ਝੋਨੇ ਦੀ ਪਰਾਲੀ ਨੂੰ ਸਾੜਨ ਨਾਲ ਵਾਤਾਵਰਣ ਹੁੰਦਾ ਹੈ ਦੂਸ਼ਿਤ - ਸਚਿਨ ਪਾਠਕ
ਨੰਗਲ 29 ਸਤੰਬਰ ()
ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਦੀ ਅਗਵਾਈ ਵਿੱਚ ਖੇਤੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪਿੰਡ ਭੱਲੜੀ ਵਿਚ ਫ਼ਸਲਾਂ ਦੀ ਰਹਿੰਦ-ਖੂਹੰਦ ਸਬੰਧੀ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਸਚਿਨ ਪਾਠਕ ਉਪ ਮੰਡਲ ਮੈਜਿਸਟ੍ਰੇਟ ਨੰਗਲ ਨੇ ਦੱਸਿਆ ਕਿ ਝੋਨੇ ਦੀ ਫ਼ਸਲ ਨਾਲ ਮਿੱਟੀ ਤੋਂ ਪ੍ਰਾਪਤ ਪੋਸ਼ਕ ਤੱਤਾਂ ਦਾ ਇਕ ਵੱਡੀ ਹਿੱਸਾ ਪਰਾਲੀ ਵਿਚ ਹੀ ਚਲਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਵਲੋਂ ਮੈਪਿੰਗ ਕੀਤੇ ਗਏ ਬੇਲਰਾਂ ਦਾ ਨੰਬਰ ਸਬੰਧਤ ਪਿੰਡਾਂ ਦੇ ਕਿਸਾਨਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਉਹ ਆਸਾਨੀ ਨਾਲ ਆਪਣੇ ਖੇਤਾਂ ਨੂੰ ਜਲਦ ਤੋਂ ਜਲਦ ਖਾਲੀ ਕਰਾ ਸਕਣ ਅਤੇ ਅੱਗ ਲਗਾਉਣ ਵੱਲ ਨਾ ਜਾਣ।
ਅਮਰਜੀਤ ਸਿੰਘ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਜੇਕਰ ਪਰਾਲੀ ਨੂੰ ਅੱਗ ਲਗਾਈ ਜਾਂਦੀ ਹੈ ਤਾਂ ਇਸ ਸਾਰੇ ਪੌਸ਼ਟਕ ਤੱਤ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਪਰਾਲੀ ਵਿਚ ਲੱਗਭਗ 25 ਫੀਸਦੀ ਨਾਈਟ੍ਰੋਜਨ/ਫਾਸਫੋਰਸ, 50 ਫੀਸਦੀ ਸਲਫਰ ਅਤੇ 75 ਫੀਸਦੀ ਪੋਟਾਸ਼ ਮੌਜੂਦ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਪ੍ਰਤੀ ਟਨ ਪਰਾਲੀ ਵਿਚ 4-5.5 ਕਿਲੋ ਨਾਈਟ੍ਰੋਜਨ, 2-2.5 ਕਿਲੋ ਫਾਸਫੋਰਸ, 15-25 ਕਿਲੋ ਪੋਟਾਸ਼, 1.25 ਕਿਲੋ ਸਲਫਰ ਅਤੇ ਲੱਗਭਗ 400 ਕਿਲੋ ਜੈਵਿਕ ਕਾਰਬਨ ਹੁੰਦਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਸੀ ਆਰ ਐਮ ਸਕੀਮ ਦੇ ਤਹਿਤ ਸਬਸਿਡੀ 'ਤੇ ਮਸ਼ੀਨ ਉਪਲੱਬਧ ਕਰਵਾ ਰਹੀ ਹੈ। ਕਿਸਾਨਾਂ ਨੂੰ ਚਾਹੀਦਾ ਹੈ ਕਿ ਇਸ ਮਸ਼ੀਨਰੀ ਦਾ ਉਪਯੋਗ ਕਰਕੇ ਪਰਾਲੀ ਦੀ ਯੋਗ ਸੰਭਾਲ ਕਰਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਤੋਂ ਬੱਚਣ। ਇਸ ਮੌਕੇ ਸਿਮਰਨਜੀਤ ਸਿੰਘ ਥਾਨਾ ਮੁਖੀ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।