ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ 50 ਕਿਲੋਮੀਟਰ ਤੋਂ ਵੱਧ ਪੇਂਡੂ ਲਿੰਕ ਸੜਕਾਂ ਦੇ ਨੀਂਹ ਪੱਥਰ ਰੱਖੇ
ਮੂਨਕ/ ਖਨੌਰੀ, 31 ਜਨਵਰੀ
ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਅੱਜ ਗੋਬਿੰਦਗੜ੍ਹ ਪਾਪੜਾ, ਸਲੇਮਗੜ੍ਹ, ਸ਼ੇਰਗੜ੍ਹ ਸੀਹਾ ਸਿੰਘ ਵਾਲਾ, ਬੁਸ਼ਹਿਰਾ, ਬੰਗਾ, ਮੰਡਵੀ, ਸ਼ਾਹਪੁਰ ਥੇੜ੍ਹੀ, ਬੋਪੁਰ, ਬਨਾਰਸੀ, ਚੱਠਾ ਗੋਬਿੰਦਪੁਰਾ, ਬਿਸ਼ਨਪੁਰਾ ਖੋਖਰ ਅਤੇ ਗਨੋਟਾ ਵਿਖੇ ਵੱਖ-ਵੱਖ ਸੜਕੀ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖੇ ਗਏ।
ਇਨ੍ਹਾਂ ਪ੍ਰੋਜੈਕਟਾਂ ਤਹਿਤ ਕਰੀਬ 58 ਕਰੋੜ ਰੁਪਏ ਦੀ ਲਾਗਤ ਨਾਲ 50 ਕਿਲੋਮੀਟਰ ਤੋਂ ਵੱਧ ਲੰਬਾਈ ਵਾਲੀਆਂ ਪੇਂਡੂ ਲਿੰਕ ਸੜਕਾਂ ਦੀ ਮੁਰੰਮਤ, ਸੜਕਾਂ ਨੂੰ ਚੌੜਾ ਕਰਨ ਅਤੇ ਨਵੀਨੀਕਰਨ ਦੇ ਕੰਮ ਕੀਤੇ ਜਾਣਗੇ। ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਪਿੰਡਾਂ ਦਾ ਆਪਸੀ ਰਾਬਤਾ ਮਜ਼ਬੂਤ ਹੋਵੇਗਾ ਅਤੇ ਲੋਕਾਂ ਨੂੰ ਸੁਰੱਖਿਅਤ, ਸੁਵਿਧਾਜਨਕ ਅਤੇ ਤੇਜ਼ ਆਵਾਜਾਈ ਦੀ ਸਹੂਲਤ ਮਿਲੇਗੀ।
ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਪੇਂਡੂ ਵਿਕਾਸ ਨੂੰ ਤਰਜੀਹ ਦੇ ਰਹੀ ਹੈ ਅਤੇ ਸੂਬੇ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮਜ਼ਬੂਤ ਸੜਕੀ ਢਾਂਚਾ ਖੇਤੀਬਾੜੀ, ਵਪਾਰ ਅਤੇ ਉਦਯੋਗ ਲਈ ਰੀੜ੍ਹ ਦੀ ਹੱਡੀ ਹੈ।
ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਹਲਕਾ ਲਹਿਰਾ ਦੇ ਵਿਕਾਸ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਅਤੇ ਇਲਾਕੇ ਦੇ ਵਿਕਾਸ ਵਿੱਚ ਕੋਈ ਵੀ ਕਸਰ ਨਹੀਂ ਛੱਡੀ ਜਾ ਰਹੀ। ਉਨ੍ਹਾਂ ਕਿਹਾ ਕਿ ਸੜਕਾਂ, ਪੀਣ ਵਾਲੇ ਪਾਣੀ, ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਕਈ ਅਹਿਮ ਪ੍ਰੋਜੈਕਟ ਚੱਲ ਰਹੇ ਹਨ, ਜਿਨ੍ਹਾਂ ਨਾਲ ਆਉਣ ਵਾਲੇ ਸਮੇਂ ਵਿੱਚ ਹਲਕਾ ਲਹਿਰਾ ਦੀ ਤਸਵੀਰ ਪੂਰੀ ਤਰ੍ਹਾਂ ਬਦਲ ਜਾਵੇਗੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ-ਹਿਤੈਸ਼ੀ ਨੀਤੀਆਂ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਤਾਂ ਜੋ ਹਰ ਵਰਗ ਤੱਕ ਵਿਕਾਸ ਦੇ ਫ਼ਾਇਦੇ ਪਹੁੰਚ ਸਕਣ।
ਕੈਬਨਿਟ ਮੰਤਰੀ ਗੋਇਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਦ੍ਰਿੜ ਨਿਸ਼ਚੈ ਨਾਲ ਅੱਗੇ ਵਧ ਰਹੀ ਹੈ ਅਤੇ ਹਲਕਾ ਲਹਿਰਾ ਦੇ ਨਿਵਾਸੀਆਂ ਨੂੰ ਬਿਹਤਰ ਸੁਵਿਧਾਵਾਂ ਮੁਹੱਈਆ ਕਰਵਾਉਣਾ ਸਰਕਾਰ ਦੀ ਪ੍ਰਾਥਮਿਕਤਾ ਹੈ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੀ ਗੁਣਵੱਤਾ ਅਤੇ ਸਮੇਂ-ਸਿਰ ਪੂਰਤੀ ਯਕੀਨੀ ਬਣਾਈ ਜਾਵੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ।
ਸਥਾਨਕ ਵਾਸੀਆਂ ਨੇ ਇਨ੍ਹਾਂ ਵਿਕਾਸ ਕਾਰਜਾਂ ਦੀ ਸ਼ੁਰੂਆਤ ’ਤੇ ਖੁਸ਼ੀ ਪ੍ਰਗਟ ਕਰਦਿਆਂ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਮੌਕੇ ਐੱਸ.ਡੀ.ਐਮ. ਲਹਿਰਾ ਰਾਕੇਸ਼ ਪਰਕਾਸ਼, ਐਕਸੀਅਨ ਮੰਡੀ ਬੋਰਡ ਪੁਨੀਤ ਕੁਮਾਰ, ਐਸ.ਡੀ.ਓ. ਮੰਡੀ ਬੋਰਡ ਲਲਿਤ ਬਜਾਜ, ਚੇਅਰਮੈਨ ਮਾਰਕਿਟ ਕਮੇਟੀ ਖਨੌਰੀ ਜੋਗੀ ਰਾਮ ਭੁੱਲਣ, ਚੇਅਰਮੈਨ ਮਾਰਕਿਟ ਕਮੇਟੀ ਲਹਿਰਾ ਡਾ. ਸ਼ੀਸ਼ਪਾਲ ਅਨੰਦ, ਕੁਲਵਿੰਦਰ ਸਿੰਘ ਸਰਪੰਚ ਗੋਬਿੰਦਪੁਰਾ ਪਾਪੜਾ, ਗੁਲਜ਼ਾਰੀ ਸੇਠ ਸਲੇਮਗੜ੍ਹ, ਸ਼ਮਸ਼ੇਰ ਸਿੰਘ ਸਲੇਮਗੜ, ਕਰਮਜੀਤ ਸਿੰਘ ਰਾਜਲਹੇੜੀ ਬਲਾਕ ਪ੍ਰਧਾਨ, ਪਰਦੀਪ ਨੰਬਰਦਾਰ ਅੰਦਾਨਾ, ਬਖਸ਼ੀਸ਼ ਸਿੰਘ ਸ਼ਾਹਪੁਰ ਥੇੜੀ, ਨਿਰਮਲ ਸਿੰਘ ਸ਼ਾਹਪੁਰ ਥੇੜੀ, ਪੀ.ਏ. ਰਾਕੇਸ਼ ਕੁਮਾਰ ਗੁਪਤਾ ਸਮੇਤ ਵੱਖ ਵੱਖ ਅਹੁਦੇਦਾਰ, ਵਰਕਰ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।



