2000 ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ, ਪੰਜਾਬ ਸਰਕਾਰ ਦਾ ਬੇਰੋਜ਼ਗਾਰੀ ’ਤੇ ਵਾਰ

2000 ਨੌਜਵਾਨਾਂ ਨੂੰ ਮਿਲੇਗਾ ਰੋਜ਼ਗਾਰ, ਪੰਜਾਬ ਸਰਕਾਰ ਦਾ ਬੇਰੋਜ਼ਗਾਰੀ ’ਤੇ ਵਾਰ

ਚੰਡੀਗੜ੍ਹ, 16 ਸਤੰਬਰ 2025:
 
ਪੰਜਾਬ ਦੇ ਉਦਯੋਗਿਕ ਵਿਕਾਸ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਰਾਸ਼ਟਰੀ ਸੰਯੋਜਕ ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਦੇ ਉਦੇਸ਼ ਨਾਲ ਕੈਬਿਨੇਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਹੈਪੀ ਫੋਰਜਿੰਗਜ਼ ਲਿਮਟਿਡ (ਐਚਐਫਐਲ) ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਹੈਪੀ ਫੋਰਜਿੰਗਜ਼ ਲਿਮਟਿਡ ਆਟੋ ਅਤੇ ਇੰਜੀਨੀਅਰਿੰਗ ਖਾਸ ਉਤਪਾਦਾਂ ਦੇ ਨਿਰਮਾਣ ਵਿੱਚ ਇੱਕ ਅਗਵਾਈ ਕਰਨ ਵਾਲੀ ਇਕਾਈ ਹੈ ਅਤੇ ਦੇਸ਼ ਦੇ ਇੰਜੀਨੀਅਰਿੰਗ ਮੈਨੂਫੈਕਚਰਿੰਗ ਖੇਤਰ ਵਿੱਚ ਤੀਜੀ ਸਭ ਤੋਂ ਵੱਡੀ ਕੰਪਨੀ ਹੈ।
 
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕੈਬਿਨੇਟ ਮੰਤਰੀ ਸ਼੍ਰੀ ਸੰਜੀਵ ਅਰੋੜਾ ਨੇ ਰੌਸ਼ਨੀ ਪਾਈ ਕਿ ਐਚਐਫਐਲ ਦੀ ਕਾਰਗੁਜ਼ਾਰੀ ਦੇਸ਼ੀ ਅਤੇ ਨਿਰਯਾਤ ਮਾਰਕੀਟ ਦੋਵਾਂ ਲਈ ਉੱਚ ਗੁਣਵੱਤਾ ਵਾਲੇ ਉਤਪਾਦਾਂ ਦੀ ਫੋਰਜਿੰਗ ਅਤੇ ਮਸ਼ੀਨਿੰਗ ’ਤੇ ਕੇਂਦ੍ਰਿਤ ਹੈ, ਜੋ ਕਿ ਵਪਾਰਕ ਵਾਹਨ, ਯਾਤਰੀ ਵਾਹਨ, ਖੇਤੀਬਾੜੀ ਉਪਕਰਣ, ਆਫ-ਹਾਈਵੇ ਸੈਕਟਰ, ਬਿਜਲੀ ਉਤਪਾਦਨ, ਰੇਲਵੇ, ਤੇਲ ਅਤੇ ਗੈਸ, ਵਿੰਡ ਟਰਬਾਈਨ ਉਦਯੋਗ ਅਤੇ ਰੱਖਿਆ ਸਮੇਤ ਵੱਖ-ਵੱਖ ਖੇਤਰਾਂ ਦੀਆਂ ਲੋੜਾਂ ਨੂੰ ਪੂਰਾ ਕਰਦੀ ਹੈ। ਦਸੰਬਰ 2023 ਵਿੱਚ ਸਟਾਕ ਐਕਸਚੇਂਜ ’ਤੇ ਸੂਚੀਬੱਧ ਹੋਣ ਤੋਂ ਬਾਅਦ, ਐਚਐਫਐਲ ਵਿੱਤੀ ਸਾਲ 2024-25 ਵਿੱਚ 10,000 ਕਰੋੜ ਰੁਪਏ ਦੀ ਮਾਰਕੀਟ ਕੈਪੀਟਲਾਈਜੇਸ਼ਨ ਅਤੇ 1,409 ਕਰੋੜ ਰੁਪਏ ਦੇ ਰੇਵੇਨਿਊ ਨਾਲ ਪੰਜਾਬ ਦੀਆਂ ਸਭ ਤੋਂ ਵੱਡੀਆਂ ਸੂਚੀਬੱਧ ਕੰਪਨੀਆਂ ਵਿੱਚੋਂ ਇੱਕ ਵਜੋਂ ਉਭਰੀ ਹੈ।
 
ਸ਼੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਪੰਜਾਬ ਐਚਐਫਐਲ ਦੇ ਨਿਰਮਾਣ ਕਾਰਜਾਂ ਦਾ ਮੁੱਖ ਕੇਂਦਰ ਹੈ, ਜਿਸ ਨੇ 30 ਜੂਨ 2025 ਤੱਕ 1,500 ਕਰੋੜ ਰੁਪਏ ਦੇ ਪੂੰਜੀ ਨਿਵੇਸ਼ ਨਾਲ ਲਗਭਗ 4000 ਲੋਕਾਂ ਨੂੰ ਸਿੱਧਾ ਰੋਜ਼ਗਾਰ ਦਿੱਤਾ ਹੈ। ਇਹ ਕੰਪਨੀ ਭਾਰਤ ਨਾਲ-ਨਾਲ ਵਿਦੇਸ਼ੀ OEMਜ਼ ਲਈ ਵੀ ਇੱਕ ਪ੍ਰਮੁੱਖ ਸਪਲਾਇਰ ਹੈ, ਜੋ ਹੇਠਾਂ ਦਿੱਤੇ ਮੁੱਖ ਗਾਹਕਾਂ ਨਾਲ ਵਪਾਰਕ ਵਾਹਨ, ਖੇਤੀਬਾੜੀ ਉਪਕਰਣ, ਆਫ-ਹਾਈਵੇ ਅਤੇ ਉਦਯੋਗਿਕ ਖੇਤਰਾਂ ਦੀਆਂ ਲੋੜਾਂ ਪੂਰੀਆਂ ਕਰਦੀ ਹੈ:
1. ਵਪਾਰਕ ਵਾਹਨ – ਅਸ਼ੋਕ ਲੇਲੈਂਡ, ਆਈਸ਼ਰ, ਮੇਰਿਟਰ, ਮਹਿੰਦਰਾ
2. ਖੇਤੀਬਾੜੀ ਉਪਕਰਣ – TAFE, Escorts, Swaraj, Sonalika, John Deere
3. ਆਫ-ਹਾਈਵੇ – JCB, Wipro, Dana, Hendrickson
4. ਉਦਯੋਗ – Cummins, Generac, Bonfiglioli, Toyota Tsusho, Kohler, Liebherr
 
ਕੰਪਨੀ ਦੀਆਂ ਭਵਿੱਖੀ ਯੋਜਨਾਵਾਂ ਬਾਰੇ ਜਾਣਕਾਰੀ ਦਿੰਦਿਆਂ ਸ਼੍ਰੀ ਆਸ਼ਿਸ਼ ਗਰਗ ਨੇ ਕਿਹਾ ਕਿ ਐਚਐਫਐਲ ਆਪਣੇ ਨਿਰਮਾਣ ਖੇਤਰ ਦਾ ਵਿਸਥਾਰ ਕਰਨ ਲਈ ਪੜਾਅਵਾਰ ਤਰੀਕੇ ਨਾਲ 1000 ਕਰੋੜ ਰੁਪਏ ਤੋਂ ਵੱਧ ਦਾ ਮਹੱਤਵਪੂਰਨ ਨਿਵੇਸ਼ ਕਰਨ ਜਾ ਰਹੀ ਹੈ। ਹਾਲਾਂਕਿ ਕੰਪਨੀ ਨੂੰ ਹੋਰ ਰਾਜਾਂ ਤੋਂ ਵੀ ਨਿਵੇਸ਼ ਪ੍ਰਸਤਾਵ ਪ੍ਰਾਪਤ ਹੋਏ ਹਨ, ਪਰ ਐਚਐਫਐਲ ਨੇ ਰਾਜ ਸਰਕਾਰ ਅਤੇ ਇਸ ਦੀਆਂ ਨੀਤੀਆਂ ’ਤੇ ਪੂਰਾ ਭਰੋਸਾ ਰੱਖਦਿਆਂ ਪੰਜਾਬ ਵਿੱਚ ਹੀ ਨਿਵੇਸ਼ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਮਹੱਤਵਪੂਰਨ ਨਿਵੇਸ਼ ਨਾਲ ਰਾਜ ਵਿੱਚ 300 ਤੋਂ ਵੱਧ ਇੰਜੀਨੀਅਰ ਪਦਾਂ ਸਮੇਤ 2000 ਤੋਂ ਵੱਧ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਤੋਂ ਇਲਾਵਾ ਕਈ ਸਹਾਇਕ ਇਕਾਈਆਂ ਦੇ ਵਿਕਾਸ ਨੂੰ ਉਤਸ਼ਾਹ ਮਿਲੇਗਾ ਅਤੇ ਸਟੀਲ ਦੀ ਖਪਤ ਵਿੱਚ ਵਾਧਾ ਹੋਵੇਗਾ, ਜਿਸ ਨਾਲ ਸਥਾਨਕ ਅਰਥਵਿਵਸਥਾ ਅਤੇ ਸਪਲਾਈ ਚੇਨ ਹੋਰ ਮਜ਼ਬੂਤ ਹੋਵੇਗੀ।
 
