ਸਪੀਕਰ ਸੰਧਵਾਂ ਨੇ ਘਰ ਦੀ ਡਿੱਗੀ ਛੱਡ ਬਣਾ ਕੇ ਦੇਣ ਦਾ ਕੀਤਾ ਵਾਅਦਾ
ਕੋਟਕਪੂਰਾ 29 ਸਤੰਬਰ () ਕੋਟਕਪੂਰਾ ਦੇ ਵਿਧਾਇਕ ਅਤੇ ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਬੀਤੀਂ ਰਾਤ ਸੁਰਗਾਪੁਰੀ ਇਲਾਕੇ ਵਿੱਚ ਉਸ ਪਰਿਵਾਰ ਦੇ ਘਰ ਪਹੁੰਚੇ, ਜਿਸ ਦੇ ਘਰ ਦੀ ਛੱਤ ਡਿੱਗਣ ਕਾਰਨ ਮਾਂ-ਪੁੱਤਰ ਗੰਭੀਰ ਜਖਮੀ ਹੋ ਗਏ ਸਨ। ਇਸ ਮੌਕੇ ਉਨ੍ਹਾਂ ਘਰ ਦੇ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਘਰ ਦੀ ਨਵੀਂ ਛੱਤ ਬਣਵਾ ਕੇ ਦੇਣ ਦਾ ਐਲਾਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਕਿਉਂ ਨਹੀਂ ਮਿਲਿਆ, ਇਸ ਦੀ ਵੀ ਪੜਤਾਲ ਕਰਵਾਈ ਜਾਵੇਗੀ।
ਜ਼ਿਕਰਯੋਗ ਹੈ ਕਿ ਪਿਛਲੇ ਸ਼ਨੀਵਾਰ ਸਵੇਰੇ ਸੁਰਗਾਪੁਰੀ ਇਲਾਕੇ ਦੀ ਕਾਲਾ ਰਾਮ ਪ੍ਰਧਾਨ ਵਾਲੀ ਗਲੀ ਵਿੱਚ ਬਰਸਾਤ ਕਾਰਨ ਕਮਜ਼ੋਰ ਹੋਈ ਨਰੇਸ਼ ਸਿੰਗਲਾ ਦੇ ਘਰ ਦੀ ਛੱਤ ਅਚਾਨਕ ਡਿੱਗ ਪਈ ਸੀ। ਉਸ ਵੇਲੇ ਨਰੇਸ਼ ਸਿੰਗਲਾ ਦੀ ਪਤਨੀ ਪੂਨਮ ਰਾਣੀ ਅਤੇ ਪੁੱਤਰ ਅਸ਼ਵਨੀ ਕੁਮਾਰ ਘਰ ਵਿੱਚ ਸਨ, ਜੋ ਮਲਬੇ ਹੇਠ ਦਬ ਕੇ ਜਖਮੀ ਹੋ ਗਏ। ਗੁਆਂਢੀਆਂ ਨੇ ਬੜੀ ਮੁਸ਼ਕਿਲ ਨਾਲ ਦੋਹਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਪਹੁੰਚਾਇਆ।
ਇਸ ਮੌਕੇ ਪੀੜਤ ਪਰਿਵਾਰ ਦੇ ਮੁਖੀ ਨਰੇਸ਼ ਸਿੰਗਲਾ ਨੇ ਦੱਸਿਆ ਕਿ ਉਸਨੇ ਘਰ ਦੀਆਂ ਛੱਤਾਂ ਦੀ ਮੁਰੰਮਤ ਲਈ ਕਈ ਵਾਰ ਨਗਰ ਕੌਂਸਲ ਕੋਲ ਬੇਨਤੀਆਂ ਕੀਤੀਆਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਦੀ ਸੂਚਨਾ ਮਿਲਣ ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਛੱਤ ਸਰਕਾਰ ਵੱਲੋਂ ਮੁੜ ਬਣਵਾ ਕੇ ਦਿੱਤੀ ਜਾਵੇਗੀ।