ਆਰਟੀਫੀਸ਼ੀਅਲ ਇੰਟੈਲੀਜੈਂਸ ਰਾਹੀਂ ਪੰਜਾਬ ਰਾਜ ਖੁਰਾਕ ਕਮਿਸ਼ਨ ਹੋਵੇਗਾ ਮਜ਼ਬੂਤ
ਚੰਡੀਗੜ੍ਹ, 27 ਜੂਨ:
ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਮਾਹਿਰ ਸ੍ਰੀ ਨਿਪੁੰਨ ਸਿਆਲ ਨਾਲ ਇੱਕ ਵਿਚਾਰ-ਵਟਾਂਦਰਾ ਸੈਸ਼ਨ ਕੀਤਾ ਗਿਆ, ਜਿਸ ਦਾ ਉਦੇਸ਼ ਇਹ ਪਤਾ ਲਗਾਉਣਾ ਸੀ ਕਿ ਉੱਭਰ ਰਹੀਆਂ ਤਕਨਾਲੋਜੀਆਂ ਪੰਜਾਬ ਵਿੱਚ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨਐਫਐਸਏ), 2013 ਦੇ ਲਾਗੂਕਰਨ ਨੂੰ ਹੋਰ ਪਾਰਦਰਸ਼ੀ, ਕੁਸ਼ਲ ਅਤੇ ਨਾਗਰਿਕ-ਕੇਂਦ੍ਰਿਤ ਕਿਵੇਂ ਬਣਾ ਸਕਦੀਆਂ ਹਨ ਅਤੇ ਕਿਵੇਂ ਇਹ ਕਮਿਸ਼ਨ ਦੇ ਕੰਮਕਾਜ ਵਿੱਚ ਸਹਾਇਤਾ ਕਰ ਸਕਦੀਆਂ ਹਨ।
ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਕਿਹਾ ਕਿ ਕਮਿਸ਼ਨ ਐਨ.ਐਫ.ਐਸ.ਏ. ਦੇ ਲਾਗੂਕਰਨ ਦੀ ਨਿਗਰਾਨੀ ਕਰਨ, ਸ਼ਿਕਾਇਤਾਂ ਦੀ ਸਮੀਖਿਆ ਕਰਨ ਅਤੇ ਨੀਤੀਗਤ ਸੁਧਾਰਾਂ ਲਈ ਰਾਜ ਸਰਕਾਰ ਨੂੰ ਸਲਾਹ ਦੇਣ ਦਾ ਕੰਮ ਕਰਦਾ ਹੈ। ਉਨ੍ਹਾਂ ਕਿਹਾ, "ਅਸੀਂ ਏ.ਆਈ. ਨੂੰ ਇੱਕ ਅਜਿਹੇ ਸਾਧਨ ਵਜੋਂ ਦੇਖ ਰਹੇ ਹਾਂ ਜੋ ਰਿਐਕਟਿਵ ਨਿਗਰਾਨੀ ਤੋਂ ਹਟ ਕੇ ਅਸਲ-ਸਮੇਂ (ਰੀਅਲ-ਟਾਈਮ) ਅਤੇ ਡੇਟਾ-ਅਧਾਰਿਤ ਨਿਗਰਾਨੀ ਵੱਲ ਵਧਣ ਵਿੱਚ ਮਦਦ ਕਰੇਗਾ।"
ਕਮਿਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਨਿਪੁੰਨ ਸਿਆਲ ਨੇ ਉਨ੍ਹਾਂ ਖਾਸ ਖੇਤਰਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਿੱਥੇ ਏ.ਆਈ. ਕਮਿਸ਼ਨ ਦੇ ਕੰਮਕਾਜ ਵਿੱਚ ਸਹਾਇਤਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਏ.ਆਈ.-ਸਮਰੱਥ ਐਨਾਲਿਟਿਕਸ ਰੋਜ਼ਾਨਾ ਅਧਾਰ 'ਤੇ ਐਫ.ਪੀ.ਐਸ. ਲੈਵਲ ਈ-ਪੋਸ ਟ੍ਰਾਂਜੈਕਸ਼ਨ ਡੇਟਾ ਦੀ ਜਾਂਚ ਕਰ ਸਕਦੇ ਹਨ ਤਾਂ ਜੋ ਅਸਧਾਰਨ ਪੈਟਰਨਾਂ ਜਿਵੇਂ ਕਿ ਘੱਟ ਸਪਲਾਈ, ਬੰਦ ਪਏ ਰਾਸ਼ਨ ਡਿਪੂਆਂ, ਜਾਂ ਅਲਾਟ ਕੀਤੇ ਗਏ ਅਤੇ ਵੰਡੇ ਗਏ ਅਨਾਜ ਵਿਚਕਾਰ ਅੰਤਰ ਦੀ ਪਛਾਣ ਕੀਤੀ ਜਾ ਸਕੇ। ਇਸ ਨਾਲ ਕਮਿਸ਼ਨ ਨੂੰ ਸਮੱਸਿਆਵਾਂ ਦਾ ਜਲਦੀ ਪਤਾ ਲਗਾਉਣ ਅਤੇ ਸਮੇਂ ਸਿਰ ਸੁਧਾਰਾਤਮਕ ਕਾਰਵਾਈ ਕਰਨ ਵਿੱਚ ਮਦਦ ਮਿਲੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਮਸ਼ੀਨ ਲਰਨਿੰਗ ਮਾਡਲ ਪ੍ਰਮਾਣਿਤ ਡੇਟਾਸੈੱਟਾਂ ਨਾਲ ਸੁਰੱਖਿਅਤ ਕਰਾਸ-ਰੈਫਰੈਂਸਿੰਗ ਰਾਹੀਂ ਸੰਭਾਵਿਤ ਡੁਪਲੀਕੇਟ ਐਂਟਰੀਆਂ, ਗਲਤ ਭਰੇ ਅਤੇ ਭਰਨ ਤੋਂ ਰਹਿ ਗਏ ਵੇਰਵਿਆਂ ਦੀਆਂ ਗਲਤੀਆਂ ਦਾ ਪਤਾ ਲਗਾ ਕੇ ਲਾਭਪਾਤਰੀਆਂ ਦੇ ਡੇਟਾ ਦੀ ਸ਼ੁੱਧਤਾ ਨੂੰ ਸੁਧਾਰਨ ਵਿੱਚ ਮਦਦ ਕਰ ਸਕਦੇ ਹਨ।
ਸ਼ਿਕਾਇਤ ਨਿਵਾਰਣ ਲਈ ਏ.ਆਈ.-ਸੰਚਾਲਿਤ ਬਹੁ-ਭਾਸ਼ਾਈ ਚੈਟਬੋਟਸ ਅਤੇ ਪੰਜਾਬੀ ਵਿੱਚ ਵੌਇਸ ਅਸਿਸਟੈਂਟ 24x7 (ਚੌਵੀ ਘੰਟੇ) ਸ਼ਿਕਾਇਤ ਦਰਜ ਕਰਨ ਦੀ ਸਹੂਲਤ ਪ੍ਰਦਾਨ ਕਰ ਸਕਦੇ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ, ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਮੈਂਬਰ ਸਕੱਤਰ ਕਨੂ ਥਿੰਦ ਵੀ ਹਾਜ਼ਰ ਸਨ।

