ਕੌਮਾਂਤਰੀ ਹਾਈਪਰਟੈਂਸ਼ਨ ਦਿਵਸ ਮੌਕੇ ਸਿਵਲ ਸਰਜਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਅਪੀਲ
By NIRPAKH POST
On
ਰੂਪਨਗਰ, 17 ਮਈ: ਕੌਮਾਂਤਰੀ ਹਾਈਪਰਟੈਂਸ਼ਨ ਦਿਵਸ ਮੌਕੇ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਵੱਲੋਂ ਲੋਕਾਂ ਨਾਲ ਮਹੱਤਵਪੂਰਨ ਸਿਹਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹਾਈਪਰਟੈਂਸ਼ਨ (ਉੱਚ ਰਕਤ ਚਾਪ) ਕਈ ਗੰਭੀਰ ਸਿਹਤ ਸਮੱਸਿਆਵਾਂ ਦਾ ਮੁੱਖ ਕਾਰਨ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਸਟ੍ਰੋਕ, ਦਿਲ ਦੇ ਦੌਰੇ, ਗੁਰਦੇ ਦੀਆਂ ਬਿਮਾਰੀਆਂ ਅਤੇ ਡਿਮੇਨਸ਼ੀਆ (ਦਿਮਾਗੀ ਕਮਜ਼ੋਰੀ) ਵਰਗੀਆਂ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਬਹੁਤ ਸਾਰੇ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੁੰਦਾ ਕਿ ਉਹ ਹਾਈਪਰਟੈਂਸ਼ਨ ਤੋਂ ਪੀੜਤ ਹਨ ਕਿਉਂਕਿ ਇਸਦੇ ਸ਼ੁਰੂਆਤੀ ਦੌਰ ਵਿੱਚ ਕੋਈ ਖਾਸ ਲੱਛਣ ਸਾਹਮਣੇ ਨਹੀਂ ਆਉਂਦੇ। ਅਕਸਰ ਲੋਕਾਂ ਨੂੰ ਦਿਲ ਦਾ ਦੌਰਾ ਜਾਂ ਸਟ੍ਰੋਕ ਹੋਣ ਤੋਂ ਬਾਅਦ ਹੀ ਇਸ ਬਿਮਾਰੀ ਬਾਰੇ ਜਾਣਕਾਰੀ ਮਿਲਦੀ ਹੈ।
ਉਨ੍ਹਾਂ ਨੇ ਕਿਹਾ ਕਿ 30 ਸਾਲ ਤੋਂ ਵੱਧ ਉਮਰ ਦੇ ਹਰ ਵਿਅਕਤੀ ਨੂੰ ਆਪਣਾ ਬਲੱਡ ਪ੍ਰੈਸ਼ਰ ਨਿਯਮਤ ਤੌਰ ‘ਤੇ ਚੈੱਕ ਕਰਵਾਉਣਾ ਚਾਹੀਦਾ ਹੈ ਅਤੇ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਦਾ ਸਹੀ ਤਰੀਕੇ ਨਾਲ ਸੇਵਨ ਕਰਨਾ ਚਾਹੀਦਾ ਹੈ। ਇਸਦੇ ਨਾਲ ਹੀ ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਕਰਨੀ ਅਤੇ ਸੰਤੁਲਿਤ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ।
ਉਨ੍ਹਾਂ ਲੋਕਾਂ ਨੂੰ ਵਧੇਰੇ ਤੇਲ, ਮਸਾਲੇਦਾਰ ਭੋਜਨ ਅਤੇ ਜ਼ਿਆਦਾ ਨਮਕ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ। ਇਸਦੇ ਇਲਾਵਾ ਸ਼ਰਾਬ ਅਤੇ ਬੀੜੀ-ਸਿਗਰਟ ਵਰਗੀਆਂ ਨਸ਼ੇ ਦੀਆਂ ਆਦਤਾਂ ਤੋਂ ਦੂਰ ਰਹਿਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਤਣਾਅ ਰਹਿਤ ਜੀਵਨ ਲਈ ਯੋਗਾ ਅਤੇ ਧਿਆਨ ਨੂੰ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ।
ਸਿਵਲ ਸਰਜਨ ਨੇ ਦੱਸਿਆ ਕਿ ਜੀਵਨਸ਼ੈਲੀ ਵਿੱਚ ਸਕਾਰਾਤਮਕ ਤਬਦੀਲੀਆਂ ਕਰਕੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਐਨ.ਸੀ.ਡੀ. ਪ੍ਰੋਗਰਾਮ ਤਹਿਤ ਸਾਰੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਬਲੱਡ ਪ੍ਰੈਸ਼ਰ, ਸ਼ੂਗਰ ਆਦਿ ਗੈਰ ਸੰਚਾਰੀ ਰੋਗਾਂ ਦੀ ਸਕ੍ਰੀਨਿੰਗ ਅਤੇ ਲੋੜੀਂਦੀਆਂ ਦਵਾਈਆਂ ਮੁਫ਼ਤ ਉਪਲਬਧ ਕਰਵਾਈਆਂ ਜਾਂਦੀਆਂ ਹਨ।

