ਹੁਸ਼ਿਆਰਪੁਰ ਬਣਿਆ ਫਿੱਟਨੈਂਸ ਅਤੇ ਵਾਤਾਵਰਨ ਜਾਗਰੂਕਤਾ ਦਾ ਪ੍ਰਤੀਕ : ਕੈਬਨਿਟ ਮੰਤਰੀ ਅਮਨ ਅਰੋੜਾ
ਹੁਸ਼ਿਆਰਪੁਰ, 2 ਨਵੰਬਰ :
ਲਾਜਵੰਤੀ ਮਲਟੀਪਰਪਜ਼ ਸਟੇਡੀਅਮ, ਹੁਸ਼ਿਆਰਪੁਰ ਵਿਖੇ ਸਚਦੇਵਾ ਸਟਾਕਸ ਤੇ ਫਿੱਟ ਬਾਈਕਰਜ਼ ਕਲੱਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਆਯੋਜਿਤ 'ਫੈਮਿਲੀ ਵਾਕ' ਪ੍ਰੋਗਰਾਮ ਦਾ ਸ਼ੁਭ ਆਰੰਭ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਹਰੀ ਝੰਡੀ ਦਿਖਾ ਕੇ ਕੀਤਾ। ਸਵਰਗੀ ਐਥਲੀਟ ਫੌਜਾ ਸਿੰਘ ਨੂੰ ਸਮਰਪਿਤ ਇਸ ਵਿਸ਼ੇਸ਼ ਆਯੋਜਨ ਵਿਚ ਫਿੱਟਨੈੱਸ, ਨਸ਼ਾ ਮੁਕਤੀ ਅਤੇ ਵਾਤਾਵਰਨ ਸੁਰੱਖਿਆ ਦਾ ਇਕ ਮਜ਼ਬੂਤ ਸੰਦੇਸ਼ ਦਿੱਤਾ ਗਿਆ।
ਇਸ ਮੌਕੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਗੁਰਪ੍ਰੀਤ ਘੁੱਗੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ।
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ’ਫੈਮਿਲੀ ਵਾਕ’ ਵਰਗੇ ਆਯੋਜਨ ਸਮਾਜ ਨੂੰ ਇਕਜੁੱਟ ਕਰਨ ਅਤੇ ਲੋਕਾਂ ਵਿਚ ਸਿਹਤਮੰਦ ਜੀਵਨਸ਼ੈਲੀ ਅਪਨਾਉਣ ਦੀ ਪ੍ਰੇਰਨਾ ਦੇਣ ਦਾ ਸਾਧਨ ਹਨ। ਉਨ੍ਹਾਂ ਦੱਸਿਆ ਕਿ ਇਸ ਆਯੋਜਨ ਵਿਚ 5000 ਤੋਂ ਵੱਧ ਲੋਕਾਂ ਨੇ ਉਤਸ਼ਾਹਪੂਰਵਕ ਹਿੱਸਾ ਲਿਆ, ਜੋ ਇਹ ਦਰਸਾਉਂਦਾ ਹੈ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕ ਨਸ਼ਾ-ਮਕੁਤੀ ਅਤੇ ਪਲਾਸਟਿਕ-ਮੁਕਤ ਸਮਾਜ ਦੀ ਦਿਸ਼ਾ ਵਿਚ ਗੰਭੀਰਤਾ ਨਾਲ ਵੱਧ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਦੇਖਣਾ ਪ੍ਰੇਰਨਾਦਾਇਕ ਰਿਹਾ ਹੈ ਕਿ 6 ਮਹੀਨੇ ਦੇ ਬੱਚੇ ਤੋਂ ਲੈ ਕੇ 91 ਸਾਲਾ ਬਜ਼ੁਰਗ ਤੱਕ ਨੇ ਇਸ ਵਾਕ ਵਿਚ ਹਿੱਸਾ ਲਿਆ, ਜੋ ਸਮਾਜ ਦੇ ਹਰ ਉਮਰ ਵਰਗ ਦੀ ਜਾਗਰੂਕਤਾ ਅਤੇ ਇਕਜੁੱਟਤਾ ਦਾ ਪ੍ਰਤੀਕ ਹੈ।
ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੇ ਸਾਰੇ ਹਿੱਸਾ ਲੈਣ ਵਾਲੇ, ਆਯੋਜਕਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਿਸ਼ਚਿਤ ਰੂਪ ਨਾਲ ’ਨਸ਼ਾ-ਮੁਕਤ ਪੰਜਾਬ’ ਅਤੇ ’ਪਲਾਸਟਿਕ-ਮੁਕਤ ਅਭਿਆਨ’ ਦੀ ਭਾਵਨਾ ਨੂੰ ਮਜ਼ਬੂਤ ਕਰੇਗਾ।
ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ, ਵਿਧਾਇਕ ਬ੍ਰਮ ਸ਼ੰਕਰ ਜਿੰਪਾ, ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਗੁਰਪ੍ਰੀਤ ਘੁੱਗੀ ਨੇ ਫੈਮਿਲੀ ਵਾਕ ਦੀ ਸਫ਼ਲਤਾ ’ਤੇ ਖੁਸ਼ੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਇਸ ਵਿਚ 5 ਹਜ਼ਾਰ ਤੋਂ ਵੱਧ ਲੋਕਾਂ ਦੀ ਉਤਸ਼ਾਹਪੂਰਨ ਹਿੱਸੇਦਾਰੀ ਦੇਖਣ ਨੂੰ ਮਿਲੀ ਹੈ, ਜੋ ਨਾ ਕੇਵਲ ਜ਼ਿਲ੍ਹੇ ਦੀ ਇਕਜੁੱਟਤਾ ਦਾ ਪ੍ਰਤੀਕ ਹੈ ਬਲਕਿ ਸਿਹਤ ਜੀਵਨਸ਼ੈਲੀ ਅਤੇ ਵਾਤਾਵਰਨ ਸੁਰੱਖਿਆ ਦੀ ਦਿਸ਼ਾ ਵਿਚ ਜਨ-ਜਾਗਰੂਕਤਾ ਦਾ ਵੀ ਜੀਵੰਤ ਉਦਾਹਰਨ ਪੇਸ਼ ਕਰਦੀ ਹੈ। ਉਨ੍ਹਾਂ ਸਾਰੇ ਪ੍ਰਤੀਭਾਗੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਆਯੋਜਨ ਪੰਜਾਬ ਸਰਕਾਰ ਦੀ ’ਨਸ਼ਾ-ਮੁਕਤ ਪੰਜਾਬ’ ਅਤੇ ’ਪਲਾਸਟਿਕ-ਮੁਕਤ ਅਭਿਆਨ’ ਦੀ ਭਾਵਨਾ ਨੂੰ ਮਜ਼ਬੂਤ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਵੇਗਾ।
ਫਿੱਟ ਬਾਈਕਰਸ਼ ਕਲੱਬ ਦੇ ਪ੍ਰਧਾਨ ਪਰਮਜੀਤ ਸਚਦੇਵਾ ਨੇ ਦੱਸਿਆ ਕਿ 5 ਕਿਲੋਮੀਟਰ ਲੰਬੀ ਇਸ ਫੈਮਿਲੀ ਵਾਕ ਦਾ ਮਾਰਗ ਰੋਸ਼ਨ ਗਰਾਊਂਡ, ਬਲਵੀਰ ਕਲੋਨੀ, ਭਗਵਾਨ ਮਹਾਵੀਰ ਪੁਲ ਅਤੇ ਟਾਂਡਾ ਚੌਕ ਤੋਂ ਹੋ ਕੇ ਲਾਜਵੰਤੀ ਸਟੇਡੀਅਮ ਤੱਕ ਰਿਹਾ। ਉਨ੍ਹਾਂ ਕਿਹਾ ਕਿ ਕਈ ਪਰਿਵਾਰਾਂ ਦੀਆਂ ਤਿੰਨ-ਤਿੰਨ ਪੀੜ੍ਹੀਆਂ ਨੇ ਇਸ ਆਯੋਜਨ ਵਿਚ ਹਿੱਸਾ ਲੈ ਕੇ ਇਸ ਨੂੰ ਯਾਦਗਾਰ ਬਣਾ ਦਿੱਤਾ। ਸਾਰੇ ਪ੍ਰਤੀਭਾਗੀਆਂ ਨੂੰ ਫ੍ਰੀ ਟੀ-ਸ਼ਰਟ, ਮੈਡਲ, ਸਰਟੀਫਿਕੇਟ ਅਤੇ ਰਿਫਰੈਸ਼ਮੈਂਟ ਪ੍ਰਦਾਨ ਕੀਤੀ ਗਈ।
ਇਸ ਮੌਕੇ ਮੇਅਰ ਸੁਰਿੰਦਰ ਕੁਮਾਰ, ਐਸ.ਐਸ.ਪੀ. ਸੰਦੀਪ ਕੁਮਾਰ ਮਲਿਕ, ਚੇਅਰਮੈਨ ਮਾਰਕੀਟ ਕਮੇਟੀ ਜਸਪਾਲ ਸਿੰਘ ਚੇਚੀ, ਐਸ.ਡੀ.ਐਮ ਗੁਰਸਿਮਰਨਜੀਤ ਕੌਰ, ਸਤਵੰਤ ਸਿੰਘ ਸਿਆਣ, ਨਾਇਬ ਤਹਿਸੀਲਦਾਰ ਹਿਰਦੇਵੀਰ ਸਿੰਘ, ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ, ਰਣਵੀਰ ਸਚਦੇਵਾ, ਉਤਮ ਸਿੰਘ ਸਾਬੀ, ਗੁਰਮੇਲ ਸਿੰਘ, ਤਰਲੋਚਨ ਸਿੰਘ, ਸਾਗਰ ਸੈਣੀ, ਰੋਹਿਤ ਬੱਸੀ, ਸੰਜੀਵ ਸੋਹਲ, ਸੌਰਭ ਸ਼ਰਮਾ, ਦੌਲਤ ਸਿੰਘ, ਓਂਕਾਰ ਸਿੰਘ ਚੱਬੇਵਾਲ, ਗੁਰਵਿੰਦਰ ਸਿੰਘ, ਆਗਿਆਪਾਲ ਸਿੰਘ ਸਾਹਨੀ ਅਤੇ ਪ੍ਰਮੋਦ ਸ਼ਰਮਾ ਸਮੇਤ ਕਈ ਪਤਵੰਤੇ ਵਿਅਕਤੀ ਮੌਜੂਦ ਸਨ।





