ਹਰਜੋਤ ਬੈਂਸ ਵੱਲੋਂ ਨੰਗਲ ਵਿੱਚ ਲਗਾਤਾਰ 29ਵੇਂ ਦਿਨ ਵੀ ਸਵੇਰ ਤੋਂ ਜਾਰੀ ਰੱਖੀ ਸਫਾਈ ਮੁਹਿੰਮ
ਨੰਗਲ 26 ਸਤੰਬਰ: ਨੰਗਲ ਸ਼ਹਿਰ ਨੂੰ ਸਾਫ਼-ਸੁਥਰਾ, ਸੁੰਦਰ ਅਤੇ ਬਿਹਤਰ ਬੁਨਿਆਦੀ ਸਹੂਲਤਾਂ ਵਾਲਾ ਸ਼ਹਿਰ ਬਣਾਉਣ ਲਈ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਚਲਾਈ ਜਾ ਰਹੀ ਵਿਸ਼ੇਸ਼ ਸਫਾਈ ਮੁਹਿੰਮ ਅੱਜ ਲਗਾਤਾਰ 29ਵੇਂ ਦਿਨ ਵੀ ਸਵੇਰ ਤੋਂ ਜਾਰੀ ਰਹੀ। ਸ੍ਰ.ਬੈਂਸ ਖੁੱਦ ਸਵੇਰ ਸਮੇਂ ਨੰਗਲ ਪਹੁੰਚੇ ਅਤੇ ਵੱਖ-ਵੱਖ ਇਲਾਕਿਆਂ ਵਿੱਚ ਚੱਲ ਰਹੇ ਸਫਾਈ ਕਾਰਜਾਂ ਦਾ ਮੌਕੇ ’ਤੇ ਜਾਇਜ਼ਾ ਲਿਆ। ਉਨ੍ਹਾਂ ਸਫਾਈ ਸੇਵਕਾਂ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸਫਾਈ ਪ੍ਰਬੰਧਾਂ ਦੀ ਪ੍ਰਗਤੀ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।
ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ “ਬਦਲੇਗਾ ਨੰਗਲ” ਮੁਹਿੰਮ ਦਾ ਉਦੇਸ਼ ਸਿਰਫ਼ ਸ਼ਹਿਰ ਦੀ ਸਫਾਈ ਕਰਨਾ ਹੀ ਨਹੀਂ, ਸਗੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਮੌਕੇ ’ਤੇ ਜਾਇਜ਼ਾ ਲੈਣਾ ਅਤੇ ਹੱਲ ਲਈ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਨਾ ਵੀ ਹੈ। ਉਨ੍ਹਾਂ ਦੱਸਿਆ ਕਿ ਵਾਰਡ ਨੰਬਰ 2, 3, 4, 5, 10, 11, 12, 13 ਅਤੇ 14 ਵਿੱਚ ਸਫਾਈ ਕਾਰਜ ਲਗਭਗ ਮੁਕੰਮਲ ਕੀਤੇ ਜਾ ਚੁੱਕੇ ਹਨ, ਜਦਕਿ ਬਾਕੀ ਵਾਰਡਾਂ ਵਿੱਚ ਵੀ ਸਫਾਈ ਦਾ ਕੰਮ ਪੜਾਅਵਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਤਾਂ ਜੋ ਸਫਾਈ ਕਾਰਜਾਂ ਦੇ ਨਾਲ-ਨਾਲ ਸਫਾਈ ਦੀ ਵਿਵਸਥਾ ਨੂੰ ਸਥਾਈ ਤੌਰ ’ਤੇ ਮਜ਼ਬੂਤ ਕੀਤਾ ਜਾ ਸਕੇ।
ਸ੍ਰ.ਬੈਂਸ ਨੇ ਕਿਹਾ ਕਿ ਉਹ ਰੋਜ਼ਾਨਾ ਸਵੇਰੇ ਨੰਗਲ ਪਹੁੰਚ ਕੇ ਸਫਾਈ ਪ੍ਰਬੰਧਾਂ ਦੀ ਖੁਦ ਨਿਗਰਾਨੀ ਕਰ ਰਹੇ ਹਨ। ਇਸ ਦੌਰਾਨ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਸੜਕਾਂ, ਸਟਰੀਟ ਲਾਈਟਾਂ, ਪੀਣ ਵਾਲੇ ਪਾਣੀ, ਸੀਵਰੇਜ, ਗੰਦੇ ਪਾਣੀ ਦੀ ਨਿਕਾਸੀ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸਬੰਧਤ ਸਮੱਸਿਆਵਾਂ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੌਕੇ ’ਤੇ ਮਿਲਣ ਵਾਲੀ ਜਾਣਕਾਰੀ ਦੇ ਆਧਾਰ ’ਤੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਲੋਕਾਂ ਨੂੰ ਸਰਕਾਰੀ ਸੇਵਾਵਾਂ ਦਾ ਲਾਭ ਸਮੇਂ ਸਿਰ ਮਿਲ ਸਕੇ।
