ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਕੈਡੇਟ ਫ਼ੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 7 ਕੈਡੇਟ ਫ਼ੌਜ ਅਤੇ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਬਣੇ

ਚੰਡੀਗੜ੍ਹ/ਐਸ.ਏ.ਐਸ. ਨਗਰ, 13 ਜੂਨ: ਪੰਜਾਬ ਲਈ ਮਾਣਮੱਤੀ ਉਪਲਬਧੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮ.ਆਰ.ਐਸ.ਐਫ.ਪੀ.ਆਈ.) ਦੇ 7 ਸਾਬਕਾ ਕੈਡੇਟ ਅੱਜ ਭਾਰਤੀ ਫ਼ੌਜ ਅਤੇ ਭਾਰਤੀ ਹਵਾਈ ਸੈਨਾ ਵਿੱਚ ਕਮਿਸ਼ਨਡ ਅਫ਼ਸਰ ਵਜੋਂ ਸ਼ਾਮਲ ਹੋਏ ਹਨ। ਇਹ ਸ਼ਾਨਦਾਰ ਉਪਲਬਧੀ ਦੇਸ਼ ਦੀਆਂ ਰੱਖਿਆ ਸੇਵਾਵਾਂ ਵਿੱਚ ਯੋਗਦਾਨ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਚਲਾਈ ਜਾ ਰਹੀ ਸੰਸਥਾ ਦੀ ਵੱਧ ਰਹੀ ਭੂਮਿਕਾ ਨੂੰ ਦਰਸਾਉਂਦੀ ਹੈ।

ਆਈ.ਐਮ.ਏ. ਦੇਹਰਾਦੂਨ ਵਿਖੇ 158ਵੇਂ ਰੈਗੂਲਰ ਕੋਰਸ ਪਾਸਿੰਗ ਆਊਟ ਪਰੇਡ ਵਿੱਚ ਚਾਰ ਐਮ.ਆਰ.ਐਸ.ਐਫ.ਪੀ.ਆਈ. ਕੈਡੇਟਾਂ ਨੂੰ ਫ਼ੌਜ ਵਿੱਚ ਕਮਿਸ਼ਨ ਮਿਲਿਆ ਹੈ, ਜਿਸਦੀ ਸਮੀਖਿਆ ਭਾਰਤ ਦੇ ਰਾਸ਼ਟਰਪਤੀ ਸ੍ਰੀਮਤੀ ਦ੍ਰੋਪਦੀ ਮੁਰਮੂ ਵੱਲੋਂ ਕੀਤੀ ਗਈ, ਜੋ ਹਥਿਆਰਬੰਦ ਸੈਨਾਵਾਂ ਦੀ ਸੁਪਰੀਮ ਕਮਾਂਡਰ ਵੀ ਹਨ। ਨਵੇਂ ਫ਼ੌਜ ਅਧਿਕਾਰੀਆਂ ਵਿੱਚ ਹੁਸ਼ਿਆਰਪੁਰ ਤੋਂ ਪਰਮਜੋਤ ਸਿੰਘ ਸ਼ਾਮਲ ਹਨ, ਜਿਸਦੇ ਪਿਤਾ ਇੱਕ ਵਪਾਰੀ ਅਤੇ ਮਾਤਾ ਸਿਹਤ ਵਿਭਾਗ ਵਿੱਚ ਸਟਾਫ਼ ਨਰਸ ਵਜੋਂ ਸੇਵਾਵਾਂ ਨਿਭਾ ਰਹੇ ਹਨ। ਇਸੇ ਤਰ੍ਹਾਂ ਮੋਹਾਲੀ ਤੋਂ ਅਭੈ ਸਿੰਘ ਰਾਘਵ ਫੌਜ ਅਧਿਕਾਰੀ ਬਣੇ ਹਨ, ਜਿਸਦੇ ਪਿਤਾ ਸਿਹਤ ਵਿਭਾਗ ਦੇ ਸਿਵਲ ਰਜਿਸਟ੍ਰੇਸ਼ਨ ਅਫ਼ਸਰ ਅਤੇ ਮਾਤਾ ਇੱਕ ਪ੍ਰਾਈਵੇਟ ਸਕੂਲ ਵਿੱਚ ਅਧਿਆਪਕ ਹਨ। ਹੁਸ਼ਿਆਰਪੁਰ ਤੋਂ ਅਨਿਕੇਤ ਕਹੋਲ ਹਵਾਈ ਸੇਵਾਵਾਂ ਵਿੱਚ ਅਧਿਕਾਰੀ ਵਜੋਂ ਸ਼ਾਮਲ ਹੋਏ ਹਨ, ਜਿਨ੍ਹਾਂ ਦੇ ਪਿਤਾ ਇੱਕ ਵਪਾਰੀ ਹਨ ਅਤੇ ਪਠਾਨਕੋਟ ਤੋਂ ਅਨੁਰਾਗ ਚੌਹਾਨ ਫ਼ੌਜ ਅਧਿਕਾਰੀ ਬਣੇ ਹਨ।

