ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਿਮਾਰੀ ਮੁਕਤ ਜੀਵਨ ਲਈ ਲੋਕਾਂ ਨੂੰ ਯੋਗਾ ਅਪਣਾਉਣ ਦੀ ਅਪੀਲ

ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਬਿਮਾਰੀ ਮੁਕਤ ਜੀਵਨ ਲਈ ਲੋਕਾਂ ਨੂੰ ਯੋਗਾ ਅਪਣਾਉਣ ਦੀ ਅਪੀਲ

ਚੰਡੀਗੜ੍ਹ, 21 ਜੂਨ : ਪੰਜਾਬ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਅੱਜ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ਲੋਕਾਂ ਨੂੰ ਯੋਗਾ ਅਪਣਾਉਣ ਦੀ ਜ਼ੋਰਦਾਰ ਅਪੀਲ ਕਰਦਿਆਂ ਕਿਹਾ ਕਿ ਯੋਗਾ  ਜੀਵਨ ਵਿੱਚ ਬਦਲਾਅ ਲਿਆਉਣ ਅਤੇ ਲੰਬੇ ਤੇ ਬਿਮਾਰੀ ਮੁਕਤ ਜੀਵਨ ਪ੍ਰਦਾਨ ਕਰਨ ਵਾਲੀ ਉਸਾਰੂ ਸ਼ਕਤੀ ਹੈ।

ਆਪਣੇ ਸੰਦੇਸ਼ ਵਿੱਚ ਸਪੀਕਰ ਨੇ ਜ਼ੋਰ ਦਿੰਦਿਆਂ ਕਿਹਾ ਕਿ ਯੋਗਾ ਨਾਲ ਰੋਜ਼ਮਰ੍ਹਾ ਦੇ ਕੰਮਾਂ ਵਿੱਚ ਮਨ ਲਗਦਾ ਹੈ, ਡੂੰਘੀ ਸ਼ਾਂਤੀ ਮਿਲਦੀ ਹੈ ਅਤੇ ਸਿਹਤਮੰਦ ਜੀਵਨ ਸ਼ੈਲੀ ਦਾ ਸੰਚਾਰ ਹੁੰਦਾ ਹੈ। ਸ. ਸੰਧਵਾਂ ਨੇ ਕਿਹਾ, ‘‘ਸਾਨੂੰ ਸਾਰਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਯੋਗਾ ਕਰਨਾ ਚਾਹੀਦਾ ਹੈ,’’।

ਸਪੀਕਰ ਸੰਧਵਾਂ ਨੇ ਕਿਹਾ ਕਿ ‘‘ਸੀਐਮ ਦੀ ਯੋਗਸ਼ਾਲਾ’’ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਮਾਣਿਤ ਯੋਗਾ ਇੰਸਟ੍ਰਕਟਰਾਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਮੁਫਤ ਯੋਗਾ ਸਿਖਲਾਈ ਪ੍ਰਦਾਨ ਕਰਨ ਦੀ ਨਵੇਕਲੀ ਪਹਿਲ ਹੈ। ਇਸ ਪ੍ਰੋਗਰਾਮ ਦਾ ਉਦੇਸ਼ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨਾ, ਬਿਮਾਰੀਆਂ ਨੂੰ ਰੋਕਣਾ ਅਤੇ ਸੂਬੇ ਭਰ ਦੇ ਹਰ ਘਰ ਵਿੱਚ ਯੋਗਾ ਦੀ ਸ਼ਮੂਲੀਅਤ ਕਰਾਉਣਾ ਹੈ।

ਸਪੀਕਰ ਸੰਧਵਾਂ ਨੇ ‘ਸੀਐਮ ਦੀ ਯੋਗਸ਼ਾਲਾ ਯੋਜਨਾ’ ਲਈ ’ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਯੋਗਾ ਨੂੰ ਇਤਿਹਾਸਕ ਤੌਰ ’ਤੇ ਰਾਜਿਆਂ ਵਿਸ਼ੇਸ਼ ਵਿਰਾਸਤ ਵਜੋਂ ਦੇਖਿਆ ਜਾਂਦਾ ਸੀ, ਪਰ ਇਸ ਪਹਿਲਕਦਮੀ ਨੇ ਯੋਗਾ ਨੂੰ ਲੋਕਤੰਤਰਿਕ ਕੀਤਾ ਹੈ ਤਾਂ ਕਿ   ਆਮ ਆਦਮੀ ਦਾ ਜੀਵਨ ਲੰਬਾ, ਸਿਹਤਮੰਦ ਹੋ ਸਕੇ।

ਵਧ ਰਹੇ ਸਿਹਤ ਸਬੰਧੀ ਮਸਲਿਆਂ ’ਤੇ ਚਿੰਤਾ ਜ਼ਾਹਰ ਕਰਦਿਆਂ ਸਪੀਕਰ ਨੇ ਕਿਹਾ ਕਿ ਆਧੁਨਿਕ ਜੀਵਨ ਸ਼ੈਲੀ ਨੇ ਡਿਪਰੈਸ਼ਨ, ਦਿਮਾਗੀ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਵਰਗੀਆਂ ਗੰਭੀਰ ਸਿਹਤ ਸਥਿਤੀਆਂ ਵਿੱਚ ਵਾਧਾ ਕੀਤਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰੋਜ਼ਾਨਾ ਕਸਰਤ ਅਤੇ ਯੋਗਾ ਇਨ੍ਹਾਂ ਆਧੁਨਿਕ ਸਿਹਤ ਸੰਕਟਾਂ ਦਾ ਮੁਕਾਬਲਾ ਕਰਨ ਲਈ ਅਚੂਕ ਉਪਾਅ ਵਜੋਂ ਕੰਮ ਕਰਦੇ ਹਨ।

ਸਪੀਕਰ ਸੰਧਵਾਂ ਨੇ ਅੱਗੇ ਕਿਹਾ ਕਿ ਨਿੱਤਨੇਮ ਯੋਗਾ ਕਰਨ ਨਾਲ ਨਾ ਸਿਰਫ਼ ਸਿਹਤਯਾਬੀ ਬਰਕਾਰ ਰਹੇਗੀ ਬਲਕਿ ਮੌਜੂਦਾ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਨ ਵਿੱਚ ਵੀ ਮਦਦ ਮਿਲੇਗੀ। ਇਸ ਆਲਮੀ ਜਸ਼ਨ ਮੌਕੇ ਨਾਗਰਿਕਾਂ ਨੂੰ ਹਲੂਣਦਿਆਂ ਉਨ੍ਹਾਂ ਦੁਹਰਾਇਆ ਕਿ ਹਰੇਕ ਵਿਅਕਤੀ ਨੂੰ ਸੋਹਣਾ ਤੇ ਰਿਸ਼ਪੁਸ਼ਟ ਜੀਵਨ ਜਿਉਣ ਦਾ ਹੱਕ ਹੈ, ਜੋ ਕਿ ਰੋਜ਼ਾਨਾ 30 ਮਿੰਟ ਦੇ ਯੋਗ ਅਭਿਆਸ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਲੋਕਾਂ   ਸੱਦਾ ਦਿੰਦਿਆਂ ਕਿਹਾ: ‘‘ਯੋਗਾ ਅਪਣਾਓ ਅਤੇ ਸਿਹਤਮੰਦ ਰਹੋ’’।