ਕੈਬਨਿਟ ਮੰਤਰੀ ਖੁੱਡੀਆ ਨੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨ
ਲੰਬੀ/ਮਲੋਟ/ ਸ੍ਰੀ ਮੁਕਤਸਰ ਸਾਹਿਬ, 25 ਜੁਲਾਈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਮਿਆਰੀ ਅਤੇ ਮੁਫ਼ਤ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਤਹਿਤ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਪੰਜਾਬ ਸ.ਗੁਰਮੀਤ ਸਿੰਘ ਖੁੱਡੀਆ ਨੇ ਲੰਬੀ ਹਲਕੇ ਦੇ ਪਿੰਡ ਘੁਮਿਆਰਾ ਵਿਖੇ
ਆਮ ਆਦਮੀ ਕਲੀਨਿਕਾਂ ਦਾ ਉਦਘਾਟਨ ਕੀਤਾ।
ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ, ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਦੇ ਹਰ ਨਾਗਰਿਕ ਤੱਕ ਸਰਵੋਤਮ ਸਿਹਤ ਸਹੂਲਤਾਂ ਪਹੁੰਚਾਉਣਾ ਹੈ। ਇਹ ਆਮ ਆਦਮੀ ਕਲੀਨਿਕ ਸਿਹਤ ਕ੍ਰਾਂਤੀ ਦਾ ਪ੍ਰਤੀਕ ਹਨ, ਜਿੱਥੇ ਆਮ ਲੋਕਾਂ ਨੂੰ ਹੁਣ ਮਾਮੂਲੀ ਬਿਮਾਰੀਆਂ ਦੇ ਇਲਾਜ ਲਈ ਦੂਰ—ਦੁਰਾਡੇ ਦੇ ਵੱਡੇ ਹਸਪਤਾਲਾਂ ਵਿੱਚ ਨਹੀਂ ਜਾਣਾ ਪਵੇਗਾ। ਇੱਥੇ ਮਾਹਰ ਡਾਕਟਰਾਂ ਦੀ ਦੇਖਰੇਖ ਹੇਠ ਵਧੀਆ ਇਲਾਜ ਯਕੀਨੀ ਬਣਾਇਆ ਜਾਵੇਗਾ।
ਉਹਨਾਂ ਕਿਹਾ ਕਿ ਇਸ ਕਲੀਨਿਕ ਦੇ ਖੁੱਲ੍ਹਣ ਨਾਲ ਪਿੰਡ ਨਿਵਾਸੀਆਂ ਤੋਂ ਇਲਾਵਾ ਨਾਲ ਲੱਗਦੇ ਪਿੰਡਾਂ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ ਸਰਕਾਰ ਵਲੋਂ ਜਿਲ੍ਹੇ ਵਿੱਚ 26 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ ਅਤੇ ਜਿ਼ਲ੍ਹੇ ਵਿੱਚ 10 ਹੋਰ ਆਮ ਆਦਮੀ ਕਲੀਨਿਕ ਖੋਲ੍ਹੇ ਜਾ ਰਹੇ ਹਨ।
ਇਸ ਕਲੀਨਿਕ ਵਿੱਚ ਲੋਕਾਂ ਨੂੰ ਮੁਫਤ ਡਾਕਟਰੀ ਸਲਾਹ ਦੇ ਨਾਲ ਨਾਲ 46 ਤਰ੍ਹਾਂ ਦੇ ਕਲੀਨਿਕਲ ਟੈਸਟ ਮੁਫਤ ਅਤੇ 107 ਤਰ੍ਹਾਂ ਦੀਆਂ ਉੱਚ ਮਿਆਰ ਦੀਆਂ ਦਵਾਈਆਂ ਬਿਲਕੁਲ ਮੁਫ਼ਤ ਦਿੱਤੀਆਂ ਜਾਣਗੀਆਂ।
ਡਾ. ਹਰਵਿੰਦਰ ਸਿੰਘ ਐਸ.ਐਮ.ਓ ਲੰਬੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਨਵੀਆਂ ਮਸ਼ੀਨਾਂ ਨਾਲ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਉੱਚ ਪੱਧਰੀ ਜਾਂਚ ਸਹੂਲਤਾਂ ਆਪਣੇ ਨੇੜਲੇ ਸਰਕਾਰੀ ਹਸਪਤਾਲਾਂ ਵਿੱਚ ਹੀ ਉਪਲਬਧ ਕਰਵਾਈਆਂ ਜਾ ਰਹੀਆਂ ਹਨ, ਇਸ ਨਾਲ ਗਰਭਵਤੀ ਮਹਿਲਾਵਾਂ, ਬੱਚਿਆਂ ਅਤੇ ਹੋਰ ਮਰੀਜ਼ਾਂ ਦੀਆਂ ਅਲਟਰਾਸਾਊਂਡ ਜਾਂਚਾਂ ਸਮੇਂ ਸਿਰ ਅਤੇ ਵਧੇਰੇ ਸ਼ੁੱਧਤਾ ਨਾਲ ਹੋ ਸਕਣਗੀਆਂ।ਇਸ ਮੌਕੇ ਪਤਵੰਤੇ ਵਿਅਕਤੀ ਵੀ ਮੌਜੂਦ ਸਨ

