ਨਾਂਦੇੜ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਦਾ ਆਇਆ ਪਹਿਲਾ ਬਿਆਨ; ਕਿਹਾ- ਹਮਲੇ ਤੋਂ ਨਹੀਂ ਡਰਦਾ
ਮੈਂ ਨਾ ਕਦੇਂ ਡਰਿਆ ਹਾਂ ਅਤੇ ਨਾਂ ਹੀ ਡਰਾਂਗਾ… ਹਮਲੇ ਤੋਂ ਬਾਅਦ ਸੁਖਬੀਰ ਬਾਦਲ ਦਾ ਨਾਂਦੇੜ ਤੋਂ ਪਹਿਲਾ ਬਿਆਨ ਸਾਹਮਣੇ ਆਇਆ ਹੈ.. ਜਿੱਥੇ ਉਨ੍ਹਾਂ ਗੁਰੂ ਘਰ ਤੋਂ ਗੁਰੂ ਦਾ ਸਿਰ ਤੇ ਹੱਥ ਹੋਣ ਦਾ ਜਿਕਰ ਵੀ ਕੀਤਾ ਹੈ..
ਮਹਾਰਾਸ਼ਟਰ ਦੇ ਨਾਂਦੇੜ ਵਿਖੇ ਸਥਿਤ ਗੁਰਦੁਆਰਾ ਮਾਤਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ‘ਤੇ ਬੀਤੇ ਦਿਨ ਇੱਕ ਨਿਹੰਗ ਸਿੰਘ ਜਸਪਾਲ ਸਿੰਘ ਵੱਲੋਂ ਕਾਤਲਾਨਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਹਾਲਾਂਕਿ, ਮੌਕੇ ‘ਤੇ ਮੌਜੂਦ ਸੁਰੱਖਿਆ ਮੁਲਾਜ਼ਮਾਂ ਨੇ ਹਮਲਾਵਰ ਨੂੰ ਤੁਰੰਤ ਦਬੋਚ ਲਿਆ। ਹਮਲੇ ਤੋਂ ਬਾਅਦ ਸੁਖਬੀਰ ਬਾਦਲ ਨੂੰ ਨਿੱਜੀ ਹਸਪਤਾਲ ਲੈ ਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੇ ਹੱਥ ਤੇ 8-9 ਟਾਂਕੇ ਲੱਗੇ ਹਨ। ਸ਼ੁੱਕਰਵਾਰ ਨੂੰ ਸੁਖਬੀਰ ਬਾਦਲ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ। ਜਿਸਤੋਂ ਬਾਅਦ ਉਹ ਮੀਡੀਆ ਨਾਲ ਰੂ-ਬ-ਰੂ ਹੋਏ।
.png)
ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਨਾ ਤਾਂ ਕਦੇ ਕਿਸੇ ਤੋਂ ਡਰੇ ਹਨ ਅਤੇ ਨਾ ਹੀ ਡਰਨਗੇ। ਉਨ੍ਹਾਂ ਕਿਹਾ ਅਕਾਲੀ ਦਲ ਧਰਮ ਦੀ ਰੱਖਿਆ ਅਤੇ ਪੰਜਾਬ ਦੀ ਸ਼ਾਂਤੀ ਲਈ ਹਰ ਕੁਰਬਾਨੀ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਤੇ ਹਮਲਾ ਹੋਇਆ ਸੀ ਅਤੇ ਹੁਣ ਫਿਰ ਇੱਕ ਵਾਰ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਹਮਲੇ ਧਾਰਮਿਕ ਅਸਥਾਨਾਂ ਤੇ ਹੋਏ ਹਨ।
