ਮਾਲੇਰਕੋਟਲਾ ਵਿੱਚ 10 ਨਵੰਬਰ ਤੋਂ ਸ਼ੁਰੂ ਹੋਵੇਗੀ ਪ੍ਰੀ-ਟੈਸਟ ਜਨਗਣਨਾ -ਡੀ.ਸੀ. ਵਿਰਾਜ ਐਸ. ਤਿੜਕੇ
By NIRPAKH POST
On
ਮਾਲੇਰਕੋਟਲਾ, 1 ਨਵੰਬਰ –
ਅਗਾਮੀ ਜਨਗਣਨਾ 2027 ਦੀ ਤਿਆਰੀ ਨੂੰ ਸੁਚਾਰੂ ਅਤੇ ਸਮਾਂਬੱਧ ਢੰਗ ਨਾਲ ਪੂਰਾ ਕਰਨ ਲਈ ਤਹਿਸੀਲ ਮਾਲੇਰਕੋਟਲਾ ਦੇ 14 ਪਿੰਡਾਂ ਵਿੱਚ ਪ੍ਰੀ-ਟੈਸਟ ਜਨਗਣਨਾ 10 ਨਵੰਬਰ ਤੋਂ 30 ਨਵੰਬਰ ਤੱਕ ਡਿਜੀਟਲ ਤਰੀਕੇ ਨਾਲ ਕੀਤੀ ਜਾਵੇਗੀ ।
ਇਸ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਦੱਸਿਆ ਕਿ ਇਹ ਪ੍ਰੀ-ਟੈਸਟ ਜਨਗਣਨਾ ਰਾਜ ਅਤੇ ਕੇਂਦਰ ਸਰਕਾਰ ਵੱਲੋਂ ਆਉਣ ਵਾਲੀ ਜਨਗਣਨਾ ਲਈ ਤਕਨੀਕੀ ਅਤੇ ਪ੍ਰਸ਼ਾਸਨਿਕ ਤੌਰ ‘ਤੇ ਪੂਰੀ ਤਿਆਰੀ ਯਕੀਨੀ ਬਣਾਉਣ ਲਈ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 31 ਦਸੰਬਰ 2025 ਤੱਕ ਸ਼ਹਿਰਾਂ ਅਤੇ ਪਿੰਡਾਂ ਦੀਆਂ ਪ੍ਰਸ਼ਾਸਨਿਕ ਸੀਮਾਵਾਂ ਨੂੰ ਅੰਤਿਮ ਰੂਪ ਦੇਣਾ ਲਾਜ਼ਮੀ ਹੈ, ਜਿਸ ਨਾਲ ਆਉਣ ਵਾਲੀ ਜਨਗਣਨਾ ਦੌਰਾਨ ਡਾਟਾ ਇਕੱਠਾ ਕਰਨ ਦਾ ਕੰਮ ਸਹਿਜ ਹੋਵੇਗਾ। ਇਸ ਪ੍ਰਕਿਰਿਆ ਦੀ ਸਫਲ ਤਾਮੀਲ ਲਈ ਵਧੀਕ ਡਿਪਟੀ ਕਮਿਸ਼ਨਰ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਵਿੱਚ ਤਹਿਸੀਲ ਮਾਲੇਰਕੋਟਲਾ ਦੇ ਚੁਣੇ ਹੋਏ 14 ਪਿੰਡਾਂ ਜਿਵੇਂ ਕਿ ਪਿੰਡ ਉਪਲ ਖੇੜੀ, ਮਾਣਕਮਾਜਰਾ, ਭੈਣੀ ਕਲਾਂ, ਰੁਸਤਮਗੜ੍ਹ, ਕਿਸ਼ਣਗੜ੍ਹ, ਰਟੋਲਾਂ, ਆਦਮਪਾਲ, ਸਕੋਹਪੁਰ ਸੰਗਾਮ, ਮੁਹੰਮਦਗੜ੍ਹ, ਹਿਮਤਾਣਾ, ਫੈਜ਼ਗੜ੍ਹ, ਦਲੇਲਗੜ੍ਹ, ਸੁਆਦਤਪੁਰ ਅਤੇ ਪਿੰਡ ਨੋਧਰਾਣੀ ਵਿੱਚ ਇਹ ਪ੍ਰੀ-ਟੈਸਟ ਜਨਗਣਨਾ ਕੀਤੀ ਜਾਵੇਗੀ। ਇਸ ਦੌਰਾਨ ਗਿਣਤੀਕਾਰ ਘਰ ਘਰ ਜਾ ਕੇ ਜਾਣਕਾਰੀ ਇਕੱਠੀ ਕਰਨਗੇ। ਪਹਿਲੇ ਫੇਜ਼ ਵਿੱਚ ਘਰਾਂ ਦੀ ਗਿਣਤੀ (House Listing) ਕੀਤੀ ਜਾਵੇਗੀ ਅਤੇ ਦੂਜੇ ਫੇਜ਼ ਵਿੱਚ ਲੋਕ ਗਿਣਤੀ (Population Enumeration) ਦਾ ਕੰਮ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਨ੍ਹਾਂ ਚੁਣੇ ਗਏ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਜਨਗਣਨਾ ਟੀਮ ਨਾਲ ਪੂਰਾ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਜਨਗਣਨਾ ਦੇ ਅੰਕੜੇ ਸਰਕਾਰ ਲਈ ਲੋਕ ਹਿੱਤ ਦੇ ਨਵੇਂ ਵਿਕਾਸ ਪ੍ਰੋਜੈਕਟਾਂ ਦੀ ਯੋਜਨਾ ਬਣਾਉਣ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ।





