ਵਨ ਸਟਾਪ ਸੈਂਟਰ ਰਾਹੀਂ 5121 ਹਿੰਸਾ ਪੀੜਤ ਔਰਤਾਂ ਨੂੰ ਮੁਫ਼ਤ ਸਹਾਇਤਾ — ਡਾ. ਬਲਜੀਤ ਕੌਰ

ਵਨ ਸਟਾਪ ਸੈਂਟਰ ਰਾਹੀਂ 5121 ਹਿੰਸਾ ਪੀੜਤ ਔਰਤਾਂ ਨੂੰ ਮੁਫ਼ਤ ਸਹਾਇਤਾ — ਡਾ. ਬਲਜੀਤ ਕੌਰ

 ਚੰਡੀਗੜ੍ਹ, 28 ਦਸੰਬਰ:

ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਸਥਾਪਿਤ ਵਨ ਸਟਾਪ ਸੈਂਟਰਾਂ ਰਾਹੀਂ ਚਾਲੂ ਵਿੱਤੀ ਸਾਲ ਦੌਰਾਨ ਨਵੰਬਰ ਮਹੀਨੇ ਤੱਕ 5121 ਹਿੰਸਾ ਪੀੜਤ ਔਰਤਾਂ ਨੂੰ ਮੁਫ਼ਤ ਮੈਡੀਕਲ ਅਤੇ ਕਾਨੂੰਨੀ ਸਹਾਇਤਾ ਮੁਹੱਈਆ ਕਰਵਾਈ ਗਈ ਹੈ। ਇਹ ਜਾਣਕਾਰੀ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਦਿੱਤੀ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਹਰ ਮਹਿਲਾ ਨੂੰ ਸਮਾਜ ਵਿੱਚ ਮਾਣ, ਇੱਜ਼ਤ ਅਤੇ ਸੁਰੱਖਿਅਤ ਜ਼ਿੰਦਗੀ ਬਤੀਤ ਕਰਨ ਯੋਗ ਹੋਵੇ। ਇਸ ਮਕਸਦ ਤਹਿਤ ਸਟਾਪ ਸੈਂਟਰਾਂ ਰਾਹੀਂ ਹਿੰਸਾ ਪੀੜਤ ਮਹਿਲਾਵਾਂ ਨੂੰ ਇੱਕ ਹੀ ਥਾਂ ’ਤੇ ਮੁਫ਼ਤ ਮੈਡੀਕਲ ਇਲਾਜ, ਕਾਨੂੰਨੀ ਸਹਾਇਤਾ, ਪੁਲਿਸ ਸਹਿਯੋਗ, ਕੌਂਸਲਿੰਗ ਅਤੇ ਅਸਥਾਈ ਰਿਹਾਇਸ਼ ਵਰਗੀਆਂ ਅਹਿਮ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।

ਡਾ. ਬਲਜੀਤ ਕੌਰ ਨੇ ਕਿਹਾ ਕਿ ਹਿੰਸਾ ਪੀੜਤ ਹਰ ਮਹਿਲਾ ਨੂੰ ਸਿਰਫ਼ ਅੰਕੜਿਆਂ ਤੱਕ ਸੀਮਿਤ ਕਰ ਕੇ ਨਹੀਂ ਵੇਖਿਆ ਜਾ ਸਕਦਾ, ਕਿਉਂਕਿ ਉਸਦੇ ਪਿੱਛੇ ਇੱਕ ਟੁੱਟਿਆ ਹੋਇਆ ਹੌਸਲਾ, ਅਸੁਰੱਖਿਆ ਨਾਲ ਘਿਰਿਆ ਮਨ ਅਤੇ ਇਨਸਾਫ਼ ਦੀ ਮਜ਼ਬੂਤ ਉਮੀਦ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਹ ਨੈਤਿਕ ਅਤੇ ਸਮਾਜਿਕ ਜ਼ਿੰਮੇਵਾਰੀ ਹੈ ਕਿ ਹਰ ਅਜਿਹੀ ਮਹਿਲਾ ਦੇ ਨਾਲ ਮਜ਼ਬੂਤੀ ਨਾਲ ਖੜ੍ਹੀ ਰਹੇ ਅਤੇ ਉਸਨੂੰ ਸਿਰਫ਼ ਸੁਰੱਖਿਆ ਹੀ ਨਹੀਂ, ਸਗੋਂ ਭਰੋਸਾ, ਸਹਾਰਾ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਵੀ ਮੁਹੱਈਆ ਕਰਵਾਈ ਜਾਵੇ। ਵਨ ਸਟਾਪ ਸੈਂਟਰਾਂ ਰਾਹੀਂ ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਕੋਈ ਵੀ ਮਹਿਲਾ ਆਪਣੇ ਦਰਦ ਨਾਲ ਇੱਕਲੀ ਨਾ ਰਹੇ ਅਤੇ ਉਸਨੂੰ ਇਨਸਾਫ਼ ਤੇ ਸਨਮਾਨ ਨਾਲ ਜੀਵਨ ਬਤੀਤ ਕਰਨ ਦਾ ਪੂਰਾ ਹੱਕ ਮਿਲੇ।

ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਾਨ ਸਰਕਾਰ ਮਹਿਲਾਵਾਂ ਦੀ ਸੁਰੱਖਿਆ ਅਤੇ ਸਸ਼ਕਤੀਕਰਨ ਨੂੰ ਸਿਰਫ਼ ਯੋਜਨਾਵਾਂ ਤੱਕ ਸੀਮਿਤ ਨਹੀਂ ਰੱਖ ਰਹੀ, ਸਗੋਂ ਇਸਨੂੰ ਸ਼ਾਸਨ ਦੀ ਪ੍ਰਮੁੱਖ ਤਰਜੀਹ ਬਣਾਇਆ ਗਿਆ ਹੈ। ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਹਿੰਸਾ ਪੀੜਤ ਹਰ ਮਹਿਲਾ ਤੱਕ ਸਮੇਂ-ਸਿਰ ਸਹਾਇਤਾ ਪਹੁੰਚੇ ਅਤੇ ਉਸਨੂੰ ਇਨਸਾਫ਼, ਸੁਰੱਖਿਆ ਅਤੇ ਆਤਮ-ਨਿਰਭਰਤਾ ਵੱਲ ਅੱਗੇ ਵਧਣ ਲਈ ਪੂਰਾ ਸਰਕਾਰੀ ਸਹਾਰਾ ਮਿਲੇ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਮਾਨ ਸਰਕਾਰ ਮਹਿਲਾਵਾਂ ਦੀ ਸੁਰੱਖਿਆ, ਸਨਮਾਨ ਅਤੇ ਪੁਨਰਵਾਸ ਲਈ ਅਜਿਹੀਆਂ ਪਹਿਲਕਦਮੀਆਂ ਨੂੰ ਭਵਿੱਖ ਵਿੱਚ ਵੀ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਂਦੀ ਰਹੇਗੀ।