ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ
ਜਲੰਧਰ, 5 ਮਈ : ਵਿੱਤੀ ਸਾਲ 2024-2025 ਦੀ ਚੌਥੀ ਤਿਮਾਹੀ ਦੀ ਸਮੀਖਿਆ ਲਈ ਬਲਾਕ ਪੱਧਰੀ ਬੈਂਕਰਜ਼ ਕਮੇਟੀ ਦੀਆਂ ਮੀਟਿੰਗਾਂ ਦਾ ਸਿਲਸਿਲਾ ਮੁਕੰਮਲ ਹੋ ਗਿਆ ਹੈ। ਐਲ.ਡੀ.ਐਮ. ਜਲੰਧਰ ਐੱਮ.ਐੱਸ. ਮੋਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 17.04. 2025 ਨੂੰ ਲੋਹੀਆਂ ਖ਼ਾਸ ਅਤੇ ਸ਼ਾਹਕੋਟ ਦੋ ਬਲਾਕਾਂ ਵਿੱਚ ਮੀਟਿੰਗਾਂ ਨਾਲ ਇਹ ਸਿਲਸਿਲਾ ਸ਼ੁਰੂ ਹੋਇਆ ਸੀ, ਜਿਸ ਉਪਰੰਤ ਨਕੋਦਰ, ਮਹਿਤਪੁਰ, ਨੂਰਮਹਿਲ, ਫਿਲੌਰ, ਰੁੜਕਾ ਕਲਾਂ, ਭੋਗਪੁਰ ਅਤੇ ਆਦਮਪੁਰ ਬਲਾਕਾਂ ਵਿਖੇ ਮੀਟਿੰਗਾਂ ਕੀਤੀਆਂ ਗਈਆਂ।
ਜ਼ਿਲ੍ਹੇ ਦੇ ਵੱਖ-ਵੱਖ 11 ਬਲਾਕਾਂ ਵਿੱਚ ਮੀਟਿੰਗਾਂ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਦਫ਼ਤਰ ਤੋਂ ਆਜੀਵਕਾ ਮਿਸ਼ਨ ਦੇ ਨੁਮਾਇੰਦੇ, ਡੀ.ਡੀ.ਐੱਮ. ਨਾਬਾਰਡ ਰਸ਼ੀਦ ਲੇਖੀ, ਰੂਡਸੈਟ ਇੰਸਟੀਚਿਊਟ ਦੇ ਡਾਇਰੈਕਟਰ ਸੰਜੀਵ ਚੌਹਾਨ, ਕਰਿਸਲ ਤੇ ਅਰੋਹ ਫਾਊਂਡੇਸ਼ਨਾਂ ਅਤੇ ਬੈਂਕ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ। ਮੀਟਿੰਗਾਂ ਵਿੱਚ ਚੌਥੀ ਤਿਮਾਹੀ ਦੌਰਾਨ (01.01.2025 ਤੋਂ 31.03.2025 ਤੱਕ ) ਬੈਂਕਾਂ ਦੀ ਕਾਰਗੁਜ਼ਾਰੀ ਦੀ ਸਮੀਖਿਆ ਦੇ ਨਾਲ-ਨਾਲ ਪਿਛਲੇ ਆਰਥਿਕ ਵਰ੍ਹੇ ਲਈ ਮਿੱਥੇ ਗਏ ਟੀਚਿਆਂ ਅਤੇ ਨਤੀਜਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਇਨ੍ਹਾਂ ਮੀਟਿੰਗਾਂ ਵਿੱਚ ਐਲ.ਡੀ.ਐੱਮ. ਵੱਲੋਂ ਵੱਖ-ਵੱਖ ਸਰਕਾਰੀ ਸਕੀਮਾਂ ਦੀਆਂ ਬਕਾਇਆ ਪਈਆਂ ਕਰਜ਼ਾ ਅਰਜ਼ੀਆਂ ਨੂੰ ਜਲਦ ਤੋਂ ਜਲਦ ਨਿਪਟਾਉਣ ਦੀ ਹਦਾਇਤ ਕੀਤੀ ਗਈ।
ਇਨ੍ਹਾਂ ਮੀਟਿੰਗਾਂ ਵਿੱਚ ਬੈਂਕ ਅਧਿਕਾਰੀਆਂ ਵੱਲੋਂ 31 ਮਾਰਚ, 2025 ਨੂੰ ਸਮਾਪਤ ਹੋਈ ਤਿਮਾਹੀ ਦੌਰਾਨ ਆਪੋ-ਆਪਣੇ ਬੈਂਕ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੱਤੀ ਗਈ। ਐਲ.ਡੀ.ਐੱਮ. ਵੱਲੋਂ ਜਨ ਸੁਰੱਖਿਆ ਸਕੀਮਾਂ ਅਤੇ ਪ੍ਰਧਾਨ ਮੰਤਰੀ ਸਵੈਨਿਧੀ ਸਕੀਮ ਤਹਿਤ ਲਾਭਪਾਤਰੀਆਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਕਰਜ਼ੇ ਲਈ ਆਈਆਂ ਅਰਜ਼ੀਆਂ ਦੇ ਜਲਦ ਨਿਪਟਾਰੇ ਦੀ ਹਦਾਇਤ ਕੀਤੀ ਗਈ। ਮਾਰਚ 2025 , ਤਿਮਾਹੀ ਦੀ ਸਮੀਖਿਆ ਦੇ ਨਾਲ-ਨਾਲ ਬੈਂਕਾਂ ਨੂੰ ਜਮ੍ਹਾ- ਕਰਜ਼ ਅਨੁਪਾਤ (ਸੀ. ਡੀ. ਰੇਸ਼ੋ) ਵਿੱਚ ਹੋਰ ਸੁਧਾਰ ਲਈ ਵੱਧ ਤੋਂ ਵੱਧ ਕਰਜ਼ੇ ਮਨਜ਼ੂਰ ਕਰਨ ਲਈ ਕਿਹਾ ਗਿਆ।