ਇਸ ਦੇ ਨਾਲ ਹੀ ਤਿੰਨ ਕੈਡੇਟ ਹੈਦਰਾਬਾਦ ਦੇ ਡੰਡੀਗਲ ਵਿੱਚ ਏਅਰ ਫੋਰਸ ਅਕੈਡਮੀ ਦੇ 217ਵੇਂ ਕੋਰਸ ਕੰਬਾਈਨਡ ਗ੍ਰੈਜੂਏਸ਼ਨ ਪਰੇਡ ਵਿੱਚ ਫਲਾਇੰਗ ਅਫ਼ਸਰ ਬਣੇ ਹਨ। ਪਰੇਡ ਦਾ ਨਿਰੀਖਣ ਭਾਰਤ ਦੇ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਨੇ ਕੀਤਾ। ਫਲਾਇੰਗ ਅਫ਼ਸਰਾਂ ਵਜੋਂ ਕਮਿਸ਼ਨ ਪ੍ਰਾਪਤ ਕਰਨ ਵਾਲਿਆਂ ਵਿੱਚ ਰੋਪੜ ਤੋਂ ਉਦੈਬੀਰ ਸਿੰਘ, ਜਿਸਦੇ ਪਿਤਾ ਹਵਾਈ ਸੈਨਾ ਦੇ ਸਾਬਕਾ ਸੈਨਿਕ ਰਹੇ ਹਨ; ਐਸ.ਏ.ਐਸ. ਨਗਰ ਤੋਂ ਵਾਸੂ ਮਹਿਤਾ, ਜਿਸਦੇ ਮਾਪੇ ਸਰਕਾਰੀ ਅਧਿਆਪਕ ਹਨ ਅਤੇ ਐਸ.ਏ.ਐਸ. ਨਗਰ ਤੋਂ ਕਰਨ ਕੌਸ਼ਿਸ਼ ਹਨ, ਜਿਸਦੀ ਮਾਂ ਨਿਆਂਇਕ ਅਦਾਲਤ ਵਿੱਚ ਸੇਵਾਵਾਂ ਨਿਭਾ ਰਹੀ ਹੈ ਅਤੇ ਉਸਦੇ ਪਿਤਾ ਇੱਕ ਵਪਾਰੀ ਹਨ।

ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇਨ੍ਹਾਂ ਸਾਰੇ ਕੈਡਿਟਾਂ ਨੂੰ ਕਮਿਸ਼ਨਡ ਮਿਲਣ ਲਈ ਵਧਾਈ ਦਿੱਤੀ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਸੇਵਾ ਅਧਿਕਾਰੀ ਵਜੋਂ ਆਪਣੇ ਕਰੀਅਰ ਵਿੱਚ ਹੋਰ ਸਖ਼ਤ ਮਿਹਨਤ ਕਰਨ ਅਤੇ ਸ਼ਾਨਦਾਰ ਸੇਵਾਵਾਂ ਨਿਭਾ ਕੇ ਸੂਬੇ ਦਾ ਮਾਣ ਵਧਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਨੌਜਵਾਨਾਂ ਨੂੰ ਭਾਰਤੀ ਹਥਿਆਰਬੰਦ ਸੈਨਾਵਾਂ ਵਿੱਚ ਸ਼ਾਮਲ ਹੋਣ ਵਿੱਚ ਸਹਾਇਤਾ ਕਰਨ ਲਈ ਹਰ ਸੰਭਵ ਯਤਨ ਕਰ ਰਹੀ ਹੈ।

ਸ੍ਰੀ ਅਰੋੜਾ ਨੇ ਕਿਹਾ ਕਿ ਇਨ੍ਹਾਂ 7 ਕੈਡੇਟਾਂ ਦੇ ਕਮਿਸ਼ਨਡ ਹੋਣ ਨਾਲ ਭਗਵੰਤ ਮਾਨ ਸਰਕਾਰ ਦੇ ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਐਮ.ਆਰ.ਐਸ.ਐਫ.ਪੀ.ਆਈ. ਕੈਡੇਟਾਂ ਦੀ ਗਿਣਤੀ 97 ਹੋ ਗਈ ਹੈ।

ਐਮ.ਆਰ.ਐਸ.ਐਫ.ਪੀ.ਆਈ. ਦੇ ਡਾਇਰੈਕਟਰ ਮੇਜਰ ਜਨਰਲ ਅਜੈ ਐਚ. ਚੌਹਾਨ, ਵੀ.ਐਸ.ਐਮ. (ਸੇਵਾਮੁਕਤ) ਨੇ ਕੈਡਿਟਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਰੱਖਿਆ ਸੇਵਾਵਾਂ ਦੇ ਸਿਧਾਤਾਂ ਨੂੰ ਬਰਕਰਾਰ ਰੱਖਣ ਅਤੇ ਦੇਸ਼, ਸੂਬੇ ਅਤੇ ਆਪਣੀ ਸੰਸਥਾ ਦਾ ਮਾਣ ਵਧਾਉਣ ਲਈ ਪ੍ਰੇਰਿਆ।