ਕਣਕ ਦਾ ਨਾੜ ਸਾੜਨ ਦੇ ਮਾਮਲੇ ਵਿਚ ਕੇਸ ਤੇ ਜੁਰਮਾਨਾ

ਕਣਕ ਦਾ ਨਾੜ ਸਾੜਨ ਦੇ ਮਾਮਲੇ ਵਿਚ ਕੇਸ ਤੇ ਜੁਰਮਾਨਾ

ਬਰਨਾਲਾ, 28 ਅਪ੍ਰੈਲ-       ਜ਼ਿਲ੍ਹਾ ਬਰਨਾਲਾ ਵਿੱਚ ਕਣਕ ਦੇ ਨਾੜ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਿੱਥੇ ਕਿਸਾਨਾਂ ਨੂੰ ਲਗਾਤਾਰ ਜਾਗਰੂਕ ਜਾ ਰਿਹਾ ਹੈ, ਓਥੇ ਅਜਿਹਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ। ਪਿੰਡ ਪੰਧੇਰ ਵਿਚ ਨਾੜ ਸਾੜਨ ਦਾ ਮਾਮਲਾ ਸਾਹਮਣੇ ਆਉਣ 'ਤੇ ਕਿਸਾਨ ਵਿਰੁੱਧ ਐਫ਼ਆਈਆਰ ਦਰਜ ਕਰਕੇ ਜੁਰਮਾਨਾ ਕੀਤਾ ਗਿਆ ਹੈ।

  ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕਣਕ ਦੀ ਰਹਿੰਦ-ਖਹੂੰਦ (ਨਾੜ) ਨੂੰ ਅੱਗ ਲਗਾਉਣ/ਸਾੜਨ ’ਤੇ  ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹੋਏ ਹਨ। ਇਸਦੇ ਬਾਵਜੂਦ ਅੱਗ ਲਾਉਣ ਵਾਲੇ ਕਿਸਾਨਾਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 

 ਪਿੰਡ ਪੰਧੇਰ ਦੇ ਕਿਸਾਨ ਅਵਤਾਰ ਸਿੰਘ ਵਲੋਂ 1 ਏਕੜ ਰਕਬੇ ਵਿੱਚ ਅੱਗ ਲਾਉਣ ਦਾ ਮਾਮਲਾ ਸਾਹਮਣੇ ਆਇਆ ਜਿਸ 'ਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਰਨਾਲਾ ਪੁਲਿਸ ਵਲੋਂ ਐਫ਼ਆਈਆਰ ਦਰਜ ਕੀਤੀ ਗਈ ਹੈ ਅਤੇ ਹਵਾ ਦੀ ਗੁਣਵੱਤਾ ਪ੍ਰਬੰਧਨ ਨਿਯਮ 2023 ਅਧੀਨ 5 ਹਜ਼ਾਰ ਰੁਪਏ ਜੁਰਮਾਨਾ (ਵਾਤਾਵਰਨ ਮੁਆਵਜ਼ਾ) ਕੀਤਾ ਗਿਆ ਹੈ।

   ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਣਕ ਦਾ ਨਾੜ ਸਾੜਨ ਦੀਆਂ ਘਟਨਾਵਾਂ ਨੂੰ ਰੋਕਣ ਲਈ 40 ਕਲੱਸਟਰ, ਸਹਾਇਕ ਕਲੱਸਟਰ ਅਤੇ 254 ਨੋਡਲ ਅਫ਼ਸਰ ਨਿਯੁਕਤ ਕੀਤੇ ਹੋਏ ਹਨ ਜੋ ਫੀਲਡ ਵਿੱਚ ਰਹਿ ਕੇ ਅਜਿਹੇ ਮਾਮਲਿਆਂ ਉੱਤੇ ਲਗਾਤਾਰ ਨਜ਼ਰ ਰੱਖ ਰਹੇ ਹਨ। ਓਹਨਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਪਿਛਲੇ ਸਮੇਂ ਪਰਾਲੀ ਨੂੰ ਅੱਗ ਲਾਉਣ ਦੇ ਜਿਆਦਾ ਮਾਮਲੇ ਆਏ ਸਨ, ਓਹਨਾਂ ਦੀ ਵਿਸ਼ੇਸ਼ ਨਜ਼ਰਸਾਨੀ ਕੀਤੀ ਜਾ ਰਹੀ ਹੈ।

ਓਹਨਾਂ ਕਿਹਾ ਕਿ ਕਣਕ ਦੇ ਨਾੜ ਨੂੰ ਸਾੜਨ ਨਾਲ ਜਿੱਥੇ ਹਵਾ ਪ੍ਰਦੂਸ਼ਣ ਫੈਲਦਾ ਹੈ, ਓਥੇ ਮਨੁੱਖੀ ਸਿਹਤ ਦਾ ਨੁਕਸਾਨ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਘਟਦੀ ਹੈ। ਇਸ ਲਈ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਉੱਤੇ ਪੂਰੀ ਨਜ਼ਰ ਰੱਖੀ ਜਾ ਰਹੀ ਹੈ।

 ਓਹਨਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਫ਼ਸਲੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਉਣ ਅਤੇ ਪਰਾਲੀ ਦਾ ਵਾਤਾਵਰਨ ਪੱਖੀ ਨਿਬੇੜੇ ਕਰਨ। ਅਜਿਹਾ ਨਾ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।