ਸਿਰ ‘ਤੇ ਗੁਰੂ ਸਾਹਿਬ ਦਾ ਹੱਥ – ਸੁਖਬੀਰ ਬਾਦਲ
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਕੁਝ ਲੋਕ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਨਾਪਾਕ ਕੋਸ਼ਿਸ਼ ਕਰ ਰਹੇ ਹਨ, ਪਰ ਅਕਾਲੀ ਦਲ ਮੁਖੀ ਹੋਣ ਦੇ ਨਾਤੇ ਮੇਰੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਪੰਜਾਬ ਦੀ ਸ਼ਾਂਤੀ ਲਈ ਵਚਨਬੱਧ ਸਨ ਅਤੇ ਮੈਰੇ ਲਈ ਵੀ ਮੇਰਾ ਪੰਜਾਬ ਸਭਤੋਂ ਉੱਤੇ ਹੈ। ਅਸੀਂ ਕਦੇ ਵੀ ਪੰਜਾਬ ਦੀ ਸ਼ਾਂਤੀ ਭੰਗ ਨਹੀਂ ਹੋਣ ਦਿਆਂਗੇ। ਸਾਡੇ ਲਈ ਪੰਜਾਬ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਹਮੇਸ਼ਾ ਨੰਬਰ-1 ਤੇ ਰਹੇਗੀ। ਉਨ੍ਹਾਂ ਕਿਹਾ ਇਹ ਲੋਕ ਜਿਨ੍ਹਾਂ ਮਰਜੀ ਜੋਰ ਲਗਾ ਲੈਣ, ਪਰ ਉਨ੍ਹਾਂ ਉੱਤੇ ਗੁਰੂ ਗੋਬਿੰਦ ਸਿੰਘ ਜੀ ਦਾ ਮੇਹਰ ਭਰਿਆ ਹੱਥ ਹੈ। ਉਹ ਕਦੇ ਵੀ ਇਨ੍ਹਾਂ ਦੀਆਂ ਕੋਝੀਆਂ ਕੋਸ਼ਿਸ਼ਾਂ ਨੂੰ ਕਾਮਯਾਬ ਨਹੀਂ ਹੋਣ ਦੇਣਗੇ।
ਹਮਲਾਵਰ ਤੋਂ ਪੁੱਛਗਿੱਛ ਕਰ ਰਹੀ ਨਾਂਦੇੜ ਪੁਲਿਸ ਅਤੇ ATS
ਫਿਲਹਾਲ ਹਮਲਾਵਰ ਨਿਹੰਗ ਜਸਪਾਲ ਸਿੰਘ ਤੋਂ ਸਥਾਨਕ ਪੁਲਿਸ ਅਤੇ ਏਟੀਐਸ ਲਗਾਤਾਰ ਪੁੱਛਗਿੱਛ ਕਰ ਰਹੀਆਂ ਹਨ। ਹਾਲੇ ਤੱਕ ਮੁਲਜਮ ਦਾ ਕੋਈ ਪੁਰਾਣਾ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਹੈ। ਪੁਲਿਸ ਹੁਣ ਹਮਲੇ ਦੇ ਅਸਲ ਕਾਰਨਾਂ ਅਤੇ ਪਿੱਛੇ ਦੀ ਸਾਜ਼ਿਸ਼ ਦਾ ਪਤਾ ਲਗਾਉਣ ਲਈ ਉਸ ਦੇ ਸੰਪਰਕਾਂ ਦੀ ਜਾਂਚ ਕਰ ਰਹੀ ਹੈ। ਦੋਵੇਂ ਟੀਮਾਂ ਇਸ ਗੱਲ ਦੀ ਡੂੰਘਾਈ ਨਾਲ ਪੜਤਾਲ ਕਰ ਰਹੀਆਂ ਹਨ ਕਿ ਕਿਤੇ ਮੁਲਜ਼ਮ ਦੇ ਸੰਬੰਧ ਕਿਸੇ ਹੋਰ ਸ਼ੱਕੀ ਗਰੁੱਪ ਜਾਂ ਜਥੇਬੰਦੀ ਨਾਲ ਤਾਂ ਨਹੀਂ ਜੁੜ ਹੋਏ ਹਨ।

