77ਵੇਂ ਗਣਤੰਤਰ ਦਿਵਸ ਮੌਕੇ ਮਾਲੇਰਕੋਟਲਾ ‘ਚ ਵਿਕਾਸ, ਸਿਹਤ, ਸਿੱਖਿਆ, ਨਸ਼ਾ-ਮੁਕਤੀ ਅਤੇ ਖੁਸ਼ਹਾਲੀ ਦੀ ਤਸਵੀਰ ਪੇਸ਼ ਕਰਦੀਆਂ ਸ਼ਾਨਦਾਰ ਝਾਕੀਆਂ ਦਾ ਆਯੋਜਨ
ਮਾਲੇਰਕੋਟਲਾ, 27 ਜਨਵਰੀ -
ਦੇਸ਼ ਦੇ 77ਵੇਂ ਗਣਤੰਤਰ ਦਿਵਸ ਮੌਕੇ ਸਥਾਨਕ ਡਾ. ਜਾਕਿਰ ਹੁਸੈਨ ਸਟੇਡੀਅਮ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਵੱਖ-ਵੱਖ ਸਰਕਾਰੀ ਵਿਭਾਗਾਂ ਵੱਲੋਂ ਤਿਆਰ ਕੀਤੀਆਂ ਗਈਆਂ ਸ਼ਾਨਦਾਰ ਝਾਕੀਆਂ ਨੇ “ਵਿਕਸਿਤ, ਨਸ਼ਾ-ਮੁਕਤ, ਸਿਹਤਯਾਬ ਤੇ ਰੰਗਲਾ ਪੰਜਾਬ”ਦੀ ਜੀਵੰਤ ਤਸਵੀਰ ਲੋਕਾਂ ਸਾਹਮਣੇ ਰੱਖੀ। ਇਹ ਝਾਕੀਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਰੋਜ਼ਗਾਰ, ਸਿਹਤ, ਸਿੱਖਿਆ, ਮੁਫ਼ਤ ਬਿਜਲੀ ਅਤੇ ਪ੍ਰਸ਼ਾਸਕੀ ਸੁਧਾਰਾਂ ਨੂੰ ਸਭ ਤੋਂ ਉੱਚੀ ਤਰਜੀਹ ਦਰਸਾ ਰਹੀਆਂ ਸਨ ।
ਪਹਿਲੀ ਝਾਕੀ ਸਿਹਤ ਵਿਭਾਗ ਮਾਲੇਰਕੋਟਲਾ ਵੱਲੋਂ “ਮੁੱਖ ਮੰਤਰੀ ਸਿਹਤ ਯੋਜਨਾ, ਏਡਜ਼ ਜਾਗਰੂਕਤਾ ਅਤੇ ਯੁੱਧ ਨਸ਼ਿਆਂ ਵਿਰੁੱਧ” ਥੀਮ ‘ਤੇ ਆਧਾਰਿਤ ਸੀ, ਜਿਸ ਰਾਹੀਂ ਮੁਫ਼ਤ ਇਲਾਜ, ਬਿਹਤਰ ਸਿਹਤ ਸਹੂਲਤਾਂ ਅਤੇ ਨਸ਼ਾ-ਮੁਕਤ ਸਮਾਜ ਦਾ ਸੰਦੇਸ਼ ਦਿੱਤਾ ਗਿਆ।
ਦੂਜੀ ਝਾਕੀ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਦੀ ਸੀ, ਜਿਸ ਰਾਹੀਂ ਮਹਿਲਾ ਸਸ਼ਕਤੀਕਰਨ ਦੀ ਸਫਲ ਕਹਾਣੀ ਦਰਸਾਈ ਗਈ। ਜ਼ਿਲ੍ਹੇ ਵਿੱਚ 5000 ਤੋਂ ਵੱਧ ਮਹਿਲਾਵਾਂ 410 ਸਵੈ-ਸਹਾਇਤਾ ਸਮੂਹਾਂ ਨਾਲ ਜੁੜ ਕੇ ਆਤਮਨਿਰਭਰ ਬਣ ਰਹੀਆਂ ਹਨ।
