ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਚੇਅਰਮੈਨ ਰਮਨ ਬਹਿਲ ਦੇ ਨਾਲ ਗੁਰਦਾਸਪੁਰ ਵਿਖੇ ਅਰਬਨ ਅਸਟੇਟਾਂ ਦਾ ਦੌਰਾ
ਗੁਰਦਾਸਪੁਰ, 16 ਅਗਸਤ ( ) - ਸੂਬੇ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਪੁੱਡਾ ਅਤੇ ਨਗਰ ਸੁਧਾਰ ਟਰੱਸਟਾਂ ਰਾਹੀਂ ਡਿਵੈਲਪ ਕੀਤੀਆਂ ਗਈਆਂ ਅਰਬਨ ਅਸਟੇਟਾਂ ਤੇ ਕਲੋਨੀਆਂ ਵਿੱਚ ਸਾਰੀਆਂ ਬੁਨਿਆਦੀ ਸਹੂਲਤਾਂ ਨੂੰ ਯਕੀਨੀ ਬਣਾਇਆ ਜਾਵੇਗਾ ਤਾਂ ਜੋ ਇਨ੍ਹਾਂ ਕਲੋਨੀਆਂ ਵਿੱਚ ਰਹਿਣ ਵਾਲੇ ਵਸਨੀਕਾਂ ਨੂੰ ਕੋਈ ਪਰੇਸ਼ਾਨੀ ਨਾ ਆਵੇ।
ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਅੱਜ ਗੁਰਦਾਸਪੁਰ ਸ਼ਹਿਰ ਵਿਖੇ ਜੇਲ ਰੋਡ ਅਤੇ ਬਟਾਲਾ ਰੋਡ ਵਿਖੇ ਪੁੱਡਾ ਦੀਆਂ ਕਲੋਨੀਆਂ ਦਾ ਦੌਰਾ ਕਰਕੇ ਓਥੇ ਮਿਲ ਰਹੀਆਂ ਸਹੂਲਤਾਂ ਦਾ ਨਿਰੀਖਣ ਕਰ ਰਹੇ ਸਨ। ਇਸ ਮੌਕੇ ਉਨ੍ਹਾਂ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਰਮਨ ਬਹਿਲ, ਪੁੱਡਾ ਅੰਮ੍ਰਿਤਸਰ ਦੇ ਚੀਫ ਐਡਮਿਨਿਸਟਰੇਟਰ ਨਿਤੀਸ਼ ਜੈਨ ਆਈ.ਏ.ਐੱਸ. ਅਤੇ ਹੋਰ ਉੱਚ ਅਧਿਕਾਰੀਆਂ ਵੀ ਮੌਜੂਦ ਸਨ।
ਗੁਰਦਾਸਪੁਰ ਦੀ ਬਟਾਲਾ ਰੋਡ ਸਥਿਤ ਅਰਬਨ ਸਟੇਟ ਕਲੋਨੀ ਜੋ 155 ਏਕੜ ਵਿੱਚ ਫੈਲੀ ਹੋਈ ਹੈ, ਵਿੱਚ ਸੜਕਾਂ ਦੀ ਹਾਲਤ ਅਤੇ ਬਿਜਲੀ ਸਪਲਾਈ ਸਬੰਧੀ ਕਲੋਨੀ ਵਾਸੀਆਂ ਵੱਲੋਂ ਸ਼ਿਕਾਇਤ ਕਰਨ `ਤੇ ਕੈਬਨਿਟ ਮੰਤਰੀ ਸ. ਮੁੰਡੀਆਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਕਲੋਨੀ ਵਿੱਚ ਸੜਕਾਂ ਦੀ ਮੁਰੰਮਤ ਕਰਨ ਦੇ ਨਾਲ ਬਿਜਲੀ ਟਰਾਂਸਫਰਮਾਂ ਨੂੰ ਠੀਕ ਕਰਕੇ ਬਿਜਲੀ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਇਸਦੇ ਨਾਲ ਹੀ ਉਨ੍ਹਾਂ ਕਲੋਨੀਆਂ ਵਿੱਚ ਸਫ਼ਾਈ ਵਿਵਸਥਾ ਨੂੰ ਯਕੀਨੀ ਬਣਾਉਣ ਲਈ ਵੀ ਹਦਾਇਤਾਂ ਦਿੱਤੀਆਂ।
