ਗਮਾਡਾ ਨੇ ਈ-ਨਿਲਾਮੀ ਵਿੱਚ ਕਮਾਏ ਲਗਭਗ 3137 ਕਰੋੜ ਰੁਪਏ: ਹਰਦੀਪ ਸਿੰਘ ਮੁੰਡੀਆਂ
*ਚੰਡੀਗੜ੍ਹ, 7 ਮਾਰਚ:*
ਗਰੇਟਰ ਮੋਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਵੱਲੋਂ ਕੀਤੀ ਗਈ ਜਾਇਦਾਦਾਂ ਦੀ ਈ-ਨਿਲਾਮੀ, ਜੋ ਸ਼ੁੱਕਰਵਾਰ ਦੇਰ ਰਾਤ ਸਮਾਪਤ ਹੋਈ, ਨੂੰ ਨਿਵੇਸ਼ਕਾਂ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ, ਜਿਸ ਨਾਲ ਗਮਾਡਾ ਨੂੰ 3136.97 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ। ਇਹ ਈ-ਨਿਲਾਮੀ 14 ਜਨਵਰੀ, 2026 ਨੂੰ ਸ਼ੁਰੂ ਹੋਈ ਸੀ।
ਈ-ਨਿਲਾਮੀ ਲਈ ਪੇਸ਼ ਕੀਤੀਆਂ ਗਈਆਂ ਕੁੱਲ 42 ਵਿੱਚੋਂ 37 ਜਾਇਦਾਦਾਂ ਦੀ ਈ-ਨਿਲਾਮੀ ਨੂੰ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਇੱਕ ਸ਼ਾਨਦਾਰ ਸਫ਼ਲਤਾ ਦੱਸਦਿਆਂ ਕਿਹਾ ਕਿ ਲਗਭਗ 90% ਪ੍ਰਾਪਰਟੀਆਂ ਲਈ ਬੋਲੀ ਪ੍ਰਾਪਤ ਹੋਈ ਹੈ। ਉਨ੍ਹਾਂ ਕਿਹਾ ਕਿ 2018.84 ਕਰੋੜ ਰੁਪਏ ਦੀ ਰਿਜ਼ਰਵ ਕੀਮਤ ਵਾਲੀਆਂ ਇਹ ਸਾਈਟਾਂ 3136.97 ਕਰੋੜ ਰੁਪਏ ਵਿੱਚ ਵੇਚੀਆਂ ਗਈਆਂ, ਜੋ ਇੱਕ ਸਿੰਗਲ ਈ-ਨਿਲਾਮੀ ਵਿੱਚ ਗਮਾਡਾ ਦੁਆਰਾ ਪ੍ਰਾਪਤ ਕੀਤਾ ਗਿਆ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਮਾਲੀਆ ਹੈ।
ਸ. ਹਰਦੀਪ ਸਿੰਘ ਮੁੰਡੀਆਂ ਨੇ ਈ-ਨਿਲਾਮੀ ਦੀ ਸਫ਼ਲਤਾ ਦਾ ਸਿਹਰਾ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਨਿਵੇਸ਼ਕ-ਪੱਖੀ ਨੀਤੀਆਂ ਨੂੰ ਦਿੰਦੇ ਹੋਏ ਕਿਹਾ ਕਿ ਈ-ਨਿਲਾਮੀਆਂ ਦੀ ਨਿਰੰਤਰ ਸਫ਼ਲਤਾ ਨੇ ਰਾਜ ਵਿੱਚ ਰੀਅਲ ਅਸਟੇਟ ਸੈਕਟਰ ਵਿੱਚ ਵੱਡਾ ਨਿਵੇਸ਼ ਲਿਆਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਮਾਰਕੀਟ ਦੇ ਜ਼ਮੀਨੀ ਮੁਲਾਂਕਣ ਅਤੇ ਗ਼ੈਰ-ਵਾਜਬ ਕੀਮਤਾਂ ਦੇ ਰੋਕਥਾਮ ਦੇ ਉਦੇਸ਼ ਨਾਲ ਜਾਇਦਾਦਾਂ ਦੀਆਂ ਕੀਮਤਾਂ ਨੂੰ ਤਰਕਸੰਗਤ ਬਣਾਉਣ ਦੇ ਕਦਮ ਨੇ ਵੀ ਨਿਲਾਮੀ ਨੂੰ ਸ਼ਾਨਦਾਰ ਹੁੰਗਾਰਾ ਦੇਣ ਵਿੱਚ ਯੋਗਦਾਨ ਪਾਇਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਨਿਲਾਮੀ ਤੋਂ ਪ੍ਰਾਪਤ ਹੋਣ ਵਾਲਾ ਮਾਲੀਆ ਵਿਕਾਸ ਅਥਾਰਿਟੀ ਵੱਲੋਂ ਆਪਣੇ ਅਧਿਕਾਰ ਖੇਤਰ ਵਿੱਚ ਵਿਕਾਸ ਦੇ ਨਵੇਂ ਮਾਪਦੰਡ ਸਥਾਪਿਤ ਕਰਨ ਲਈ ਖ਼ਰਚ ਕੀਤਾ ਜਾਵੇਗਾ।

