ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ‘ ਨਸ਼ਾ ਮੁਕਤੀ ਮੋਰਚਾ ’ ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਪ੍ਰਧਾਨਗੀ ਹੇਠ ‘ ਨਸ਼ਾ ਮੁਕਤੀ ਮੋਰਚਾ ’  ਦੀ ਜ਼ਿਲ੍ਹਾ ਪੱਧਰੀ ਰਿਵੀਊ ਮੀਟਿੰਗ

ਦੀਨਾਨਗਰ/ਗੁਰਦਾਸਪੁਰ, 23 ਜੂਨ (   )  ਸ. ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਮਜ਼ਬੂਤ ਇੱਛਾ ਸ਼ਕਤੀ ਨਾਲ ਸੂਬੇ ਵਿੱਚੋਂ ਨਸ਼ਿਆਂ ਨੂੰ ਖਤਮ ਕਰਨ ਲਈ 'ਯੁੱਧ ਨਸ਼ਿਆ ਵਿਰੁੱਧ' ਮੁਹਿੰਮ ਤਹਿਤ ਕਾਰਗਰ ਸਫਲ ਯਤਨ ਕੀਤੇ ਗਏ ਹਨ ਅਤੇ ਨਸ਼ਾ ਮੁਕਤੀ ਮੋਰਚਾ ਦੀ ਟੀਮ ਵਲੋਂ ਗਰਾਊਂਡ ਪੱਧਰ 'ਤੇ ਨਸ਼ਿਆ ਖਿਲਾਫ ਸਫਲਤਾਪੂਰਵਕ ਕੰਮ ਕੀਤਾ ਜਾ ਰਿਹਾ ਹੈ, ਜੋ ਸ਼ਲਾਘਾਯੋਗ ਹੈ। ਇਹ ਪ੍ਰਗਟਾਵਾ ਸ਼੍ਰੀ ਲਾਲ ਚੰਦ ਕਟਾਰੂਚੱਕ, ਕੈਬਨਿਟ ਮੰਤਰੀ ਪੰਜਾਬ ਨੇ ਦੀਨਾਨਗਰ ਦੇ ਐੱਸ.ਐੱਸ.ਐੱਮ. ਕਾਲਜ ਵਿੱਚ ਨਸ਼ਾ ਮੁਕਤੀ ਮੋਰਚਾ ਦੀ ਜ਼ਿਲ੍ਹਾ ਪੱਧਰੀ ਰੀਵਿਊ ਮੀਟਿੰਗ ਵਿੱਚ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ਼੍ਰੀ ਆਦਿੱਤਿਆ ਉੱਪਲ, ਐੱਸ.ਐੱਸ.ਪੀ. ਗੁਰਦਾਸਪੁਰ ਸ਼੍ਰੀ ਅਦਿੱਤਿਆ, ਐੱਸ.ਐੱਸ.ਪੀ. ਬਟਾਲਾ ਡਾ. ਮਹਿਤਾਬ ਸਿੰਘ, ਹਲਕਾ ਇੰਚਾਰਜ ਦੀਨਾਨਗਰ  ਸ਼ਮਸ਼ੇਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਗੁਰਪ੍ਰੀਤ ਸਿੰਘ ਗਿੱਲ, ਜੋਨ ਇੰਚਾਰਜ ਨਸ਼ਾ ਮੁਕਤੀ ਮੋਰਚਾ ਰੋਹਿਤ ਸਿਆਲ, ਜ਼ਿਲ੍ਹਾ ਪ੍ਰਧਾਨ ਜੋਬਨ ਰੰਧਾਵਾ, ਆਰ.ਟੀ.ਏ. ਜੋਬਨਜੀਤ ਕੌਰ, ਜ਼ਿਲ੍ਹਾ ਕੁਆਰਡੀਨੇਟਰ-1 ਡਾ. ਅਰਸ਼ਦੀਪ ਸਿੰਘ, ਜ਼ਿਲ੍ਹਾ ਕੁਆਰਡੀਨੇਟਰ-2 ਸ਼੍ਰੀ ਅਨਮੋਲਜੋਤ ਸਿੰਘ ਰੰਧਾਵਾ,
ਸਮੂਹ ਡੀ.ਐੱਸ.ਪੀਜ਼, ਐੱਸ.ਐੱਸ.ਐੱਮ ਕਾਲਜ ਦੀਨਾਨਗਰ, ਪ੍ਰਿੰਸੀਪਲ ਆਰ.ਕੇ ਤੁਲੀ, ਹਲਕਾ ਕੋਆਰਡੀਨੇਟਰ ਨੀਰਜ ਸਲਹੋਤਰਾ , ਮਨਜੀਤ ਸਿੰਘ ਬਮਰਾਹ, ਸਮੂਹ ਵਿਧਾਨ ਸਭਾ ਹਲਕਿਆ ਦੇ ਕੋਆਰਡੀਨੇਟਰ , ਹਲਕਾ ਵਾਈਸ ਕੋਆਰਡੀਨੇਟਰ ਅਤੇ ਬਲਾਕ ਵਾਈਸ ਕੋਆਰਡੀਨੇਟਰ ਆਦਿ ਮੌਜੂਦ ਸਨ।

