ਦਿਵਿਆਂਗ ਅਤੇ ਸੀਨੀਅਰ ਸਿਟੀਜਨ ਵੋਟਰਾਂ ਲਈ ਸਹੂਲਤਾਂ ਸੰਬੰਧੀ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ
ਮਾਲੇਰਕੋਟਲਾ, 27 ਫਰਵਰੀ:
ਭਾਰਤੀ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੇ ਤਹਿਤ ਦਿਵਿਆਂਗ ਅਤੇ 85 ਸਾਲ ਤੋਂ ਉਪਰ ਦੇ ਸੀਨੀਅਰ ਸਿਟੀਜਨ ਵੋਟਰਾਂ ਦੀ ਸਹੂਲਤ ਲਈ ਗਠਿਤ ਜ਼ਿਲ੍ਹਾ ਪੱਧਰੀ ਕਮੇਟੀ ਦੀ ਬੈਠਕ ਆਯੋਜਿਤ ਕੀਤੀ ਗਈ। ਬੈਠਕ ਦੀ ਪ੍ਰਧਾਨਗੀ ਕਰਦਿਆਂ ਸਹਾਇਕ ਕਮਿਸ਼ਨਰ ਮਨਦੀਪ ਕੌਰ ਨੇ ਕਿਹਾ ਕਿ ਦਿਵਿਆਂਗਜਨ ਸਮਾਜ ਦਾ ਮਹੱਤਵਪੂਰਨ ਹਿੱਸਾ ਹਨ ਅਤੇ ਚੋਣ ਪ੍ਰਕਿਰਿਆ ਦੌਰਾਨ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਸੁਵਿਧਾ ਪ੍ਰਦਾਨ ਕਰਨਾ ਪ੍ਰਸ਼ਾਸਨ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਦਿਵਿਆਂਗਜਨਾਂ ਅਤੇ 85 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜਨਾਂ ਲਈ ਤਿਆਰ ਕੀਤੀ ‘ਸਕਸ਼ਮ ਐਪ’ਬਾਰੇ ਵਿਆਪਕ ਜਾਗਰੂਕਤਾ ਯਕੀਨੀ ਬਣਾਈ ਜਾਵੇ। ਉਨ੍ਹਾਂ ਦੱਸਿਆ ਕਿ ਇਸ ਐਪ ਰਾਹੀਂ ਦਿਵਿਆਂਗ ਵੋਟਰ ਆਪਣੀ ਰਜਿਸਟ੍ਰੇਸ਼ਨ ਅਤੇ ਵੋਟ ਵਿੱਚ ਸੋਧ ਘਰ ਬੈਠੇ ਕਰ ਸਕਦੇ ਹਨ, ਇਸ ਤੋਂ ਇਲਾਵਾ ਮਤਦਾਨ ਦੇ ਦਿਨ ਵ੍ਹੀਲਚੇਅਰ, ਆਵਾਜਾਈ ਅਤੇ ਸਹਾਇਕ ਵਲੰਟੀਅਰ ਵਰਗੀਆਂ ਸਹੂਲਤਾਂ ਲਈ ਅਗਾਊਂ ਬੇਨਤੀ ਵੀ ਦਰਜ ਕਰਵਾ ਸਕਦੇ ਹਨ। ਇਹ ਐਪ ਗੂਗਲ ਪਲੇ ਸਟੋਰ ਅਤੇ ਐਪ ਸਟੋਰ ’ਤੇ ਮੁਫਤ ਉਪਲਬਧ ਹੈ।
ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਦਿਵਿਆਂਗ ਅਤੇ ਸੀਨੀਅਰ ਸਿਟੀਜਨ ਵੋਟਰਾਂ ਲਈ ਵ੍ਹੀਲਚੇਅਰ, ਰੈਂਪ, ਤਰਜੀਹੀ ਮਤਦਾਨ ਵਿਵਸਥਾ, ਬ੍ਰੇਲ ਲਿਪੀ ਨਾਲ ਯੁਕਤ ਈ.ਵੀ.ਐਮ., ਸੰਕੇਤਕ ਭਾਸ਼ਾ ਸਬੰਧੀ ਜਾਣਕਾਰੀ ਪੋਸਟਰ ਅਤੇ ਹੋਰ ਆਵਸ਼ਯਕ ਸੁਵਿਧਾਵਾਂ ਦੇ ਪ੍ਰਬੰਧ ਸੁਨਿਸ਼ਚਿਤ ਕੀਤੇ ਜਾਣ, ਤਾਂ ਜੋ ਹਰ ਵੋਟਰ ਆਤਮ-ਗੌਰਵ ਅਤੇ ਆਸਾਨੀ ਨਾਲ ਆਪਣੇ ਮਤ ਦਾ ਪ੍ਰਯੋਗ ਕਰ ਸਕੇ।
ਇਸ ਮੌਕੇ ਕਾਰਜ ਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ, ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਾਰਤਾ ਅਧਿਕਾਰੀ ਮੁਕਲ ਬਾਵਾ, ਤਹਿਸੀਲ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਹਰਪ੍ਰੀਤ ਸਿੰਘ, ਐਸ.ਡੀ.ਓ. (ਪੀ.ਡਬਲਿਊ.ਡੀ.) ਇੰਜੀਨੀਅਰ ਅਮਨਦੀਪ ਕੁਮਾਰ, ਪ੍ਰਿੰਸੀਪਲ ਕਮਲੇਸ਼, ਜ਼ਿਲ੍ਹਾ ਚੋਣ ਕੋਆਰਡੀਨੇਟਰ ਮੁਹੰਮਦ ਸਦੀਕ, ਚੋਣ ਸ਼ਾਖਾ ਤੋਂ ਮਨਪ੍ਰੀਤ ਸਿੰਘ ਅਤੇ ਮੁਹੰਮਦ ਬਸ਼ੀਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

