ਭਗਵੰਤ ਸਿੰਘ ਮਾਨ ਵੱਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ
*ਨਵੀਂ ਦਿੱਲੀ/ਚੰਡੀਗੜ੍ਹ 27 ਅਕਤੂਬਰ-/
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਭਾਰਤ ਦੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਪਵਿੱਤਰ ਨਗਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ।
ਇੱਥੇ ਰਾਸ਼ਟਰਪਤੀ ਭਵਨ ਵਿਖੇ ਹੋਈ ਮੀਟਿੰਗ ਵਿੱਚ ਭਗਵੰਤ ਸਿੰਘ ਮਾਨ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਇਸ ਇਤਿਹਾਸਕ ਮੌਕੇ ਪਵਿੱਤਰ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਨੇ ਦ੍ਰੋਪਦੀ ਮੁਰਮੂ ਜੀ ਨੂੰ ਇਤਿਹਾਸਕ ਸਮਾਗਮਾਂ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਹੈ ਅਤੇ ਉਨ੍ਹਾਂ ਦੇ ਦੌਰੇ ਦੀ ਰੂਪ-ਰੇਖਾ ਨੂੰ ਜਲਦ ਹੀ ਅੰਤਿਮ ਰੂਪ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪਵਿੱਤਰ ਸਮਾਗਮਾਂ ਦਾ ਵਿਸਥਾਰਤ ਰਸਮੀ ਪ੍ਰੋਗਰਾਮ ਭਾਰਤ ਦੇ ਰਾਸ਼ਟਰਪਤੀ ਨਾਲ ਸਾਂਝਾ ਕਰਕੇ ਉਨ੍ਹਾਂ ਨੂੰ ਆਪਣੀ ਸਹੂਲਤ ਅਨੁਸਾਰ ਇਨ੍ਹਾਂ ਸਮਾਗਮਾਂ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਗਈ ਹੈ।
ਭਗਵੰਤ ਸਿੰਘ ਮਾਨ ਨੇ ਭਾਰਤ ਦੇ ਰਾਸ਼ਟਰਪਤੀ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਪੰਜਾਬ ਭਰ ਵਿੱਚ ਇਨ੍ਹਾਂ ਪਵਿੱਤਰ ਸਮਾਗਮਾਂ ਨੂੰ ਢੁਕਵੇਂ ਢੰਗ ਨਾਲ ਮਨਾਉਣ ਲਈ ਪਹਿਲਾਂ ਹੀ ਕਈ ਸਮਾਗਮ ਉਲੀਕੇ ਹਨ। ਮੁੱਖ ਮੰਤਰੀ ਨੇ ਕਿਹਾ ਕਿ 'ਹਿੰਦ ਦੀ ਚਾਦਰ' (ਧਰਮ ਦੇ ਰਾਖੇ) ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਇਤਿਹਾਸਕ ਮੌਕੇ ਪੰਜਾਬ ਸਰਕਾਰ ਵੱਲੋਂ ਵੱਡੇ ਪੱਧਰ ‘ਤੇ ਸਮਾਗਮ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਲੜੀਵਾਰ ਸਮਾਗਮ ਸੂਬੇ ਭਰ ਵਿੱਚ ਅਥਾਹ ਸ਼ਰਧਾ ਤੇ ਸਤਿਕਾਰ ਨਾਲ ਕਰਵਾਏ ਜਾਣਗੇ ਅਤੇ ਇਹ ਇਤਿਹਾਸਕ ਸਮਾਗਮ ਮੁੱਖ ਤੌਰ 'ਤੇ ਸੂਬਾ ਸਰਕਾਰ ਦੀ ਦੇਖ-ਰੇਖ ਹੇਠ ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਅਰਦਾਸ ਅਤੇ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਤੋਂ ਵਿਸ਼ਾਲ ਕੀਰਤਨ ਦਰਬਾਰ ਸਜਾਉਣ ਦੇ ਨਾਲ ਹੀ ਲੰਘੇ ਸ਼ਨੀਵਾਰ ਤੋਂ ਇਹ ਯਾਦਗਾਰੀ ਸਮਾਗਮ ਸ਼ੁਰੂ ਹੋ ਚੁੱਕੇ ਸਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 1 ਨਵੰਬਰ ਤੋਂ 18 ਨਵੰਬਰ ਤੱਕ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਾਈਟ ਐਂਡ ਸਾਊਂਡ ਸ਼ੋਅ ਹੋਣਗੇ, ਜੋ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਅਤੇ ਫ਼ਲਸਫ਼ੇ ‘ਤੇ ਰੌਸ਼ਨੀ ਪਾਉਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਚਰਨ ਛੋਹ ਪ੍ਰਾਪਤ ਕਸਬਿਆਂ ਅਤੇ ਸ਼ਹਿਰਾਂ ਵਿੱਚ ਕੀਰਤਨ ਦਰਬਾਰ ਸਜਾਏ ਜਾਣਗੇ ਅਤੇ 18 ਨਵੰਬਰ ਨੂੰ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਿੱਚ ਕੀਰਤਨ ਦਰਬਾਰ ਸਜਾਇਆ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਅਗਲੇ ਦਿਨ 19 ਨਵੰਬਰ ਨੂੰ ਸ੍ਰੀਨਗਰ ਤੋਂ ਨਗਰ ਕੀਰਤਨ ਸਜਾਇਆ ਜਾਵੇਗਾ, ਜਿਸ ਵਿੱਚ ਸੈਂਕੜੇ ਕਸ਼ਮੀਰੀ ਪੰਡਿਤ ਵੀ ਸ਼ਾਮਲ ਹੋਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ 20 ਨਵੰਬਰ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ (ਤਲਵੰਡੀ ਸਾਬੋ), ਫਰੀਦਕੋਟ ਅਤੇ ਗੁਰਦਾਸਪੁਰ ਤੋਂ ਤਿੰਨ ਨਗਰ ਕੀਰਤਨ ਸਜਾਏ ਜਾਣਗੇ ਅਤੇ ਕਿਹਾ ਕਿ ਇਹ ਚਾਰੇ ਨਗਰ ਕੀਰਤਨ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੰਪੂਰਨ ਹੋਣਗੇ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਪਵਿੱਤਰ ਮੌਕੇ ਦੇ ਸਨਮਾਨ ਵਿੱਚ ਸੂਬਾ ਸਰਕਾਰ ਵੱਲੋਂ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਸਮਾਗਮਾਂ ਵਿੱਚ ਵੱਡੀ ਗਿਣਤੀ ‘ਚ ਪਹੁੰਚਣ ਵਾਲੇ ਹਜ਼ਾਰਾਂ ਸ਼ਰਧਾਲੂਆਂ ਦੇ ਰਹਿਣ ਲਈ "ਚੱਕ ਨਾਨਕੀ" ਨਾਮਕ "ਟੈਂਟ ਸਿਟੀ" ਸਥਾਪਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਜੀਵਨ-ਦਰਸ਼ਨ ਅਤੇ ਸਦੀਵੀਂ ਸੰਦੇਸ਼ ‘ਤੇ ਰੌਸ਼ਨੀ ਪਾਉਂਦੀਆਂ ਪ੍ਰਦਰਸ਼ਨੀਆਂ ਅਤੇ ਡਰੋਨ ਸ਼ੋਆਂ ਤੋਂ ਇਲਾਵਾ ਅੰਤਰ-ਧਰਮ ਸੰਮੇਲਨ ਕਰਵਾਇਆ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ 24 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਵਿਖੇ ਹੋਵੇਗਾ, ਜਿੱਥੇ ਪ੍ਰਮੁੱਖ ਸ਼ਖਸੀਅਤਾਂ ਗੁਰੂ ਸਾਹਿਬ ਦੇ ਜੀਵਨ, ਫ਼ਲਸਫ਼ੇ ਅਤੇ ਧਾਰਮਿਕ ਆਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੀਆਂ।