ਐਚਐਫਐਲ ਦੇ ਮੈਨੇਜਿੰਗ ਡਾਇਰੈਕਟਰ ਆਸ਼ਿਸ਼ ਗਰਗ ਨੇ ਕਿਹਾ ਕਿ ਇਹ ਹੌਸਲੇਵਰਧਕ ਹੈ ਕਿ ਪੰਜਾਬ ਸਰਕਾਰ ਹਾਲ ਹੀ ਵਿੱਚ ਬਣਾਈਆਂ ਗਈਆਂ ਸੈਕਟੋਰਲ ਕਮੇਟੀਆਂ ਹੇਠ ਨਵੀਂ ਉਦਯੋਗਿਕ ਨੀਤੀ ਲਾ ਰਹੀ ਹੈ ਅਤੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਇਹ ਨੀਤੀਆਂ ਉਦਯੋਗ ਦੀਆਂ ਲੋੜਾਂ ਅਨੁਸਾਰ ਹੋਣਗੀਆਂ। ਪ੍ਰਸਤਾਵਿਤ ਨਿਵੇਸ਼ ਏਸ਼ੀਆ ਦੀਆਂ ਸਭ ਤੋਂ ਆਧੁਨਿਕ ਫੋਰਜਿੰਗ ਸੁਵਿਧਾਵਾਂ ਵਿੱਚੋਂ ਇੱਕ ਹੋਵੇਗਾ, ਜੋ 1000 ਕਿਲੋਗ੍ਰਾਮ ਤੋਂ 3000 ਕਿਲੋਗ੍ਰਾਮ ਭਾਰ ਵਾਲੇ ਇੱਕੋ ਟੁਕੜੇ ਦਾ ਉਤਪਾਦਨ ਕਰਨ ਵਿੱਚ ਸਮਰੱਥ ਹੋਵੇਗੀ। ਇਹ ਸੁਵਿਧਾ ਏਸ਼ੀਆ ਵਿੱਚ ਪਹਿਲੀ ਅਤੇ ਦੁਨੀਆ ਵਿੱਚ ਦੂਜੀ ਸਭ ਤੋਂ ਵੱਡੀ ਹੋਵੇਗੀ।
 
ਆਸ਼ਿਸ਼ ਗਰਗ ਨੇ ਅੱਗੇ ਕਿਹਾ ਕਿ ਇਹ ਸਮਰੱਥਾਵਾਂ ਐਚਐਫਐਲ ਨੂੰ ਰਣਨੀਤਿਕ ਤੌਰ ’ਤੇ ਗੈਰ-ਆਟੋਮੋਟਿਵ ਉਦਯੋਗਿਕ ਉਤਪਾਦਾਂ ਜਿਵੇਂ ਕਿ ਏਰੋਸਪੇਸ, ਰੱਖਿਆ ਅਤੇ ਪਰਮਾਣੂ ਸੰਬੰਧੀ ਖੇਤਰਾਂ ਦੀਆਂ ਖ਼ਾਸ ਲੋੜਾਂ ਪੂਰੀਆਂ ਕਰਨ ਦੇ ਯੋਗ ਬਣਾਉਣਗੀਆਂ।
 
ਉਨ੍ਹਾਂ ਇਹ ਵੀ ਦੱਸਿਆ ਕਿ ਨਵੀਂ GST ਰਜਿਸਟ੍ਰੇਸ਼ਨ ਹੇਠ ਪ੍ਰੋਤਸਾਹਨਾਂ ਨਾਲ ਜੁੜੀਆਂ ਤਕਨੀਕੀ ਮੁਸ਼ਕਲਾਂ ਦੇ ਕਾਰਨ ਕੰਪਨੀ ਮੌਜੂਦਾ GST ਰਜਿਸਟ੍ਰੇਸ਼ਨ ਹੇਠ ਹੀ ਆਪਣੇ ਮੌਜੂਦਾ ਪਲਾਂਟ ਦੇ ਵਿਸਥਾਰ ਲਈ ਵਾਧੂ ਪੂੰਜੀ ਨਿਵੇਸ਼ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਸਾਨੂੰ ਇੱਕ ਸਫਲ ਲੰਬੇ ਸਮੇਂ ਦੀ ਸਾਂਝ ਦੀ ਉਮੀਦ ਹੈ।
 
ਪ੍ਰੈਸ ਕਾਨਫਰੰਸ ਦੌਰਾਨ ਸ਼੍ਰੀ ਅਮਿਤ ਢਾਕਾ, IAS, CEO ਇਨਵੈਸਟ ਪੰਜਾਬ, ਸ਼੍ਰੀਮਤੀ ਸੀਮਾ ਬਾਂਸਲ, ਵਾਈਸ ਚੇਅਰਪਰਸਨ, ਪੰਜਾਬ ਵਿਕਾਸ ਪਰਿਸ਼ਦ, ਸ਼੍ਰੀ ਵੈਭਵ ਮਹੇਸ਼ਵਰੀ, ਮੈਂਬਰ, ਪੰਜਾਬ ਵਿਕਾਸ ਪਰਿਸ਼ਦ ਅਤੇ ਮੇਘਾ ਗਰਗ, ਡਾਇਰੈਕਟਰ ਐਚਐਫਐਲ ਵੀ ਮੌਜੂਦ ਸਨ।