ਪੰਜਾਬ ਚ ਬਦਲਿਆ ਮੌਸਮ , ਕਾਲੀ ਹਨੇਰੀ ਨਾਲ ਪੈ ਰਿਹਾ ਤੇਜ਼ ਮੀਂਹ
ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇਸ ਸਮੇਂ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਪੈ ਰਿਹਾ ਹੈ। ਚੰਡੀਗੜ੍ਹ ਵਿਚ ਵੀ ਅਜਿਹੇ ਵੀ ਹਾਲਾਤ ਹਨ। ਪੰਜਾਬ ਦੇ ਨੰਗਲ ਵਿਚ ਇਸ ਸਮੇਂ ਭਾਰੀ ਗੜ੍ਹੇਮਾਰੀ ਹੋ ਰਹੀ ਹੈ। ਇਸ ਤੋਂ ਇਲਾਵਾ ਮੋਹਾਲੀ, ਜ਼ੀਰਕਪੁਰ, ਰਾਜਪੁਰਾ, ਪਟਿਆਲਾ ਸਣੇ ਕਈ ਇਲਾਕਿਆਂ ਵਿਚ ਭਾਰੀ ਬਾਰਸ਼ ਹੋ ਰਹੀ ਹੈ। ਤੇਜ਼ ਤੂਫਾਨ ਕਾਰਨ ਲੋਕਾਂ ਨੂੰ ਘਰਾਂ ਵਿਚ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਮੌਸਮ ਵਿਭਾਗ ਨੇ ਇਸ ਸਬੰਧੀ ਅਲਰਟ ਜਾਰੀ ਕਰ ਦਿੱਤਾ ਹੈ। ਅੱਜ 21 ਮਈ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ - ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ ਅਤੇ ਮੋਹਾਲੀ ਵਿੱਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਰਾਜ ਦੇ 16 ਜ਼ਿਲ੍ਹਿਆਂ ਵਿਚ ਧੂੜ ਭਰੀ ਹਨੇਰੀ, ਬਿਜਲੀ ਡਿੱਗਣ ਅਤੇ ਤੇਜ਼ ਹਵਾਵਾਂ ਦੇ ਨਾਲ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਲਈ ਇਹ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ਵਿੱਚ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ (Punjab Weather Alert) ਚੱਲ ਸਕਦੀਆਂ ਹਨ, ਜਿਸ ਨਾਲ ਜਨ ਜੀਵਨ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਦੇਸ਼ ਦੇ ਪੰਜ ਰਾਜਾਂ ਵਿੱਚ ਮੌਸਮ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਅਰਬ ਸਾਗਰ ਵਿੱਚ ਬਣ ਰਹੇ ਇੱਕ ਨਵੇਂ ਸਿਸਟਮ ਨੇ ਖਤਰੇ ਦੀ ਘੰਟੀ ਵਜਾ ਦਿੱਤੀ ਹੈ। ਮੌਸਮ ਵਿਭਾਗ (IMD) ਨੇ ਕਿਹਾ ਹੈ ਕਿ 5 ਰਾਜਾਂ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਚੰਗੀ ਖ਼ਬਰ ਇਹ ਹੈ ਕਿ ਲੰਬੇ ਇੰਤਜ਼ਾਰ ਤੋਂ ਬਾਅਦ ਮਾਨਸੂਨ ਦੀ ਸ਼ੁਰੂਆਤ ਦੇ ਸੰਕੇਤ ਮਿਲ ਰਹੇ ਹਨ। ਮੌਸਮ ਵਿਭਾਗ ਨੇ ਕਿਹਾ ਹੈ ਕਿ ਅਗਲੇ 3-4 ਦਿਨਾਂ ਵਿੱਚ ਮਾਨਸੂਨ ਕੇਰਲ ਪਹੁੰਚ ਸਕਦਾ ਹੈ। ਇਸ ਦਾ ਮਤਲਬ ਹੈ ਕਿ ਦੇਸ਼ ਵਿੱਚ ਹੁਣ ਹੌਲੀ-ਹੌਲੀ ਮਾਨਸੂਨ ਦਾ ਸਫਰ ਸ਼ੁਰੂ ਹੋਣ ਜਾ ਰਿਹਾ ਹੈ।
Read Also : ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਤਨਖਾਹੀਆ ਕਰਾਰ
ਮੌਸਮ ਵਿਭਾਗ ਦੇ ਅਨੁਸਾਰ ਉੱਤਰੀ ਕਰਨਾਟਕ-ਗੋਆ ਤੱਟ ਦੇ ਨੇੜੇ ਅਰਬ ਸਾਗਰ ਦੇ ਪੂਰਬੀ-ਮੱਧ ਹਿੱਸੇ ਵਿੱਚ ਇੱਕ ਘੱਟ ਦਬਾਅ ਵਾਲਾ ਖੇਤਰ ਬਣਨ ਦੀ ਸੰਭਾਵਨਾ ਹੈ। ਇਹ ਪ੍ਰਣਾਲੀ 21 ਮਈ ਦੀ ਸ਼ਾਮ ਤੱਕ ਬਣ ਸਕਦੀ ਹੈ ਅਤੇ 22 ਮਈ ਤੱਕ ਇਹ ਮਜ਼ਬੂਤ ਹੋ ਸਕਦੀ ਹੈ ਅਤੇ ਦਬਾਅ ਵਾਲੇ ਖੇਤਰ ਵਿੱਚ ਬਦਲ ਸਕਦੀ ਹੈ। ਇਸ ਦੇ ਪ੍ਰਭਾਵ ਕਾਰਨ ਪੱਛਮੀ ਤੱਟ ‘ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਦਾ ਵੱਡਾ ਪ੍ਰਭਾਵ ਖਾਸ ਕਰਕੇ ਕੋਂਕਣ ਅਤੇ ਗੋਆ, ਕਰਨਾਟਕ ਅਤੇ ਗੁਜਰਾਤ ਵਿੱਚ ਦੇਖਿਆ ਜਾਵੇਗਾ। 21 ਮਈ ਨੂੰ ਕੋਂਕਣ, ਗੋਆ ਅਤੇ ਤੱਟਵਰਤੀ ਕਰਨਾਟਕ ਦੇ ਕੁਝ ਸਥਾਨਾਂ ਉਤੇ 20 ਸੈਂਟੀਮੀਟਰ ਤੋਂ ਵੱਧ ਮੀਂਹ ਪੈ ਸਕਦਾ ਹੈ। ਅਗਲੇ 6 ਤੋਂ 7 ਦਿਨਾਂ ਤੱਕ ਕੇਰਲ ਵਿੱਚ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।