ਤੀਜੀ ਝਾਕੀ ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ “ਸਕੂਲ ਆਫ਼ ਐਮੀਨੈਂਸ” ਥੀਮ ‘ਤੇ ਆਧਾਰਿਤ ਸੀ, ਜਿਸ ਨੇ ਪੰਜਾਬ ਸਰਕਾਰ ਦੀ ਸਿੱਖਿਆ ਕ੍ਰਾਂਤੀ ਅਤੇ ਵਿਦਿਆਰਥੀਆਂ ਲਈ ਦਿੱਤੀਆਂ ਜਾ ਰਹੀਆਂ ਆਧੁਨਿਕ ਸਹੂਲਤਾਂ ਨੂੰ ਉਜਾਗਰ ਕੀਤਾ।
ਚੌਥੀ ਝਾਕੀ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਵੱਲੋਂ ਤਿਆਰ ਕੀਤੀ ਗਈ, ਜਿਸ ਵਿੱਚ ਫ਼ਸਲੀ ਵਿਭਿੰਨਤਾ, ਮੱਧੂ ਮੱਖੀ ਪਾਲਣ, ਖੁੰਭ ਕਾਸ਼ਤ ਅਤੇ ਮਿੱਟੀ ਸਿਹਤ ਰਾਹੀਂ ਕਿਸਾਨਾਂ ਦੀ ਆਮਦਨ ਵਧਾਉਣ ਦਾ ਸੰਦੇਸ਼ ਦਿੱਤਾ ਗਿਆ।
ਪੰਜਵੀਂ ਝਾਕੀ ਜ਼ਿਲ੍ਹਾ ਚੋਣ ਦਫਤਰ ਵੱਲੋਂ ਵੋਟਰ ਜਾਗਰੂਕਤਾ ਲਈ ਸਮਰਪਿਤ ਸੀ, ਜਦਕਿ ਛੇਵੀਂ ਝਾਕੀ ਪੀ.ਐਸ.ਪੀ.ਸੀ.ਐਲ. ਵੱਲੋਂ ਪੰਜਾਬ ਸਰਕਾਰ ਦੀਆਂ ਇਤਿਹਾਸਕ ਬਿਜਲੀ ਸੁਧਾਰ ਨੀਤੀਆਂ ਅਤੇ ਲੋਕ-ਹਿਤੈਸ਼ੀ ਫੈਸਲਿਆਂ ਨੂੰ ਦਰਸਾਉਂਦੀ ਸੀ।
ਆਖਰੀ ਝਾਕੀ ਉਦਯੋਗ ਅਤੇ ਕਾਮਰਸ ਵਿਭਾਗ ਵੱਲੋਂ ਪੇਸ਼ ਕੀਤੀ ਗਈ, ਜਿਸ ਵਿੱਚ ਮਾਲੇਰਕੋਟਲਾ ਨੂੰ ਆਧੁਨਿਕ ਖੇਤੀਬਾੜੀ ਮਸ਼ੀਨਰੀ ਬਣਾਉਣ ਦੇ ਇੱਕ ਉਭਰਦੇ ਕੇਂਦਰ ਵਜੋਂ ਦਰਸਾਇਆ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਨੇ ਸਮੂਹ ਵਿਭਾਗਾਂ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਝਾਕੀਆਂ ਨੇ ਸਰਕਾਰ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਜ਼ਿਲ੍ਹੇ ਦੀ ਵਿਕਾਸ ਯਾਤਰਾ ਨੂੰ ਬਹੁਤ ਹੀ ਸੁੰਦਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲੋਕਾਂ ਤੱਕ ਪਹੁੰਚਾਇਆ ਹੈ। ਉਨ੍ਹਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਇਸ ਸ਼ਾਨਦਾਰ ਪ੍ਰਸਤੁਤੀ ਲਈ ਵਧਾਈ ਦਿੱਤੀ।


