ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਈ, ਅਪਰਾਧ ’ਚ ਸ਼ਾਮਲ ਮੁਲਜ਼ਮ ਗ੍ਰਿਫ਼ਤਾਰ

ਜਲੰਧਰ ਕਮਿਸ਼ਨਰੇਟ ਪੁਲਿਸ ਨੇ ਅੰਨੇ ਕਤਲ ਕੇਸ ਦੀ ਗੁੱਥੀ ਸੁਲਝਾਈ, ਅਪਰਾਧ ’ਚ ਸ਼ਾਮਲ ਮੁਲਜ਼ਮ ਗ੍ਰਿਫ਼ਤਾਰ

ਜਲੰਧਰ, 5 ਮਈ: ਜਲੰਧਰ ਕਮਿਸ਼ਨਰੇਟ ਪੁਲਿਸ ਨੇ ਸਥਾਨਕ ਮੋਤਾ ਸਿੰਘ ਨਗਰ ਵਿੱਚ ਹੋਏ ਇੱਕ ਬਜ਼ੁਰਗ ਔਰਤ ਦੇ ਕਤਲ ਕੇਸ ਦੀ ਗੁੱਥੀ ਸੁਲਝਾਉਂਦਿਆਂ ਇਸ ਅਪਰਾਧ ਵਿੱਚ ਸ਼ਾਮਲ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭੀਮ ਸੈਨ ਦੁੱਗਲ ਪੁੱਤਰ ਸਵਰਗੀ ਸੰਤ ਪ੍ਰਕਾਸ਼ ਵਾਸੀ ਐਚ.ਨੰਬਰ 325, ਮੋਤਾ ਸਿੰਘ ਨਗਰ, ਜਲੰਧਰ ਦੇ ਬਿਆਨ 'ਤੇ ਐਫ.ਆਈ.ਆਰ. ਨੰਬਰ 73 ਮਿਤੀ 02.05.2025, 103(1) ਬੀ.ਐਨ.ਐਸ. ਅਧੀਨ ਥਾਣਾ ਡਿਵੀਜ਼ਨ ਨੰਬਰ 6, ਜਲੰਧਰ ਵਿਖੇ ਦਰਜ ਕੀਤੀ ਗਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਸੀ ਕਿ 01.05.2025 ਨੂੰ ਉਹ ਬਾਜ਼ਾਰ ਗਿਆ ਹੋਇਆ ਸੀ ਅਤੇ ਉਸਦੀ 69 ਸਾਲਾ ਪਤਨੀ ਵਿਨੋਦ ਕੁਮਾਰੀ, ਘਰ ਵਿੱਚ ਇਕੱਲੀ ਸੀ। ਵਾਪਸ ਆਉਣ 'ਤੇ ਉਸਨੇ ਵਾਰ-ਵਾਰ ਦਰਵਾਜ਼ੇ ਦੀ ਘੰਟੀ ਵਜਾਈ ਪਰ ਕੋਈ ਜਵਾਬ ਨਾ ਮਿਲਣ ਕਰਕੇ ਉਹ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਇਆ ਅਤੇ ਆਪਣੀ ਪਤਨੀ ਨੂੰ ਬੈੱਡਰੂਮ ਦੇ ਫਰਸ਼ 'ਤੇ ਮ੍ਰਿਤਕ ਪਿਆ ਦੇਖਿਆ। ਉਸਦੀਆਂ ਸੋਨੇ ਦੀਆਂ ਚੂੜੀਆਂ, ਅੰਗੂਠੀਆਂ ਅਤੇ ਮੋਬਾਇਲ ਫੋਨ ਗਾਇਬ ਸਨ, ਜੋ ਕਿ ਲੁੱਟ ਦੇ ਇਰਾਦੇ ਨੂੰ ਦਰਸਾਉਂਦਾ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਜਲੰਧਰ ਪੁਲਿਸ ਦੇ ਸੀ.ਆਈ.ਏ ਸਟਾਫ਼ ਨੇ ਤਕਨੀਕੀ ਖੁਫੀਆ ਜਾਣਕਾਰੀ, ਸੀ.ਸੀ.ਟੀ.ਵੀ. ਫੁਟੇਜ ਅਤੇ ਭਰੋਸੇਯੋਗ ਸਰੋਤਾਂ ਦੀ ਮਦਦ ਨਾਲ ਸ਼ੱਕੀ ਨੂੰ ਕਾਬੂ ਕੀਤਾ। ਮੁਲਜ਼ਮ ਦੀ  ਪਛਾਣ ਕਾਰਤਿਕ ਵੱਲਭ ਰੈਡੀ (21) ਪੁੱਤਰ ਰਮਨ ਵੱਲਭ ਰੈਡੀ ਵਜੋਂ ਹੋਈ ਹੈ, ਜੋ ਕਿ ਵਿਸ਼ਾਖਾਪਟਨਮ, ਆਂਧਰਾ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ 4 ਮਈ, 2025 ਨੂੰ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਅਗੇ ਦੱਸਿਆ ਕਿ ਪੁੱਛਗਿੱਛ ਦੌਰਾਨ ਸ਼ੱਕੀ ਨੇ ਕਬੂਲ ਕੀਤਾ ਕਿ ਉਸ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਔਰਤ ਨੂੰ ਇਕੱਲੀ ਛੱਡ ਕੇ ਘਰੋਂ ਨਿਕਲਦੇ ਦੇਖਿਆ ਸੀ। ਮੌਕਾ ਦੇਖਦਿਆਂ ਉਹ ਕੰਧ ਟੱਪ ਕੇ ਘਰ ਵਿੱਚ ਦਾਖ਼ਲ ਹੋਇਆ, ਪੀੜਤਾ ਨੂੰ ਲੁੱਟਿਆ ਅਤੇ ਫਿਰ ਚੋਰੀ ਕੀਤੇ ਗਹਿਣੇ ਅਤੇ ਫੋਨ ਲੈ ਕੇ ਭੱਜਣ ਤੋਂ ਪਹਿਲਾਂ ਉਸਦਾ ਕਤਲ ਕਰ ਦਿੱਤਾ।

ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਜਲੰਧਰ ਪੁਲਿਸ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਵਚਨਬੱਧ ਹੈ ਅਤੇ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।\

Tags: