ਸਿਹਤਮੰਦ ਬਰਨਾਲਾ: ਬੱਚਿਆਂ ਤੋਂ ਬਜ਼ੁਰਗਾਂ ਤੱਕ ਸੈਂਕੜੇ ਬਰਨਾਲਾ ਵਾਸੀਆਂ ਨੇ ਮੈਰਾਥਨ ਵਿਚ ਲਿਆ ਹਿੱਸਾ
By NIRPAKH POST
On
ਹੰਡਿਆਇਆ/ਬਰਨਾਲਾ, 5 ਅਪ੍ਰੈਲ
"ਸਿਹਤਮੰਦ ਬਰਨਾਲਾ" ਦਾ ਸੁਨੇਹਾ ਦੇਣ ਲਈ ਅੱਜ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ, ਪੁਲੀਸ ਵਿਭਾਗ, ਮਦਰ ਟੀਚਰ ਇੰਟਰਨੈਸ਼ਨਲ ਸਕੂਲ ਹੰਡਿਆਇਆ (ਐਮ.ਟੀ.ਆਈ.ਐਸ) ਅਤੇ ਸਾਈਕਲਿੰਗ ਕਲੱਬ ਬਰਨਾਲਾ ਦੇ ਸਾਂਝੇ ਉਪਰਾਲੇ ਤਹਿਤ ਮੈਰਾਥਨ ਕਰਵਾਈ ਗਈ। ਇਸ 5 ਕਿਲੋਮੀਟਰ, 10 ਕਿਲੋਮੀਟਰ ਤੇ 21 ਕਿਲੋਮੀਟਰ ਦੌੜ ਦਾ ਆਗਾਜ਼ ਐਮ.ਟੀ.ਆਈ.ਐਸ ਹੰਡਿਆਇਆ ਤੋਂ ਹੋਇਆ।
ਇਸ ਮੌਕੇ ਲੋਕ ਸਭਾ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਤੌਰ 'ਤੇ ਪੁੱਜੇ। ਇਸ ਮੌਕੇ ਉਹਨਾਂ ਨੇ ਜਿੱਥੇ ਖੁਦ ਇਸ ਮੈਰਾਥਨ ਵਿਚ ਹਿੱਸਾ ਲਿਆ, ਓਥੇ ਜ਼ਿਲ੍ਹਾ ਵਾਸੀਆਂ ਖਾਸ ਕਰਕੇ ਨੌਜਵਾਨਾਂ ਨੂੰ ਤੰਦਰੁਸਤ ਰਹਿਣ ਲਈ ਖੇਡ ਗਤੀਵਿਧਿਆਂ ਨਾਲ ਜੁੜਨ ਨਾ ਸੁਨੇਹਾ ਦਿੱਤਾ ਅਤੇ ਪ੍ਰਬੰਧਕਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਤਰਫ਼ੋ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਆਈ ਏ ਐੱਸ ਅਤੇ ਜ਼ਿਲ੍ਹਾ ਪੁਲੀਸ ਮੁਖੀ ਮੁਹੰਮਦ ਸਰਫਰਾਜ਼ ਆਲਮ ਸਮੇਤ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਵਿਵੇਕ ਕੁਮਾਰ ਮੋਦੀ, ਐੱਸ.ਡੀ.ਐੱਮ ਤਪਾ ਸ੍ਰੀ ਆਯੂਸ਼ ਗੋਇਲ ਅਤੇ ਐੱਸ.ਡੀ.ਐੱਮ ਮਹਿਲ ਕਲਾਂ ਸ੍ਰੀਮਤੀ ਕ੍ਰਿਤਿਕਾ ਗੋਇਲ ਨੇ ਵੀ ਮੈਰਾਥਨ ਵਿੱਚ ਹਿੱਸਾ ਲੈ ਕੇ ਤੰਦਰੁਸਤ ਬਰਨਾਲਾ ਦਾ ਸੁਨੇਹਾ ਦਿੱਤਾ।
ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਸਾਂਝੇ ਉੱਦਮ ਦਾ ਮਕਸਦ ਜ਼ਿਲ੍ਹਾ ਵਾਸੀਆਂ, ਨੌਜਵਾਨਾਂ, ਵਿਦਿਆਰਥੀਆਂ ਨੂੰ ਉਸਾਰੂ ਗਤੀਵਿਧੀਆਂ ਦਾ ਜੋੜਨਾ ਹੈ, ਕਿਉੰਕਿ ਜੇਕਰ ਸਾਡੇ ਨੌਜਵਾਨ, ਸਾਡੇ ਬੱਚੇ ਉਸਾਰੂ ਸੋਚ ਅਤੇ ਸਿਹਤਮੰਦ ਜੀਵਨਸ਼ੈਲੀ ਅਪਣਾਉਂਦੇ ਹਨ ਤਾਂ ਹੀ ਸਾਡਾ ਭਵਿੱਖ ਸਿਹਤਯਾਬ ਅਤੇ ਰੌਸ਼ਨ ਹੋਵੇਗਾ।
ਓਹਨਾਂ ਕਿਹਾ ਕਿ ਅੱਜ ਬੱਚਿਆਂ ਤੋਂ ਬਜ਼ੁਰਗਾਂ ਤੱਕ ਸੈਂਕੜੇ ਨਾਗਰਿਕਾਂ, ਸਰਕਾਰੀ ਕਰਮਚਾਰੀਆਂ ਅਤੇ ਸਕੂਲੀ ਵਿਦਿਆਰਥੀਆਂ ਨੇ ਇਸ ਮੈਰਾਥਨ ਵਿਚ ਹਿੱਸਾ ਹੈ ਜੋ ਕਿ ਸ਼ੁੱਭ ਸੰਕੇਤ ਹੈ।
ਇਸ ਮੌਕੇ ਐਮ.ਟੀ.ਆਈ.ਐਸ ਦੇ ਮੈਨੇਜਿੰਗ ਡਾਇਰੈਕਟਰ ਕਪਿਲ ਮਿੱਤਲ ਅਤੇ ਨਿਸ਼ੀ ਮਿੱਤਲ ਨੇ ਕਿਹਾ ਕਿ ਅੱਜ ਇਸ ਮੈਰਾਥਨ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ। ਓਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਸਮੇਤ ਸ਼ਹਿਰ ਵਾਸੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ ਹੈ ਅਤੇ ਆਉਂਦੇ ਸਮੇਂ ਵੀ
ਸਿਹਤਮੰਦ ਤੇ ਸਮਾਜਿਕ ਉਪਰਾਲੇ ਉਲੀਕੇ ਜਾਣਗੇ।
ਇਸ ਮੌਕੇ ਬਰਨਾਲਾ ਸਾਈਕਲਿੰਗ ਕਲੱਬ ਦੇ ਪ੍ਰੈਜ਼ੀਡੈਂਟ ਰਾਹੁਲ ਮੈਨਨ, ਵਾਈਸ ਪ੍ਰੈਜ਼ੀਡੈਂਟ ਡਾ. ਕਰਮਜੀਤ ਸਿੰਘ, ਸਕੱਤਰ ਪਰਦੀਪ ਮਿੱਤਲ ਸਮੇਤ ਸਾਰੇ ਅਹੁਦੇਦਾਰਾਂ ਨੇ ਜਿੱਥੇ ਖੁਦ ਇਸ ਮੈਰਾਥਨ ਵਿਚ ਭਾਗ ਲੈ ਕੇ ਤੰਦਰੁਸਤ ਬਰਨਾਲਾ ਦਾ ਸੰਦੇਸ਼ ਦਿੱਤਾ, ਓਥੇ ਦੱਸਿਆ ਕਿ ਸਾਈਕਲਿੰਗ ਕਲੱਬ ਵਲੋਂ ਅਜਿਹੇ ਉਪਰਾਲੇ ਸਮੇਂ ਸਮੇਂ 'ਤੇ ਉਲੀਕੇ ਜਾਂਦੇ ਹਨ ਅਤੇ ਆਉਂਦੇ ਸਮੇਂ ਵੀ ਅਜਿਹੇ ਪ੍ਰੋਗਰਾਮ ਕੀਤੇ ਜਾਣਗੇ।
ਇਸ ਮੌਕੇ ਮੈਰਾਥਨ ਵਿਚ ਹਿੱਸਾ ਲੈਣ ਵਾਲਿਆਂ ਨੂੰ ਜਿੱਥੇ ਟੀ-ਸ਼ਰਟਾਂ ਦਿੱਤੀਆਂ ਗਈਆਂ, ਓਥੇ ਮੈਡਲ, ਸਰਟੀਫਿਕੇਟ ਤੇ ਰਿਫਰੈਸ਼ਮੈਂਟ ਵੀ ਦਿੱਤੀ ਗਈ।

