ਮਹਿੰਦਰਾ ਗਰੁੱਪ ਪੰਜਾਬ ਵਿੱਚ ਨਿਵੇਸ਼ ਨਾਲ ਆਪਣੇ ਵਪਾਰਕ ਆਧਾਰ ਨੂੰ ਲਗਾਤਾਰ ਮਜ਼ਬੂਤੀ ਦੇ ਰਿਹੈ: ਸੰਜੀਵ ਅਰੋੜਾ
ਚੰਡੀਗੜ੍ਹ 24 ਜਨਵਰੀ, 2026:
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਮਹਿੰਦਰਾ ਐਂਡ ਮਹਿੰਦਰਾ ਭਾਰਤ ਦੇ ਮੋਹਰੀ ਬਹੁ-ਕੌਮੀ ਗਰੁੱਪਾਂ ਵਿੱਚੋਂ ਇੱਕ ਹੈ ਜਿਸਨੇ ਆਟੋਮੋਟਿਵ, ਖੇਤੀ ਉਪਕਰਣ, ਵਿੱਤੀ ਸੇਵਾਵਾਂ, ਨਿਰਮਾਣ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਵਿੱਚ ਆਪਣੀ ਮਜ਼ਬੂਤ ਜਗ੍ਹਾ ਬਣਾਈ ਹੈ। ਇਸ ਗਰੁੱਪ ਕੋਲ ਵਿਸ਼ਵ ਪੱਧਰ 'ਤੇ ਪ੍ਰਤੀਯੋਗੀ ਉਦਯੋਗਿਕ ਪਲੇਟਫਾਰਮ ਬਣਾਉਣ ਲਈ ਇੱਕ ਵੱਡਾ ਮਾਣ-ਸਨਮਾਨ ਹੈ ਅਤੇ ਇਹ ਭਾਰਤ ਦੇ ਸਭ ਤੋਂ ਵੱਡੇ ਮੋਬਿਲਟੀ ਸਲਿਊਸ਼ਨ ਨਿਰਮਾਤਾਵਾਂ ਵਿੱਚੋਂ ਇੱਕ ਹੈ, ਜਿਸਦਾ ਕੰਮਕਾਜ ਘਰੇਲੂ ਅਤੇ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਫੈਲਿਆ ਹੋਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਮਹਿੰਦਰਾ ਐਂਡ ਮਹਿੰਦਰਾ ਲਿਮਟਿਡ ਨੇ ਜਾਪਾਨ-ਅਧਾਰਤ ਸੁਮਿਤੋਮੋ ਕਾਰਪੋਰੇਸ਼ਨ ਅਤੇ ਇਸੂਜ਼ੂ ਮੋਟਰਜ਼ ਤੋਂ ਸ਼ੇਅਰਾਂ ਦੀ ਖਰੀਦ ਰਾਹੀਂ ਲਗਭਗ 555 ਕਰੋੜ ਰੁਪਏ ਵਿੱਚ ਐਸਐਮਐਲ ਇਸੂਜ਼ੂ ਲਿਮਟਿਡ ‘ਚ 58.96 ਫੀਸਦ ਹਿੱਸੇਦਾਰੀ ਹਾਸਲ ਕੀਤੀ ਹੈ। ਅਗਸਤ 2025 ਵਿੱਚ ਲੈਣ-ਦੇਣ ਪੂਰਾ ਹੋਣ ਤੋਂ ਬਾਅਦ ਕੰਪਨੀ ਦੇ ਬੋਰਡ ਦਾ ਪੁਨਰਗਠਨ ਕੀਤਾ ਗਿਆ ਸੀ, ਅਤੇ ਫਰਮ ਦਾ ਨਾਮ ਐਸਐਮਐਲ ਮਹਿੰਦਰਾ ਲਿਮਟਿਡ ਰੱਖਿਆ ਜਾ ਰਿਹਾ ਹੈ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਐਸਐਮਐਲ ਮਹਿੰਦਰਾ ਲਿਮਟਿਡ ਭਾਰਤ ਵਿੱਚ ਹਲਕੇ ਅਤੇ ਦਰਮਿਆਨੇ ਵਪਾਰਕ ਵਾਹਨਾਂ (ਐਲਸੀਵੀ/ਐਮਸੀਵੀ) ਦਾ ਇੱਕ ਮੋਹਰੀ ਨਿਰਮਾਤਾ ਹੈ, ਜਿਸਦੀ ਲੌਜਿਸਟਿਕਸ, ਯਾਤਰੀ ਆਵਾਜਾਈ ਅਤੇ ਸੰਸਥਾਗਤ ਮੋਬਿਲਟੀ ਸੈਗਮੈਂਟਸ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਟਰੱਕਾਂ, ਬੱਸਾਂ ਅਤੇ ਵਿਸ਼ੇਸ਼-ਉਦੇਸ਼ ਵਾਲੇ ਵਾਹਨਾਂ ਦੇ ਨਿਰਮਾਣ ਵਿੱਚ ਮਜ਼ਬੂਤ ਸਥਿਤੀ ਹੈ।
ਕੰਪਨੀ ਨੇ ਪਹਿਲਾਂ ਹੀ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ), ਪੰਜਾਬ ਵਿਖੇ ਸਥਿਤ ਆਪਣੀ ਨਿਰਮਾਣ ਸਹੂਲਤ ਵਿੱਚ ਲਗਭਗ 500 ਕਰੋੜ ਰੁਪਏ ਦਾ ਵੱਡਾ ਨਿਵੇਸ਼ ਕੀਤਾ ਹੈ। ਇਹ ਯੂਨਿਟ ਇੱਕ ਪੂਰੀ ਤਰ੍ਹਾਂ ਏਕੀਕ੍ਰਿਤ ਆਟੋਮੋਬਾਈਲ ਨਿਰਮਾਣ ਕੰਪਲੈਕਸ ਹੈ ਜਿਸ ਵਿੱਚ ਵਾਹਨ ਅਸੈਂਬਲੀ ਲਾਈਨਾਂ, ਬਾਡੀ ਸ਼ਾਪ, ਪੇਂਟ ਸ਼ਾਪ, ਪ੍ਰੈਸ ਅਤੇ ਮਸ਼ੀਨ ਸ਼ਾਪ, ਐਫਆਰਪੀ ਸ਼ਾਪ ਅਤੇ ਇੱਕ ਸਮਰਪਿਤ ਬੱਸ ਬਾਡੀ ਪਲਾਂਟ ਸ਼ਾਮਲ ਹਨ।
ਪੰਜਾਬ ਵਿੱਚ ਵਿਸਥਾਰ ਯੋਜਨਾਵਾਂ ਦੇ ਸਬੰਧ ਵਿੱਚ ਐਸਐਮਐਲ ਮਹਿੰਦਰਾ ਲਿਮਟਿਡ ਦੇ ਕਾਰਜਕਾਰੀ ਚੇਅਰਮੈਨ ਸ੍ਰੀ ਵਿਨੋਦ ਸਹਾਏ ਨੇ ਦੱਸਿਆ ਗਿਆ ਕਿ ਕੰਪਨੀ ਨੇ ਪੰਜਾਬ ਵਿੱਚ ਆਪਣੇ ਕਾਰਜਾਂ ਦੇ ਵਿਸਥਾਰ ਇੱਕ ਮਹੱਤਵਪੂਰਨ ਰੋਡਮੈਪ ਦੀ ਰੂਪਰੇਖਾ ਉਲੀਕੀ ਹੈ। ਇਸ ਵਿੱਚ ਮੌਜੂਦਾ ਨਿਰਮਾਣ ਸਹੂਲਤ ਦੇ ਆਧੁਨਿਕੀਕਰਨ ਅਤੇ ਅਪਗ੍ਰੇਡੇਸ਼ਨ ਲਈ 100 ਕਰੋੜ ਰੁਪਏ ਦਾ ਨਿਵੇਸ਼; ਅਤੇ ਕਿਸੇ ਹੋਰ ਰਾਜ ਤੋਂ ਪੰਜਾਬ ਵਿੱਚ ਇੱਕ ਨਿਰਮਾਣ ਸਹੂਲਤ ਨੂੰ ਤਬਦੀਲ ਕਰਕੇ 400 ਕਰੋੜ ਰੁਪਏ ਦਾ ਪ੍ਰਸਤਾਵਿਤ ਨਿਵੇਸ਼ ਸ਼ਾਮਲ ਹਨ।
ਉਦਯੋਗ ਅਤੇ ਵਣਜ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਬਿਹਤਰੀਨ ਨਿਵੇਸ਼ ਸਥਾਨਾਂ ਵਜੋਂ ਉੱਭਰ ਰਿਹਾ ਹੈ। ਉਨ੍ਹਾਂ ਨੇ ਪੰਜਾਬ ਦੀ ਵਿਕਾਸ ਯਾਤਰਾ 'ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਤੇਜ਼ੀ ਨਾਲ ਦੇਸ਼ ਵਿੱਚ ਨਿਵੇਸ਼ ਲਈ ਸਭ ਤੋਂ ਪਸੰਦੀਦਾ ਸਥਾਨ ਵਜੋਂ ਉੱਭਰ ਰਿਹਾ ਹੈ।
ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਪੰਜਾਬ ਦਾ ਨਿਵੇਸ਼ਕ-ਅਨੁਕੂਲ ਸ਼ਾਸਨ, ਪਾਰਦਰਸ਼ੀ ਨੀਤੀਆਂ, ਸਮਾਂਬੱਧ ਪ੍ਰਵਾਨਗੀਆਂ, ਮਜ਼ਬੂਤ ਉਦਯੋਗਿਕ ਬੁਨਿਆਦੀ ਢਾਂਚਾ ਅਤੇ ਹੁਨਰਮੰਦ ਕਾਰਜਬਲ ਪ੍ਰਮੁੱਖ ਉਦਯੋਗਿਕ ਘਰਾਣਿਆਂ ਵਿੱਚ ਨਵਾਂ ਵਿਸ਼ਵਾਸ ਪੈਦਾ ਕਰ ਰਹੇ ਹਨ।
ਕੈਬਨਿਟ ਮੰਤਰੀ ਨੇ ਮਾਣ ਨਾਲ ਇਹ ਵੀ ਕਿਹਾ ਕਿ ਮਹਿੰਦਰਾ ਗਰੁੱਪ ਦੇ ਚੇਅਰਮੈਨ ਸ੍ਰੀ ਆਨੰਦ ਮਹਿੰਦਰਾ ਦੀਆਂ ਜੜ੍ਹਾਂ ਲੁਧਿਆਣਾ, ਪੰਜਾਬ ਨਾਲ ਡੂੰਘੀਆਂ ਜੁੜੀਆਂ ਹੋਈਆਂ ਹਨ, ਜੋ ਕਿ ਦੇਸ਼ ਦੇ ਸਭ ਤੋਂ ਸਤਿਕਾਰਤ ਉਦਯੋਗਿਕ ਪਰਿਵਾਰਾਂ ਵਿੱਚੋਂ ਇੱਕ ਮਹਿੰਦਰਾ ਗਰੁੱਪ ਨਾਲ ਸੂਬੇ ਦੇ ਡੂੰਘੇ ਇਤਿਹਾਸਕ ਅਤੇ ਉੱਦਮੀ ਸਬੰਧ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਪੁਰਾਣਾ ਰਿਸ਼ਤਾ ਨਵੀਨਤਾ, ਉੱਦਮ ਅਤੇ ਉਦਯੋਗਿਕ ਉੱਤਮਤਾ ਨਾਲ ਪੰਜਾਬ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਦਾ ਹੈ।
ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਐਸਐਮਐਲ-ਮਹਿੰਦਰਾ ਦੀ ਵਧ ਰਹੀ ਮੌਜੂਦਗੀ ਸੂਬੇ ਦੇ ਉਦਯੋਗ-ਪੱਖੀ ਈਕੋਸਿਸਟਮ ਦੇ ਮਜ਼ਬੂਤੀ ਨਾਲ ਸਮਰਥਨ ਦਾ ਗਵਾਹ ਹੈ। ਉਨ੍ਹਾਂ ਨੇ ਮਹਿੰਦਰਾ ਗਰੁੱਪ ਲਈ ਭਵਿੱਖ ਦੇ ਹਰ ਵਿਸਥਾਰ ਅਤੇ ਨਿਵੇਸ਼ ਲਈ ਪੰਜਾਬ ਸਰਕਾਰ ਦੀ ਸਰਗਰਮ ਸਹਾਇਤਾ ਅਤੇ ਸਿੰਗਲ-ਵਿੰਡੋ ਸਹੂਲਤ ਰਾਹੀਂ ਪੂਰੇ ਸਹਿਯੋਗ ਦੀ ਪੁਸ਼ਟੀ ਕੀਤੀ।


