ਕਿਰਤੋਵਾਲ ਖੁਰਦ ਵਿਖੇ ਹੈਪੀ ਸੀਡਰ ਅਤੇ ਸੁਪਰ ਸੀਡਰ ਮਸ਼ੀਨਾਂ ਨਾਲ ਕਣਕ ਦੀ ਬਿਜਾਈ ਦਾ ਸ਼ੁਭ ਆਰੰਭ
ਤਰਨ ਤਾਰਨ, 1 ਨਵੰਬਰ ( ) - ਖੇਤੀ ਕਰਦਿਆਂ ਹਰ ਕਿਸਾਨ ਦੀ ਸੋਚ ਹੁੰਦੀ ਹੈ ਕਿ ਫਸਲ ਉਤਪਾਦਨ ਦੀ ਲਾਗਤ ਘੱਟ ਹੋਵੇ ਅਤੇ ਆਮਦਨ ਵੱਧ ਹੋਵੇ। ਪਰ ਅਜਿਹਾ ਤਾਂ ਹੀ ਸੰਭਵ ਹੈ ਜੇਕਰ ਉਹ ਖੇਤੀ ਤਕਨੀਕਾਂ ਨੂੰ ਵੇਖ, ਸਮਝ ਕੇ ਹਿੰਮਤ ਅਤੇ ਲਗਨ ਨਾਲ ਯਤਨ ਕਰੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਬਲਾਕ ਖੇਤੀਬਾੜੀ ਅਫਸਰ, ਪੱਟੀ ਡਾ. ਭੁਪਿੰਦਰ ਸਿੰਘ ਨੇ ਪਿੰਡ ਕਿਰਤੋਵਾਲ ਖੁਰਦ ਵਿਖੇ ਉੱਦਮ ਅਤੇ ਉਤਸ਼ਾਹ ਨਾਲ ਪਿਛਲੇ ਛੇ ਸਾਲ ਤੋਂ ਸਫਲਤਾ ਪੂਰਵਕ ਪਰਾਲੀ ਪ੍ਰਬੰਧਨ ਕਰ ਰਹੇ ਕਿਸਾਨਾਂ ਦੁਆਰਾ ਹੈਪੀ ਸੀਡਰ ਅਤੇ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਦੇ ਸ਼ੁਭ ਆਰੰਭ ਦੌਰਾਨ ਕੀਤਾ।
ਕਣਕ ਦੀ ਬਿਜਾਈ ਦੀ ਸ਼ੁਰੂਆਤ ਦੌਰਾਨ ਸਰਕਲ ਅਧਿਕਾਰੀ ਦਇਆਪ੍ਰੀਤ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਰੱਤਾ ਗੁੱਦਾ, ਕ੍ਰਿਸ਼ੀ ਵਿਗਿਆਨ ਕੇਂਦਰ ਬੂਹ ਤੋਂ ਡਾ. ਨਵਜੋਤ ਸਿੰਘ ਬਰਾੜ ਅਤੇ ਡਾ. ਸਾਹਿਲ ਨੇ ਦੱਸਿਆ ਕਿ ਕਣਕ ਦੀ ਬਿਜਾਈ ਲਈ ਨਵੰਬਰ ਦਾ ਪਹਿਲਾ ਪੰਦਰਵਾੜਾ ਢੁਕਵਾਂ ਸਮਾਂ ਹੈ। ਉਹਨਾਂ ਕਿਹਾ ਕਿ ਫਸਲ ਦੇ ਚੰਗੇ ਝਾੜ ਲਈ ਢੁਕਵੀਂ ਤਕਨੀਕ ਦੀ ਚੋਣ ਦੇ ਨਾਲ-ਨਾਲ ਸਾਫ ਸੁਥਰੇ ਤਸਦੀਕਸ਼ੁਦਾ ਬੀਜ ਨੂੰ ਕੀਟ ਨਾਸ਼ਕ ਅਤੇ ਉੱਲੀ ਨਾਸ਼ਕ ਦਵਾਈ ਨਾਲ ਸੋਧ ਲੈਣਾ ਲਾਹੇਵੰਦ ਰਹਿੰਦਾ ਹੈ।
ਇਸ ਮੌਕੇ ਮਾਹਿਰਾਂ ਨੇ ਜਾਣਕਾਰੀ ਦਿੱਤੀ ਕਿ ਫਸਲਾਂ ਦੀ ਰਹਿੰਦ ਖੂੰਹਦ ਸਾੜਨ ਨਾਲ ਭੂਮੀ ਦੀ ਉਪਰਲੀ ਸਤਹਿ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਨਾਲ ਮਿੱਟੀ ਦੀ ਨਮੀਂ ਅਤੇ ਇਸ ਵਿੱਚ ਪਾਏ ਜਾਂਦੇ ਬਹੁਮੁੱਲੇ ਸੂਖਮ ਜੀਵ ਘੱਟ ਜਾਂਦੇ ਹਨ, ਜਿਸ ਨਾਲ ਧਰਤੀ ਦੀ ਉਪਜਾਊ ਸ਼ਕਤੀ ਤੇ ਬੁਰਾ ਅਸਰ ਪੈਂਦਾ ਹੈ।
ਇਸ ਮੌਕੇ ਰਣਵੀਰ ਸਿੰਘ, ਹਰਪ੍ਰੀਤ ਸਿੰਘ, ਲਹਿੰਬਰ, ਸੁਖਜਿੰਦਰ ਸਿੰਘ, ਗੁਰਸਿਮਰਨ ਸਿੰਘ ਖੇਤੀ ਉਪ ਨਿਰੀਖਕ ਅਤੇ ਰਾਜਬੀਰ ਸਿੰਘ ਨੇ ਸਹਿਯੋਗ ਅਤੇ ਜਾਣਕਾਰੀ ਸਾਂਝੀ ਕੀਤੀ।