ਸਥਾਨਕ ਸਰਕਾਰਾਂ ਮੰਤਰੀ ਨੇ ਸਫਾਈ ਸੇਵਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਤੜਕਸਾਰ ਤੋਂ ਹੀ ਸ਼ਹਿਰ ਦੀ ਸਫਾਈ ਲਈ ਆਪਣੀ ਡਿਊਟੀ ਨਿਭਾ ਰਹੇ ਹਨ ਅਤੇ ਨੰਗਲ ਨੂੰ ਸਾਫ਼ ਰੱਖਣ ਵਿੱਚ ਉਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣਾ ਸਿਰਫ਼ ਪ੍ਰਸ਼ਾਸਨ ਜਾਂ ਸਫਾਈ ਸੇਵਕਾਂ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰੇਕ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਿਆ ਜਾਵੇ, ਕੂੜਾ ਨਿਰਧਾਰਤ ਥਾਵਾਂ ’ਤੇ ਹੀ ਪਾਇਆ ਜਾਵੇ ਅਤੇ ਸਫਾਈ ਸੇਵਕਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ “ਬਦਲੇਗਾ ਨੰਗਲ” ਮੁਹਿੰਮ ਤਹਿਤ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੀ ਵੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਸੜਕਾਂ, ਪਾਣੀ, ਸੀਵਰੇਜ, ਰੌਸ਼ਨੀ ਅਤੇ ਹੋਰ ਬੁਨਿਆਦੀ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਕੂਲ ਆਫ਼ ਐਮੀਨੈਂਸ ਨੰਗਲ ਵਿਖੇ ਆਲ-ਵੈਦਰ ਸਵੀਮਿੰਗ ਪੂਲ ਦੇ ਕੰਮ ਸਮੇਤ ਪ੍ਰਬੰਧਕੀ ਬਲਾਕ ਅਤੇ ਲੈਬਾਰਟਰੀਆਂ ਦੇ ਨਿਰਮਾਣ ਅਤੇ 500 ਸੀਟਾਂ ਵਾਲੇ ਆਡੀਟੋਰੀਅਮ ਨਾਲ ਸਬੰਧਤ ਕੰਮ ਵੀ ਅੱਗੇ ਵਧਾਏ ਜਾ ਰਹੇ ਹਨ। ਇਸ ਤੋਂ ਇਲਾਵਾ ਇਲਾਕੇ ਵਿੱਚ ਤਿੰਨ ਹੋਰ ਪੁਲਾਂ ਸਮੇਤ ਕਈ ਵਿਕਾਸ ਕਾਰਜ ਚੱਲ ਰਹੇ ਹਨ।
ਸ੍ਰ.ਬੈਂਸ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਅਤੇ ਉਨ੍ਹਾਂ ਦੇ ਹੱਲ ਲਈ ਸਿੱਧਾ ਰਾਬਤਾ ਬਣਾਈ ਰੱਖਣਾ ਉਨ੍ਹਾਂ ਦੀ ਲਗਾਤਾਰ ਕੋਸ਼ਿਸ਼ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਲਗਭਗ ਪੌਣੇ ਪੰਜ ਸਾਲਾਂ ਤੋਂ ਉਹ ਹਰ ਐਤਵਾਰ ਆਪਣੇ ਸੇਵਾ ਸਦਨ 2 ਆਰ.ਵੀ.ਆਰ. ਨੰਗਲ ਵਿਖੇ ਇਲਾਕਾ ਵਾਸੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਦੇ ਆ ਰਹੇ ਹਨ। ਇਸ ਤੋਂ ਇਲਾਵਾ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵੀ ਲੋਕਾਂ ਨਾਲ ਸਿੱਧਾ ਸੰਪਰਕ ਕਰਕੇ ਜ਼ਮੀਨੀ ਪੱਧਰ ਦੀਆਂ ਲੋੜਾਂ ਨੂੰ ਸਮਝਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ “ਬਦਲੇਗਾ ਨੰਗਲ” ਮੁਹਿੰਮ ਅਧੀਨ ਸਫਾਈ ਕਾਰਜ ਬਾਕੀ ਰਹਿੰਦੇ ਵਾਰਡਾਂ ਵਿੱਚ ਵੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਨੰਗਲ ਨੂੰ ਸਾਫ਼-ਸੁਥਰਾ ਅਤੇ ਸੁੰਦਰ ਸ਼ਹਿਰ ਬਣਾਉਣ ਦਾ ਇਹ ਉਪਰਾਲਾ ਪ੍ਰਸ਼ਾਸਨ, ਸਫਾਈ ਸੇਵਕਾਂ ਅਤੇ ਸ਼ਹਿਰ ਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਲਗਾਤਾਰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਡਾ.ਸੰਜੀਵ ਗੌਤਮ ਜਿਲ੍ਹਾ ਪ੍ਰਧਾਨ, ਕਿਰਨ ਬਾਲਾ ਪ੍ਰਧਾਨ ਨਗਰ ਕੋਂਸਲ, ਸਮੂਹ ਕੋਂਸਲਰ, ਆਪ ਵਰਕਰ, ਸਮਾਜਿਕ ਸੰਗਠਨ ਤੇ ਸਾਰੇ ਆਗੂ ਪੂਰੀ ਤਰਾਂ 29ਵੇਂ ਦਿਨ ਵੀ ਲਗਾਤਾਰ ਆਪਣਾ ਸਹਿਯੋਗ ਦੇ ਰਹੇ ਹਨ।

