ ਕਰਨ। ਇਸ ਤੋਂ ਇਲਾਵਾ ਸਾਂਝ ਅਧਿਕਾਰੀ/ਕਰਮਚਾਰੀਆਂ ਵੱਲੋਂ ਸੀਨੀਅਰ ਸਿਟੀਜ਼ਨਾਂ ਨਾਲ ਰਾਬਤਾ ਕਾਇਮ ਕਰਕੇ ਲੋੜ ਅਨੁਸਾਰ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇ ।
ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨਵੀਨ ਗਡਵਾਲ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਫਾਜ਼ਿਲਕਾ ਜਿਲ੍ਹੇ ਦੇ ਅਬੋਹਰ ਵਿਖੇ ਸਿਰਫ ਔਰਤਾਂ ਵਾਸਤੇ ਬਿਰਧ ਆਸ਼ਰਮ ਚੱਲ ਰਿਹਾ ਹੈ ਜਿਸ ਵਿੱਚ ਬੇਸਹਾਰਾ ਔਰਤਾਂ ਨੂੰ ਰੱਖਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਜਿਲ੍ਹਾ ਬਰਨਾਲਾ ਵਿਖੇ 150 ਬੈੱਡਾਂ ਵਾਲਾ ਬਹੁਤ ਵਧੀਆ ਸਹੂਲਤਾਂ ਵਾਲਾ ਸਰਕਾਰੀ ਬਿਰਧ ਆਸ਼ਰਮ ਸਰਕਾਰ ਵੱਲੋਂ ਬਣਾਇਆ ਗਿਆ ਹੈ ਅਤੇ ਉਸ ਵਿੱਚ ਜੇਕਰ ਕੋਈ ਬਜ਼ੁਰਗ ਰਹਿਣਾ ਚਾਹੇ ਤਾਂ ਉਥੇ ਰਹਿ ਸਕਦਾ ਹੈ ।
ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਬਜ਼ੁਰਗਾਂ ਦੀਆਂ ਸਮੱਸਿਆਵਾਂ ਸਬੰਧੀ ਇੱਕ ਟੋਲ ਫਰੀ ਹੈਲਪ ਲਾਈਨ ਨੰਬਰ 14567 ਹੈ ਜਿਸ ਉਪਰ ਕਾਲ ਕਰਕੇ ਬਜ਼ੁਰਗ ਕਿਸੇ ਕਿਸਮ ਦੀ ਸਮੱਸਿਆ ਸਬੰਧੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਅਤੇ ਉਹਨਾਂ ਦੀ ਸਮੱਸਿਆ ਦੇ ਹੱਲ ਸਬੰਧੀ ਸਬੰਧਤ ਵਿਭਾਗ ਨਾਲ ਤਾਲਮੇਲ ਕੀਤਾ ਜਾ ਸਕਦਾ ਹੈ ।
ਇਸ ਮੌਕੇ ਹਰਪ੍ਰੀਤ ਸਿੰਘ ਵਧੀਕ ਜਿਲ੍ਹਾ ਅਟਾਰਨੀ, ਅਮਨਦੀਪ ਡੀ.ਐਸ.ਪੀ. (ਐਚ), ਰਜਿੰਦਰ ਕੁਮਾਰ ਉਪ ਜਿਲ੍ਹਾ ਸਿੱਖਿਆ ਅਫਸਰ, ਸਰਬਜੀਤ ਸਿੰਘ ਦਰਦੀ ਪ੍ਰਧਾਨ ਬਿਰਧ ਆਸ਼ਰਮ, ਡਾ. ਰੁਚੀ ਕਾਲੜਾ ਪ੍ਰੋਫੈਸਰ ਗੁਰੂ ਨਾਨਕ ਕਾਲਜ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਐਨ.ਜੀ.ਓਜ਼ ਹਾਜ਼ਰ ਸਨ।





