ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ

ਗੁਰਦਾਸਪੁਰ ਗ੍ਰਨੇਡ ਹਮਲੇ ਦੇ  ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ

ਚੰਡੀਗੜ੍ਹ/ਗੁਰਦਾਸਪੁਰ, 3 ਦਸੰਬਰ:

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਦੇ ਮੱਦੇਨਜ਼ਰ ਚੱਲ ਰਹੀ ਮੁਹਿੰਮ ਦੌਰਾਨ ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਸਫਲਤਾ ਦਰਜ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਸਾਂਝੀ ਕਾਰਵਾਈ ਤਹਿਤ ਗ੍ਰਨੇਡ ਹਮਲੇ ਵਿੱਚ ਸ਼ਾਮਲ ਇੱਕ ਹੋਰ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਬੁੱਧਵਾਰ ਨੂੰ ਇੱਥੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਮੋਹਨ ਸਿੰਘ ਵਾਸੀ ਰਾਮੂਵਾਲ, ਬਠਿੰਡਾ ਵਜੋਂ  ਹੋਈ ਹੈ ।

ਇਹ ਕਾਰਵਾਈ,  25 ਨਵੰਬਰ 2025 ਨੂੰ ਸ਼ਾਮ 7.30 ਵਜੇ ਦੇ ਕਰੀਬ ਗੁਰਦਾਸਪੁਰ ਸਿਟੀ ਪੁਲਿਸ ਥਾਣੇ ’ਤੇ ਹੋਏ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਪੰਜਾਬ ਪੁਲਿਸ ਵੱਲੋਂ ਚਾਰ ਮੁਲਜ਼ਮਾਂ - ਪ੍ਰਦੀਪ ਕੁਮਾਰ, ਗੁਰਦਿੱਤ, ਨਵੀਨ ਚੌਧਰੀ ਅਤੇ ਕੁਸ਼ - ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਸਾਹਮਣੇ ਆਈ  ਹੈ। ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਪੀ-86 ਹੈਂਡ ਗ੍ਰਨੇਡ ਅਤੇ ਦੋ ਪਿਸਤੌਲ ਬਰਾਮਦ ਕੀਤੇ ਸਨ। ਇਸ ਗ੍ਰਿਫ਼ਤਾਰੀ ਨਾਲ, ਉਕਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਕੁੱਲ ਗਿਣਤੀ ਹੁਣ ਪੰਜ ਹੋ ਗਈ ਹੈ।

ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਮੋਹਨ ਸਿੰਘ ਪਾਕਿਸਤਾਨ ਦੀ ਆਈ.ਐਸ.ਆਈ.ਵੱਲੋਂ ਹਮਾਇਤ ਪ੍ਰਾਪਤ ਗੈਂਗਸਟਰ ਸ਼ਹਿਜ਼ਾਦ ਭੱਟੀ ਦੇ ਸੰਪਰਕ ਵਿੱਚ ਸੀ। ਡੀਜੀਪੀ ਨੇ ਕਿਹਾ ਕਿ  ਮੁਲਜ਼ਮ ਮੋਹਨ ਸਿੰਘ ਨੇ ਸ਼ਹਿਜ਼ਾਦ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਪੰਜਾਬ ਰਾਜ ਵਿੱਚ ਦਹਿਸ਼ਤ ਫੈਲਾਉਣ ਦੇ ਇਰਾਦੇ ਨਾਲ ਗ੍ਰਨੇਡ ਹਮਲੇ ਨੂੰ ਅੰਜਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ।

ਡੀਜੀਪੀ ਨੇ ਕਿਹਾ ਕਿ ਮਾਮਲੇ ਦੀ ਸਰਗਰਮੀ ਨਾਲ ਜਾਂਚ ਜਾਰੀ ਹੈ ਅਤੇ ਪੂਰੇ ਨੈੱਟਵਰਕ ਨੂੰ ਬੇਅਸਰ ਕਰਨ ਲਈ ਹੋਰ ਸੁਰਾਗਾਂ ਦੀ ਭਾਲ ਕੀਤੀ ਜਾ ਰਹੀ ਹੈ।

ਏ.ਆਈ.ਜੀ. (ਸੀਆਈ) ਬਠਿੰਡਾ ਅਵਨੀਤ ਕੌਰ ਸਿੱਧੂ ਨੇ ਕਾਰਵਾਈ ਸੰਬੰਧੀ ਵੇਰਵੇ ਸਾਂਝੇ ਕਰਦਿਆਂ ਕਿਹਾ ਕਿ ਤਕਨੀਕੀ ਅਤੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ, ਸੀ.ਆਈ. ਬਠਿੰਡਾ ਨੇ ਗੁਰਦਾਸਪੁਰ ਪੁਲਿਸ ਨਾਲ ਗੁਪਤ ਜਾਣਕਾਰੀ ਸਾਂਝੀ ਕੀਤੀ, ਜਿਸ ਦੇ ਆਧਾਰ ’ਤੇ ਦੋਸ਼ੀ ਮੋਹਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਗੁਰਦਾਸਪੁਰ ਆਦਿੱਤਿਆ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਮੋਹਨ ਦੇ ਖੁਲਾਸੇ ’ਤੇ ਪੁਲਿਸ ਟੀਮਾਂ ਨੇ ਇੱਕ .32 ਬੋਰ ਪਿਸਤੌਲ ਸਮੇਤ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਨੇ ਇੱਕ ਕਾਲਾ ਸਪਲੈਂਡਰ ਮੋਟਰਸਾਈਕਲ ਵੀ ਜ਼ਬਤ ਕੀਤਾ ਹੈ, ਜਿਸਦੀ ਵਰਤੋਂ ਮਾਡਿਊਲ ਵੱਲੋਂ ਅਪਰਾਧ ਨੂੰ ਅੰਜਾਮ ਦੇਣ ਵਿੱਚ ਕੀਤੀ ਗਈ ਸੀ।

ਇਸ ਸਬੰਧ ਵਿੱਚ, ਐਫਆਈਆਰ ਨੰਬਰ 289 ਮਿਤੀ 26/11/2025 ਅਧੀਨ ਬੀਐਨਐਸ ਦੀ ਧਾਰਾ 109, 324(4) ਅਤੇ ਬੀਐਨਐਸ ਦੀ ਧਾਰਾ 111 ਅਤੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 3,4,  ਅਤੇ 5 ਤਹਿਤ  ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਵਿਖੇ ਪਹਿਲਾਂ ਹੀ ਕੇਸ ਦਰਜ ਕੀਤਾ ਜਾ ਚੁੱਕਾ ਹੈ। 

Tags: