ਮੋਹਾਲੀ ਜੰਗਲਾਤ ਮੰਡਲ ਦੀ ਪਹਿਲਕਦਮੀ ਸਦਕਾ ਸਿਸਵਾਂ–ਮਿਰਜ਼ਾਪੁਰ ਜੰਗਲ ਖੇਤਰ ਬਣਿਆ ਈਕੋ-ਟੂਰਿਜ਼ਮ ਦਾ ਧੁਰਾ
ਚੰਡੀਗੜ੍ਹ, ਜਨਵਰੀ 15:
ਮੋਹਾਲੀ ਜੰਗਲਾਤ ਡਿਵੀਜ਼ਨ (ਮੰਡਲ) ਵੱਲੋਂ ਸਿਸਵਾਂ–ਮਿਰਜ਼ਾਪੁਰ ਜੰਗਲ ਖੇਤਰ ਵਿੱਚ ਵਾਤਾਵਰਣ ਸੁਰੱਖਿਆ ਅਤੇ ਈਕੋ-ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਨੂੰ ਲੋਕਾਂ ਵੱਲੋਂ ਬਹੁਤ ਹੀ ਉਤਸ਼ਾਹਪੂਰਵਕ ਸਹਿਯੋਗ ਮਿਲ ਰਿਹਾ ਹੈ।
ਸਿਸਵਾਂ ਤੋਂ ਮਿਰਜ਼ਾਪੁਰ ਨੇਚਰ ਟ੍ਰੈਕ, ਜੋ ਲਗਭਗ 5 ਕਿਲੋਮੀਟਰ ਲੰਮਾ ਹੈ ਅਤੇ ਇਸਨੂੰ ਪੂਰਾ ਕਰਨ ਵਿੱਚ ਤਕਰੀਬਨ 1.5 ਘੰਟੇ ਲੱਗਦੇ ਹਨ, ਕੁਦਰਤੀ ਸੁੰਦਰਤਾ, ਹਰੇ-ਭਰੇ ਜੰਗਲਾਤੀ ਦ੍ਰਿਸ਼ਾਂ, ਸੁੰਦਰ ਦ੍ਰਿਸ਼ਟਿਕੋਣਾਂ ਅਤੇ ਵਾਚ ਟਾਵਰਾਂ ਕਰਕੇ ਲੋਕਾਂ ਵਿੱਚ ਬਹੁਤ ਮਕਬੂਲ ਬਣ ਚੁੱਕਾ ਹੈ।
ਸਿਸਵਾਂ ਡੈਮ ਵਿਖੇ ਬੋਟਿੰਗ ਦੀ ਸਹੂਲਤ, ਸੁਚੱਜੀਆਂ ਕੈਂਟੀਨ ਸੇਵਾਵਾਂ ਅਤੇ ਤਿੰਨ ਈਕੋ-ਹੱਟਾਂ ਸੈਲਾਨੀਆਂ ਨੂੰ ਸ਼ਾਨਦਾਰ ਅਨੁਭਵ ਪ੍ਰਦਾਨ ਕਰ ਰਹੀਆਂ ਹਨ। ਇਹ ਸਾਰੀਆਂ ਸਹੂਲਤਾਂ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਹੋ ਰਹੀਆਂ ਹਨ।
ਇਸ ਤੋਂ ਇਲਾਵਾ, ਡਿਵੀਜ਼ਨ ਵੱਲੋਂ ਹੋਰ ਨੇਚਰ ਟ੍ਰੇਲ ਅਤੇ ਟ੍ਰੈਕਿੰਗ ਰੂਟ ਤਿਆਰ ਕੀਤੇ ਜਾ ਰਹੇ ਹਨ, ਜੋ ਛੇਤੀ ਹੀ ਲੋਕਾਂ ਲਈ ਖੋਲ੍ਹੇ ਜਾਣਗੇ।
25 ਦਸੰਬਰ ਨੂੰ ਸਿਸਵਾਂ ਡੈਮ ਵਿਖੇ ਇੱਕ ਸਫ਼ਲ ਨੇਚਰ ਅਵੇਅਰਨੈੱਸ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪਹਿਲਾਂ ਸਾਈਕਲਿੰਗ ਇਵੈਂਟ ਅਤੇ ਫਿਰ ਟ੍ਰੈਕਿੰਗ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਖ਼ਾਸ ਤੌਰ ’ਤੇ ਚੰਡੀਗੜ੍ਹ ਦੇ ਨਿਵਾਸੀਆਂ ਵੱਲੋਂ ਵੱਡੀ ਗਿਣਤੀ ਵਿੱਚ ਭਾਗ ਲਿਆ ਗਿਆ। ਇਸਦੇ ਨਾਲ-ਨਾਲ ਸਕੂਲ ਦੇ ਬੱਚਿਆਂ ਦੀ ਨਿਯਮਿਤ ਸਿੱਖਿਆਤਮਕ ਯਾਤਰਾ ਵੀ ਸਿਸਵਾਂ ਨੇਚਰ ਅਵੇਅਰਨੈੱਸ ਕੈਂਪ ਵਿੱਚ ਕਰਵਾਈ ਜਾ ਰਹੀ ਹੈ, ਤਾਂ ਜੋ ਨਵੀਂ ਪੀੜ੍ਹੀ ਵਿੱਚ ਵਾਤਾਵਰਣ ਸੰਭਾਲ ਦੀ ਭਾਵਨਾ ਵਿਕਸਿਤ ਕੀਤੀ ਜਾ ਸਕੇ।
ਮੋਹਾਲੀ ਜੰਗਲਾਤ ਡਿਵੀਜ਼ਨ ਵੱਲੋਂ ਕੁਦਰਤ ਦੀ ਸੁਰੱਖਿਆ, ਜ਼ਿੰਮੇਵਾਰ ਈਕੋ-ਟੂਰਿਜ਼ਮ, ਵਾਤਾਵਰਣ ਸਿੱਖਿਆ ਅਤੇ ਸਮੁਦਾਇਕ ਭਾਗੀਦਾਰੀ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਜੰਗਲਾਤ ਉੱਤੇ ਨਿਰਭਰ ਪਿੰਡਾਂ ਦੇ ਲੋਕਾਂ ਨੂੰ ਹੁਨਰਮੰਦ ਬਣਾਉਣ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਸਮੁਦਾਇਕ ਵਿਕਾਸ ਦੇ ਤਹਿਤ ਸਿਸਵਾਂ, ਗੋਚਰ ਅਤੇ ਨਾਢਾ ਪਿੰਡਾਂ ਦੇ ਸਵੈ-ਸਹਾਇਤਾ ਸਮੂਹਾਂ ਨੂੰ ਅਚਾਰ ਬਣਾਉਣਾ, ਬਿਊਟੀ ਪਾਰਲਰ, ਕੱਪੜੇ ਦੇ ਬੈਗ ਬਣਾਉਣਾ, ਟੇਲਰਿੰਗ ਆਦਿ ਵਰਗੀਆਂ ਹੁਨਰਮੰਦ ਸਿਖਲਾਈਆਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਪਿੰਡਾਂ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਸਕਣ। ਸਿਸਵਾਂ ਪਿੰਡ ਦੀ ਜੰਗਲਾਤ ਕਮੇਟੀ ਵੱਲੋਂ ਸਮੁਦਾਇਕ ਸੇਵਾ ਦੀ ਪਹਿਲ ਕਰਦੇ ਹੋਏ ਹਾਲ ਹੀ ਵਿੱਚ ਭਾਂਡੇ ਵੀ ਵੰਡੇ ਗਏ ਹਨ।


