10000 ਰੁਪਏ ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

10000 ਰੁਪਏ  ਰਿਸ਼ਵਤ ਲੈਂਦਾ ਹੌਲਦਾਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

 ਚੰਡੀਗੜ੍ਹ 21 ਜਨਵਰੀ:

ਪੰਜਾਬ ਵਿਜੀਲੈਂਸ ਬਿਊਰੋ  ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਆਪਣੀ ਮੁਹਿੰਮ ਦੌਰਾਨ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਲੱਖੋਕੇ ਬਹਿਰਾਮ ਵਿਖੇ ਤਾਇਨਾਤ ਹੌਲਦਾਰ (ਹੈੱਡ ਕਾਂਸਟੇਬਲ) ਹਰਪਾਲ ਸਿੰਘ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ  ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਸਰੂਪ ਸਿੰਘ ਵਾਲਾ ਤਹਿਸੀਲ ਗੁਰੂਹਰਸਹਾਏ ਜ਼ਿਲ੍ਹਾ ਫਿਰੋਜ਼ਪੁਰ ਵਸਨੀਕ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਭਰਾ ਵਿਰੁੱਧ ਐਨਡੀਪੀਐਸ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਮੁਲਜ਼ਮ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ ਉਸ ਮਾਮਲੇ ਵਿੱਚ ਸ਼ਿਕਾਇਤਕਰਤਾ ਦੀ ਮਦਦ ਕਰਨ ਅਤੇ ਉਸਦੇ ਭਰਾ ਨੂੰ ਕਿਸੇ ਹੋਰ ਮਾਮਲੇ ਵਿੱਚ ਨਾਮਜ਼ਦ ਨਾ ਕਰਨ ਦੇ ਬਦਲੇ ਇੱਕ ਲੱਖ ਰੁਪਏ ਦੀ ਰਿਸ਼ਵਤ ਮੰਗੀ। ਇਸ ਸਬੰਧ ਵਿੱਚ ਦੋਸ਼ੀ ਹੌਲਦਾਰ ਨੇ ਸ਼ਿਕਾਇਤਕਰਤਾ ਤੋਂ 20000  ਰੁਪਏ  ਰਿਸ਼ਵਤ ਦੀ ਰਕਮ ਪ੍ਰਾਪਤ ਕੀਤੀ ਅਤੇ ਬਾਕੀ ਰਹਿੰਦੀ ਰਕਮ ਦੀ ਮੰਗ ਕਰਦਾ ਰਿਹਾ। ਸ਼ਿਕਾਇਤਕਰਤਾ ਨੇ ਰਿਸ਼ਵਤ ਦੀ ਮੰਗ ਕਰਦੇ ਹੋਏ ਮੁਲਜ਼ਮ ਹੌਲਦਾਰ ਦੀ ਗੱਲਬਾਤ  ਰਿਕਾਰਡ ਕਰ ਲਈ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਸਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕਰ ਲਿਆ ।

ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਦੇ ਥਾਣਾ ਫਿਰੋਜ਼ਪੁਰ ਵਿਖੇ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।