ਵਿਧਾਇਕ ਜਲਾਲਾਬਾਦ ਨੇ ਅਰਨੀ ਵਾਲਾ ਦੇ ਪਿੰਡ ਸਜਰਾਣਾ ਵਿਖ਼ੇ ਮੀਂਹ ਕਾਰਨ ਖਰਾਬ ਹੋਇਆ ਫ਼ਸਲਾਂ ਦਾ ਜਾਇਜਾ ਲਿਆ
ਜਲਾਲਾਬਾਦ 6 ਅਗਸਤ
ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਸਿੰਘ ਗੋਲਡੀ ਕੰਬੋਜ ਵੱਲੋਂ ਮੀਂਹ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਨਾਲ ਖਲੋਦਿਆਂ ਪਾਣੀ ਦੀ ਨਿਕਾਸੀ ਲਈ ਲੋੜੀਂਦਾ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਲਗਾਤਾਰ ਪਿੰਡਾਂ ਦਾ ਦੌਰਾ ਕਰਕੇ ਕਿਸਾਨ ਵੀਰਾਂ ਨੂੰ ਇਸ ਸਥਿਤੀ ਨਾਲ ਨਜਿਠਣ ਦੀ ਹੌਸਲਾਅਫਜਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਕਿਸਾਨਾਂ ਦੇ ਨਾਲ ਹੈ।
ਵਿਧਾਇਕ ਜਲਾਲਾਬਾਦ ਸ੍ਰੀ ਗੋਲਡੀ ਕੰਬੋਜ ਨੇ ਹਲਕੇ ਦੇ ਬਲਾਕ ਅਰਨੀ ਵਾਲਾ ਦੇ ਪਿੰਡ ਸਜਰਾਣਾ ਵਿਖ਼ੇ ਮੀਂਹ ਕਾਰਨ ਖਰਾਬ ਹੋਇਆ ਫ਼ਸਲਾਂ ਦਾ ਜਾਇਜਾ ਲਿਆ। ਉਨ੍ਹਾਂ ਮੌਕੇ ਤੇ ਹੀ ਕਿਸਾਨ ਵੀਰਾਂ ਨੂੰ ਹਰ ਸੰਭਵ ਮਦਦ ਲਈ ਲੋੜੀਂਦਾ ਸਮਾਨ ਵੀ ਮੁਹੱਈਆ ਕਰਵਾਇਆ ਤੇ ਪਾਣੀ ਦੀ ਨਿਕਾਸੀ ਵਿਚ ਹੋਰ ਤੇਜੀ ਲਿਆਉਣ ਦੇ ਇੰਤਜਾਮ ਕਰਵਾਏ। ਉਨ੍ਹਾਂ ਕਿਸਾਨਾਂ ਵਿਚ ਵਿਚਰ ਕੇ ਸਥਿਤੀ ਦਾ ਜਾਇਜਾ ਲੈਣ ਉਪਰੰਤ ਕਿਹਾ ਕਿ ਪਿਛਲੇ ਹਿਸਿਆਂ ਅਤੇ ਜ਼ਿਲ੍ਹਾ ਫਾਜ਼ਿਲਕਾ ਵਿਚ ਸਮੇਂ ਤੋਂ ਪਹਿਲਾਂ ਬਾਰਿਸ਼ਾ ਪੈਣ ਕਰਕੇ ਇਹ ਸਥਿਤੀ ਪੈਦੀ ਹੋਈ ਹੈ ਪਰ ਪੰਜਾਬ ਸਰਕਾਰ ਕਿਸਾਨ ਵੀਰਾਂ ਦੇ ਨਾਲ ਹੈ ਤੇ ਕਿਸੇ ਵੀ ਕਿਸਾਨ ਵੀਰ ਦੀ ਫਸਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਸਟਾਫ ਲਗਾਤਾਰ ਮੋਟਰਾਂ ਅਤੇ ਹੋਰ ਢੁਕਵੇ ਸਾਧਨਾਂ ਰਾਹੀਂ ਪਾਣੀ ਦੀ ਨਿਕਾਸੀ ਕਰਵਾਉਣ ਵਿਚ ਲਗਾਤਾਰ ਯਤਨਸ਼ੀਲ ਹਨ। ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਨੁਕਸਾਨੀਆਂ ਫਸਲਾਂ ਦੀ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਜੋ ਖਰਾਬ ਹੋਈਆਂ ਫਸਲਾਂ ਦੇ ਮੁਆਵਜੇ ਲਈ ਪੰਜਾਬ ਸਰਕਾਰ ਨੂੰ ਲਿਖਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਵਾਇਆ ਕਿ ਇਸ ਸਥਿਤੀ ਤੋਂ ਜਲਦ ਹੀ ਨਿਜਾਤ ਮਿਲ ਜਾਵੇਗੀ ਤੇ ਕਿਸਾਨ ਭਰਾ ਆਪਣੀਆਂ ਅਗਲੀਆਂ ਫਸਲਾਂ ਦੀ ਬਿਜਾਈ ਕਰ ਸਕਣਗੇ।