ਇਸ ਮੌਕੇ ਵੱਖ -ਵੱਖ ਵਿਧਾਨ ਸਭਾ ਹਲਕਿਆਂ ਵਿਚ ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੁਆਰਡੀਨੇਟਰਾਂ, ਵਾਈਸ ਕੁਆਰਡੀਨੇਟਰਾਂ ਅਤੇ ਬਲਾਕ ਕੁਆਰਡੀਨੇਟਰਾਂ ਨੂੰ ਸੰਬੋਧਨ ਕਰਦਿਆ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਤੁਸੀ ਪੰਜਾਬ ਦੇ ਵਾਰਿਸ ਹੋ, ਜੋ ਨਾ ਮੁਰਾਦ ਬਿਮਾਰੀ ਨਸ਼ਿਆਂ ਨੂੰ ਖਤਮ ਕਰਨ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੇ ਹੋ।

ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿੱਚ ਨਸ਼ਿਆਂ ਨੂੰ ਖਤਮ ਕਰਨ ਦਾ ਤਹੱਈਆ ਕੀਤਾ ਗਿਆ ਹੈ ਅਤੇ ਇਸ ਲਈ ਜ਼ਮੀਨੀ ਪੱਧਰ ‘ਤੇ ਕੀਤਾ ਗਿਆ ਕੰਮ ਨਜ਼ਰ ਆ ਰਿਹਾ ਹੈ। ਪੰਜਾਬ ਸਰਕਾਰ ਵੱਲੋ ਨਾ ਕੇਵਲ ਨਸ਼ਾਂ ਤਸਕਰਾਂ ਖਿਲਾਫ ਲੜਾਈ ਲੜੀ ਜਾ ਰਹੀ ਹੈ ਬਲਕਿ ਨਸ਼ਾ ਗ੍ਰਸਤ ਪੀੜਤ ਲੋਕਾਂ ਦਾ ਨਸ਼ਾ ਛੁਡਾਊ ਕੇਂਦਰਾ ਵਿਚ ਇਲਾਜ ਵੀ ਕਰਵਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਸਰਕਾਰ ਦਾ ਸਪੱਸ਼ਟ ਸੰਦੇਸ਼ ਹੈ ਕਿ ਨਸ਼ਾ ਤਸਕਰਾਂ ਵਿਰੁੱਧ ਕਿਸੇ ਕਿਸਮ ਦੀ ਰਿਆਇਤ ਨਹੀਂ ਵਰਤੀ ਜਾਵੇਗੀ।ਜਿਸ ਦੇ ਚੱਲਦਿਆ ਯੁੱਧ ਨਸ਼ਿਆ ਵਿਰੁੱਧ ਤਹਿਤ ਹਜ਼ਾਰਾ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਹਨ ਅਤੇ ਐੱਫ.ਆਈ.ਆਰ. ਦਰਜ ਕੀਤੀ ਗਈਆ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਲਈ ਤੁਹਾਡੀ ਸਾਰਿਆ ਦੀ ਵੱਡੀ ਭੂਮਿਕਾ ਹੈ ਅਤੇ ਬਿਨ੍ਹਾਂ ਕਿਸੇ ਭੈਅ ਦੇ ਆਪਣੇ ਫਰਜ ਪੂਰੇ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸਰਕਾਰ ਨੇ ਸੰਕਲਪ ਕੀਤਾ ਹੈ ਅਤੇ ਸਰਕਾਰ ਵੱਲੋਂ ਬੱਝਵੇਂ ਰੂਪ ਵਿੱਚ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਥੇ ਨਸ਼ਿਆਂ ਨੂੰ ਖਤਮ ਕੀਤਾ ਜਾ ਰਿਹਾ ਹੈ, ਉਸ ਦੇ ਨਾਲ ਨੌਜਵਾਨਾਂ ਨੂੰ ਖੇਡਣ ਦਾ ਪਲੇਟਫਾਰਮ ਮੁਹੱਈਆ ਕਰਵਾ ਗਿਆ ਹੈ ਅਤੇ ਸੂਬੇ ਅੰਦਰ ਕਰੀਬ 3 ਹਜ਼ਾਰ ਖੇਡ ਸਟੇਡੀਅਮ ਉਸਾਰੇ ਜਾ ਰਹੇ ਹਨ। ਨੌਜਵਾਨਾਂ ਨੂੰ ਰੁਜਗਾਰ ਮੁਹੱਇਆ ਕਰਵਾਇਆ ਗਿਆ ਹੈ ਅਤੇ 67027 ਨੌਕਰੀਆਂ ਸਰਕਾਰ ਵੱਲੋਂ ਪ੍ਰਦਾਨ ਕੀਤੀਆਂ ਜਾ ਚੁੱਕੀਆ ਹਨ। ਉਨ੍ਹਾਂ ਕਿਹਾ ਵਕਤ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਅੰਦਰ ਹਰ ਖੇਤਰ ਵਿੱਚ ਅਤੇ ਹਰ ਵਰਗ ਦੀ ਭਲਾਈ ਲਈ ਇਤਿਹਾਸ ਕਾਰਜ ਕੀਤੇ ਹਨ ਅਤੇ ਸੂਬੇ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣ ਲਈ ਸਫਲ ਯਤਨ ਕੀਤੇ ਜਾ ਰਹੇ ਹਨ।