ਅਰਬਨ ਅਸਟੇਟ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਇਹਨਾਂ ਕਲੋਨੀਆਂ ਨੂੰ ਸੰਵਾਰਨ ਅਤੇ ਇੱਥੇ ਰਹਿੰਦੇ ਲੋਕਾਂ ਨੂੰ ਸਹੂਲਤਾਂ ਦੇਣ ਵਿੱਚ ਕੋਈ ਦਿਲਚਸਪੀ ਨਹੀਂ ਦਿਖਾਈ। ਪਰ ਹੁਣ ਉਹ ਸਾਰੀਆਂ ਕਲੋਨੀਆਂ ਦਾ ਦੌਰਾ ਕਰਨਗੇ ਅਤੇ ਜਿੱਥੇ-ਜਿੱਥੇ ਜੋ ਵੀ ਕਮੀ ਪਾਈ ਜਾਵੇਗੀ ਉਸ ਨੂੰ ਦੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਹ ਵੀ ਜਾਂਚ ਕਰਵਾਈ ਜਾਵੇਗੀ ਕਿ ਪੁੱਡਾ ਦੀਆਂ ਕਲੋਨੀਆਂ ਵਿੱਚ ਰਹੀਆਂ ਕਮੀਆਂ ਲਈ ਕੌਣ ਜਿੰਮੇਵਾਰ ਹੈ।
ਚੇਅਰਮੈਨ ਰਮਨ ਬਹਿਲ ਨੇ ਕਿਹਾ ਕਿ ਗੁਰਦਾਸਪੁਰ ਦੀ ਅਰਬਨ ਸਟੇਟ ਅਤੇ ਜੇਲ ਰੋਡ ਸਥਿਤ ਪੁੱਡਾ ਦੀ ਕਲੋਨੀ ਸਮੇਤ ਹੋਰ ਵੀ ਜਿਹੜੀਆਂ ਸਰਕਾਰੀ ਮਨਜ਼ੂਰ ਸ਼ੁਦਾ ਕਲੋਨੀਆਂ ਹਨ, ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਇਸ ਕਲੋਨੀ ਵਿੱਚ ਗੁਰਦੁਆਰਾ ਸਾਹਿਬ ਅਤੇ ਮੰਦਰ ਬਣਾਉਣ ਦੇ ਇਲਾਵਾ ਕਮਿਊਨਿਟੀ ਹਾਲ ਵੀ ਬਹੁਤ ਜਲਦੀ ਬਣਵਾ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਚਾਰ ਦੁਆਰੀ ਅਤੇ ਸੜਕਾਂ ਦੀ ਮੁਰੰਮਤ ਅਤੇ ਪਾਰਕਾਂ ਸਮੇਤ ਹਰੇਕ ਕੰਮ ਨੂੰ ਬਹੁਤ ਜਲਦੀ ਨਿਪਟਾਇਆ ਜਾਵੇਗਾ।
ਮੌਕੇ ਤੇ ਪਹੁੰਚੇ ਚੀਫ ਐਡਮਿਨਿਸਟਰੇਟਰ ਨਿਤੀਸ਼ ਜੈਨ ਨੇ ਕਿਹਾ ਕਿ ਕੈਬਨਿਟ ਮੰਤਰੀ ਸ. ਹਰਦੀਪ ਸਿੰਘ ਮੁੰਡੀਆਂ ਦੇ ਨਿਰਦੇਸ਼ਾਂ ਤਹਿਤ ਕਲੋਨੀਆਂ ਦੀਆਂ ਸਾਰੀਆਂ ਕਮੀਆਂ ਨੂੰ ਪਹਿਲ ਦੇ ਅਧਾਰ `ਤੇ ਦੂਰ ਕੀਤਾ ਜਾਵੇਗਾ।
ਇਸ ਮੌਕੇ ਅਰਬਨ ਅਸਟੇਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਘੁੰਮਣ ਅਤੇ ਹੋਰ ਅਹੁਦੇਦਾਰਾਂ ਨੇ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਚੇਅਰਮੈਨ ਰਮਨ ਬਹਿਲ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਨਾਲ ਹੀ ਤਹਿ ਦਿਲੋਂ ਧੰਨਵਾਦ ਕੀਤਾ ਜਿਨਾਂ ਨੇ ਇਸ ਕਲੋਨੀ ਵਿੱਚ ਪਹੁੰਚ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ।
Related Posts
Advertisement
