ਧਨੌਲਾ ਵਿਖੇ ਠੋਸ ਕੂੜਾ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਅਭਿਆਨ ਕੀਤਾ ਗਿਆ

ਧਨੌਲਾ ਵਿਖੇ ਠੋਸ ਕੂੜਾ ਸਾੜਨ ਤੋਂ ਰੋਕਣ ਲਈ ਜਾਗਰੂਕਤਾ ਅਭਿਆਨ ਕੀਤਾ ਗਿਆ

ਬਰਨਾਲਾ, 15 ਦਸੰਬਰ:

ਪੰਜਾਬ ਪ੍ਰਦੂਸ਼ਣ ਨਿਯੰਤਰਣ ਬੋਰਡ (ਪੀ.ਪੀ.ਸੀ.ਬੀ.), ਖੇਤਰੀ ਦਫ਼ਤਰ ਬਰਨਾਲਾ ਵੱਲੋਂ ਨਗਰ ਕੌਂਸਲ ਧਨੌਲਾ ਦੇ ਸਹਿਯੋਗ ਨਾਲ ਆਮ ਠੋਸ ਕੂੜਾ ਸਾੜਨ ਤੋਂ ਰੋਕਣ ਅਤੇ ਸੁੱਕੇ ਤੇ ਗਿੱਲੇ ਕੂੜੇ ਨੂੰ ਸਹੀ ਤਰੀਕੇ ਨਾਲ ਵੱਖ ਵੱਖ ਕਰਨ ਸਬੰਧੀ ਜਾਗਰੂਕਤਾ ਕਮ ਸਿਖ਼ਲਾਈ ਸੈਸ਼ਨ ਆਯੋਜਿਤ ਕੀਤਾ ਗਿਆ।

ਇਹ ਪ੍ਰੋਗਰਾਮ ਨਗਰ ਕੌਂਸਲ ਦਫ਼ਤਰ, ਧਨੌਲਾ ਵਿਖੇ ਕਰਵਾਇਆ ਗਿਆ ਜਿਸ ਵਿੱਚ 23 ਸਫਾਈ ਸੇਵਕਾਂ ਅਤੇ ਫੀਲਡ ਸਟਾਫ ਮੈਂਬਰਾਂ ਨੇ ਭਾਗ ਲਿਆ। ਟ੍ਰੇਨਿੰਗ ਦੌਰਾਨ ਉਨ੍ਹਾਂ ਨੂੰ ਕੂੜਾ ਸਾੜਨ ਨਾਲ ਸਿਹਤ ’ਤੇ ਪੈਣ ਵਾਲੇ ਮਾੜੇ ਪ੍ਰਭਾਵਾਂ, ਹਵਾ ਪ੍ਰਦੂਸ਼ਣ ਵਿੱਚ ਇਸ ਦੇ ਯੋਗਦਾਨ ਅਤੇ ਠੋਸ ਕੂੜਾ ਪ੍ਰਬੰਧਨ ਨਿਯਮਾਂ ਦੇ ਕਾਨੂੰਨੀ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ।

ਬਰਨਾਲਾ ਪੀ.ਪੀ.ਸੀ.ਬੀ. ਦਫ਼ਤਰ ਦੇ ਅਸਿਸਟੈਂਟ ਐਨਵਾਇਰਮੈਂਟ ਇੰਜੀਨੀਅਰ ਸਾਹਬਜੀਤ ਸਿੰਘ ਅਤੇ ਜੂਨੀਅਰ ਐਨਵਾਇਰਮੈਂਟ ਇੰਜੀਨੀਅਰ ਰਾਜੇਸ਼ ਲੇਘਾ ਅਤੇ ਗੁਰਵੀਰ ਨੇ ਭਾਗੀਦਾਰਾਂ ਨੂੰ ਸੰਬੋਧਿਤ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਵਾਤਾਵਰਣ ਹਦਾਇਤਾਂ ਅਨੁਸਾਰ ਠੋਸ ਕੂੜਾ ਸਾੜਨ ਵਾਲੇ ਕਿਸੇ ਵੀ ਵਿਅਕਤੀ ’ਤੇ ₹5,000 ਦਾ ਜੁਰਮਾਨਾ ਲਗਾਇਆ ਜਾਵੇਗਾ। ਉਨ੍ਹਾਂ ਨੇ ਸਫਾਈ ਕਰਮਚਾਰੀਆਂ ਨੂੰ ਕੂੜਾ ਇਕੱਠਾ ਕਰਨ ਵੇਲੇ ਹਮੇਸ਼ਾਂ ਦਸਤਾਨੇ ਪਹਿਨਣ ਅਤੇ ਘਰ-ਘਰ ਵਿਖੇ ਗਿੱਲੇ ਤੇ ਸੁੱਕੇ ਕੂੜੇ ਦੀ ਛੰਟਾਈ ਯਕੀਨੀ ਬਣਾਉਣ ਦੀ ਸਲਾਹ ਦਿੱਤੀ। ਸਵੱਛ ਭਾਰਤ ਮਿਸ਼ਨ ਨਾਲ ਸੰਬੰਧਤ ਸਟਾਫ ਮੈਂਬਰਾਂ ਨੇ ਵੀ ਇਸ ਜਾਗਰੂਕਤਾ ਸਮਾਗਮ ਵਿੱਚ ਭਾਗ ਲਿਆ ਅਤੇ ਸਫਾਈ ਸੇਵਕਾਂ ਨੂੰ ਆਪਣੇ ਵਾਰਡਾਂ ਵਿੱਚ ਨਿਵਾਸੀਆਂ ਨੂੰ ਜ਼ਿੰਮੇਵਾਰ ਢੰਗ ਨਾਲ ਕੂੜਾ ਪ੍ਰਬੰਧਨ ਲਈ ਪ੍ਰੇਰਿਤ ਕਰਨ ਦੀ ਅਪੀਲ ਕੀਤੀ।

ਸਭ ਸਫਾਈ ਸੇਵਕਾਂ ਨੇ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਠੋਸ ਕੂੜਾ ਸਾੜਨ ਤੋਂ ਪੂਰੀ ਤਰ੍ਹਾਂ ਪਰਹੇਜ਼ ਕਰਨਗੇ ਅਤੇ ਧਨੌਲਾ ਸ਼ਹਿਰ ਨੂੰ ਸਾਫ਼ ਅਤੇ ਸਿਹਤਮੰਦ ਬਣਾਉਣ ਲਈ ਢੰਗਸਾਰ ਕੂੜਾ ਗਿੱਲਾ ਅਤੇ ਸੁੱਕਾ ਹੋਣ ਦੇ ਆਧਾਰ 'ਤੇ ਪ੍ਰਕਿਰਿਆ ਅਪਣਾਉਣਗੇ।