ਇਸ ਮੌਕੇ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਅਦਿੱਤਿਆ ਉੱਪਲ ਨੇ ਕਿਹਾ ਕਿ ਜਿਲ੍ਹੇ ਅੰਦਰ  ‘ ਯੁੱਧ ਨਸ਼ਿਆ ਵਿਰੁੱਧ ਮੁਹਿੰਮ ’ ਤਹਿਤ ਲੋਕਾਂ ਦੇ ਸਹਿਯੋਗ ਨਾਲ ਨਸ਼ਿਆ ਖਿਲਾਫ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਵੱਲ਼ੋਂ ਨਸ਼ਿਆਂ ਵਿਰੁੱਧ ਪ੍ਰਸ਼ਾਸਨ ਨਾਲ ਸਹਿਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ ਦਾ ਮੁੱਖ ਮੰਤਵ ਵੀ ਇਹੀ ਹੈ ਕਿ ਇਸ ਮੁਹਿੰਮ ਨੂੰ ਹੋਰ ਸਫਲ ਬਣਾਉਣ ਲਈ ਵੱਧ ਤੋਂ ਵੱਧ ਸਹਿਯੋਗ ਨਾਲ ਕੰਮ ਕੀਤਾ ਜਾਵੇ ਅਤੇ ਇਸ ਨਾਮੁਰਾਦ ਬਿਮਾਰੀ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕੀਤਾ ਜਾਵੇ।

 ਇਸ ਮੌਕੇ ਐੱਸ.ਐੱਸ.ਪੀ. ਗੁਦਾਸਪੁਰ ਅਦਿੱਤਿਆ ਨੇ ਦੱਸਿਆ ਕਿ ਗੁਰਦਾਸਪੁਰ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਨਸ਼ਿਆ ਦਾ ਕਾਰੋਬਾਰ ਕਰਨ ਵਾਲਿਆ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ।

ਇਸ ਮੌਕੇ ਡਾ. ਮਹਿਤਾਬ ਸਿੰਘ ਐੱਸ.ਐੱਸ.ਪੀ. ਬਟਾਲਾ ਨੇ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮਹਿੰਮ ਤਹਿਤ ਨਸ਼ਾ ਤਸਕਰਾਂ ਵਿਰੁੱਧ ਸਖਤ ਰੁਖ ਅਪਣਾਇਆ ਗਿਆ ਹੈ ਅਤੇ ਨਸ਼ਿਆ ਦੇ ਜਾਲ ਵਿੱਚ ਫਸੇ ਲੋਕਾ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ।

ਇਸ ਮੌਕੇ ਦੀਨਾਨਗਰ ਹਲਕੇ ਦੇ ਇੰਚਾਰਜ ਸ਼ਮਸ਼ੇਰ ਸਿੰਘ, ਚੇਅਰਮੈਨ ਜੋਬਨ ਰੰਧਾਵਾ ਅਤੇ ਜਿਲ੍ਹਾ ਪ੍ਰਧਾਨ ਆਪ ਪਾਰਟੀ ਗੁਰਦਾਸਪੁਰ, ਜਿਲ਼੍ਹਾ ਕੋਆਡੀਨੇਟਰ-1 ਡਾ. ਅਰਸ਼ਦੀਪ ਸਿੰਘ ਅਤੇ ਜਿਲ੍ਹਾ ਕੋਆਡੀਨੇਟਰ-2 ਅਨਮੋਲਜੋਤ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸ.ਭਗਵੰਤ ਸਿੰਘ ਮਾਨ, ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਮੋਰਚਾ ਦੀ ਟੀਮ ਦਿਨ-ਰਾਤ ਫੀਲਡ ਵਿੱਚ ਕੰਮ ਕਰ ਰਹੀ ਹੈ ਅਤੇ ਨਸ਼ਿਆ ਖਿਲਾਫ ਵੱਡੀ ਭੂਮਿਕਾ ਨਿਭਾ ਰਹੀ ਹੈ।

ਉਨ੍ਹਾਂ ਕਿਹਾ ਕਿ ਟੀਮ ਦੇ ਸਾਂਝੇ ਯਤਨਾਂ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਨਸ਼ਿਆ ਨੂੰ
ਠੱਲ ਪਈ ਹੈ ਅਤੇ ਲੋਕਾਂ ਵੱਲ਼ੋਂ ਵੀ ਨਸ਼ਿਆ ਖਿਲਾਫ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੁਹਰਾਇਆ ਕਿ ਨਸ਼ਿਆ ਵਿਰੁੱਧ ਲਈ ਲੜਾਈ ਨਿਰੰਤਰ ਜਾਰੀ ਰਹੇਗੀ ਅਤੇ ਜੋ ਲੋਕ ਕਿਸੇ ਕਾਰਨ ਨਸ਼ਿਆ ਦੇ ਜਾਲ ਫਸ ਗਏ ਹਨ ਉਨ੍ਹਾਂ ਦਾ ਨਸ਼ਾ ਛੁਡਾਓ ਕੇਂਦਰਾਂ ਵਿੱਚ ਇਲਾਜ ਕਰਵਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਮੁੜ ਵਸੇਬਾ ਕਰਵਾਉਣ ਲਈ ਸਰਕਾਰ ਵਚਨਬੱਧ ਹੈ।

ਇਸ ਮੌਕੇ ਨਸ਼ਾ ਮੁਕਤੀ ਮੋਰਚੇ ਦੇ ਵੱਖ- ਵੱਖ ਹਲਕਿਆ ਦੇ ਕੋਆਰਡੀਨੇਟਰਾਂ ਅਤੇ ਵਾਈਸ ਕੋਆਰਡੀਨੇਟਰਾਂ ਅਤੇ ਬਲਾਕ ਕੋਆਰਡੀਨੇਟਰਾਂ ਵੱਲੋਂ ਫੀਡਬੈਕ ਦਿੱਤੀ ਗਈ। ਉਨ੍ਹਾਂ ਕਿਹਾ ਕਿ ਨਸ਼ਾ ਮੁਕਤੀ ਮੋਰਚਾ ਦੀ ਟੀਮ ਵੱਲੋਂ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਅੰਦਰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਲੋਕਾਂ ਨੂੰ ਨਸ਼ਿਆ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।