ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ ਨੈਸ਼ਨਲ ਹਾਈਵੇ -503 (ਐਕਸਟੈਂਸ਼ਨ) ਦੀ ਮੁਰੰਮਤ ਦਾ ਕੰਮ ਸ਼ੁਰੂ
ਸ੍ਰੀ ਅਨੰਦਪੁਰ ਸਾਹਿਬ 05 ਅਗਸਤ ()
ਨੈਸ਼ਨਲ ਹਾਈਵੇ ਮੰਡਲ ਰੂਪਨਗਰ ਵੱਲੋਂ ਕੀਰਤਪੁਰ ਸਾਹਿਬ-ਸ਼੍ਰੀ ਅਨੰਦਪੁਰ ਸਾਹਿਬ-ਨੰਗਲ ਤੱਕ ਮੁੱਖ ਸੜਕ ਦੀ ਮੁਰੰਮਤ ਕਰਕੇ ਇਸ ਉੱਤੇ ਸੁਚਾਰੂ ਟ੍ਰੈਫਿਕ ਵਿਵਸਥਾ ਯਕੀਨੀ ਬਣਾਉਣ ਦੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਕੀਰਤਪੁਰ ਸਾਹਿਬ ਤੋ ਨੰਗਲ ਤੱਕ ਸੜਕ ਦੀ ਆਰਜ਼ੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਮੁੱਖ ਮਾਰਗ ਸਤੰਬਰ ਮਹੀਨੇ ਦੌਰਾਨ ਅਨੁਕੂਲ ਵਾਤਾਵਰਣ ਵਿਚ ਪੂਰੀ ਤਰਾਂ ਮੁਰੰਮਤ ਕਰਕੇ ਆਵਾਜਾਈ ਲਈ ਸੁਚਾਰੂ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਰੂਪਨਗਰ ਸ਼੍ਰੀ ਵਰਜੀਤ ਵਾਲੀਆ ਆਈ.ਏ.ਐਸ ਵੱਲੋਂ ਇਸ ਸਬੰਧ ਵਿੱਚ ਮਿਲੀਆਂ ਹਦਾਇਤਾਂ ਤਹਿਤ ਉਪ ਮੰਡਲ ਮੈਜਿਸਟ੍ਰੇਟ ਸ੍ਰੀ ਅਨੰਦਪੁਰ ਸਾਹਿਬ ਸ.ਜਸਪ੍ਰੀਤ ਸਿੰਘ ਨੇ ਕੀਰਤਪੁਰ ਸਾਹਿਬ-ਸ੍ਰੀ ਅਨੰਦਪੁਰ ਸਾਹਿਬ-ਨੰਗਲ ਸੜਕ ਦੀ ਮੁਰੰਮਤ ਦਾ ਕੰਮ ਅੱਜ ਬੱਢਲ ਮੀਢਵਾ ਤੋ ਸ਼ੁਰੂ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਇਲਾਕੇ ਦੇ ਲੋਕਾਂ ਵੱਲੋਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਇਹ ਤਰਸਯੋਗ ਸੜਕ ਦੀ ਹਾਲਤ ਅਤੇ ਇਸ ਉੱਤੇ ਪਏ ਡੂੰਘੇ ਟੋਏ, ਬਰਮਾਂ ਦੀ ਮੁਰੰਮਤ ਅਤੇ ਸੁਚਾਰੂ ਆਵਾਜਾਈ ਦੇ ਯੋਗ ਬਣਾਉਣ ਦੀ ਮੰਗ ਰੱਖੀ ਗਈ। ਕੈਬਨਿਟ ਮੰਤਰੀ ਨੇ ਕਾਰਜਕਾਰੀ ਇੰਜੀਨੀਅਰ, ਨੈਸ਼ਨਲ ਹਾਈਵੇ ਮੰਡਲ, ਰੂਪਨਗਰ ਨੂੰ ਡਿਪਟੀ ਕਮਿਸ਼ਨਰ ਰੂਪਨਗਰ ਸ੍ਰੀ ਵਰਜੀਤ ਵਾਲੀਆ ਰਾਹੀ ਹਦਾਇਤ ਕੀਤੀ ਕਿ ਇਸ ਕੰਮ ਨੂੰ ਪਹਿਲ ਦੇ ਅਧਾਰ ਤੇ ਮੁਕੰਮਲ ਕਰਵਾਇਆ ਜਾਵੇ, ਕਿਉਕਿ ਇਹ ਉਹ ਇਲਾਕਾ ਹੈ ਜਿੱਥੇ ਲੱਖਾਂ ਸ਼ਰਧਾਲੂ ਇਨ੍ਹਾਂ ਮੁੱਖ ਮਾਰਗਾਂ ਰਾਹੀ ਧਾਰਮਿਕ ਅਸਥਾਨਾ ਦੇ ਦਰਸ਼ਨਾ ਲਈ ਪਹੁੰਚਦੇ ਹਨ।
ਉਨ੍ਹਾਂ ਨੇ ਕਿਹਾ ਕਿ ਅੱਜ ਨੈਸ਼ਨਲ ਹਾਈਵੇ ਮੰਡਲ ਰੂਪਨਗਰ ਦੇ ਐਸ.ਡੀ.ਓ ਨਵਜੋਤ ਸਿੰਘ ਵੱਲੋਂ ਕੀਰਤਪੁਰ ਸਾਹਿਬ- ਨੰਗਲ ਮੁੱਖ ਮਾਰਗ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਨਾਲ ਇਹ ਸੜਕ ਸੁਚਾਰੂ ਆਵਾਜਾਈ ਦੇ ਯੋਗ ਹੋ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਬਰਸਾਤਾ ਤੋ ਬਾਅਦ ਸਤੰਬਰ ਮਹੀਨੇ ਵਿੱਚ ਜਦੋਂ ਵਾਤਾਵਰਣ ਇਨ੍ਹਾਂ ਮਾਰਗਾਂ ਦੀ ਮੁਰੰਮਤ ਲਈ ਢੁੱਕਵਾ ਹੋਵੇਗਾਂ ਤਾਂ ਸੜਕ ਨੂੰ ਪੱਕੇ ਤੌਰ ਤੇ ਰਿਪੇਅਰ ਕਰਕੇ ਆਵਾਜਾਈ ਲਈ ਸੁਚਾਰੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 350ਵੇ ਸ਼ਹੀਦੀ ਸਮਾਗਮਾਂ ਲਈ ਤਿਆਰੀਆਂ ਕੀਤੀਆ ਜਾ ਰਹੀਆਂ ਹਨ, ਇਸ ਬਾਰੇ ਸਰਕਾਰ ਤੇ ਉੱਚ ਅਧਿਕਾਰੀਆਂ ਦੇ ਨਿਰਦੇਸ਼ ਹਨ ਕਿ ਇਨ੍ਹਾਂ ਧਾਰਮਿਕ ਨਗਰਾਂ ਨੂੰ ਆਉਣ ਵਾਲੇ ਸ਼ਰਧਾਲੂਆਂ ਲਈ ਲੋੜੀਦੇ ਸੁਚਾਰੂ ਟ੍ਰੈਫਿਕ ਪ੍ਰਬੰਧ ਕੀਤੇ ਜਾਣ। ਇਸ ਲਈ ਅਗਲੇ ਦਿਨਾਂ ਵਿੱਚ ਗੁਰੂ ਨਗਰੀ ਨੂੰ ਆਉਣ ਵਾਲੇ ਸਾਰੇ ਮਾਰਗ ਤੇ ਸੜਕਾਂ ਸੁਚਾਰੂ ਤਿਅਰ ਕੀਤੀਆ ਜਾ ਰਹੀਆਂ ਹਨ।